Farmes Protest: ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨ ਅੱਜ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੇੜੇ ਧਰਨੇ ਵਿੱਚ ਹੀ ਦੀਵਾਲੀ ਮਨਾ ਰਹੇ ਹਨ। ਕਿਸਾਨਾਂ ਵੱਲੋਂ ਲਾਏ ਪੱਕੇ ਮੋਰਚੇ ਦੇ 16ਵੇਂ ਦਿਨ ਡਟੇ ਹਜ਼ਾਰਾਂ ਕਿਸਾਨਾਂ ਵੱਲੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਸੱਦੇ ’ਤੇ ਫੁੱਲ ਚੜ੍ਹਾਉਂਦਿਆਂ ਮੋਰਚੇ ’ਤੇ ਹੀ ਡਟੇ ਰਹਿਣ ਤੇ ਮੁੱਖ ਮੰਤਰੀ ਦੀ ਕੋਠੀ ਅੱਗੇ ‘ਸੰਘਰਸ਼ੀ ਦੀਵਾਲੀ’ ਮਨਾਉਣ ਦਾ ਐਲਾਨ ਕੀਤਾ ਗਿਆ ਹੈ।


ਉਧਰ ਕਾਂਗਰਸ ਦੇ ਸੀਨੀਅਰ ਲੀਡਰ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਹੈ ਕਿ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਸਾਰਿਆਂ ਨੂੰ ਸ਼ੁਭਕਾਮਨਾਵਾਂ, ਵਾਹਿਗੁਰੂ ਸਭ ਨੂੰ ਖੁਸ਼ਹਾਲੀ ਦੇਵੇ। ਮੇਰਾ ਦਿਲ ਇਸ ਖੁਸ਼ੀ ਦੇ ਮੌਕੇ ਧਰਨੇ 'ਤੇ ਬੈਠੀਆਂ ਬੀਕੇਯੂ ਉਗਰਾਹਾਂ ਦੀਆਂ ਬੀਬੀਆਂ ਨਾਲ ਹੈ ਜਦੋਂਕਿ ਅਸੀਂ ਆਪਣੇ ਘਰਾਂ ਵਿੱਚ ਦੀਵਾਲੀ ਮਨਾ ਰਹੇ ਹਾਂ। ਪਰਮਾਤਮਾ ਸਾਡੇ ਹਾਕਮਾਂ ਨੂੰ ਮਨੁੱਖਤਾ ਦਾ ਬਲ ਬਖਸ਼ੇ।






 


ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਉਨ੍ਹਾਂ ਦੀ ਦੀਵਾਲੀ ਸੰਘਰਸ਼ਾਂ ਦੇ ਮੈਦਾਨਾਂ ’ਚ ਹੀ ਲੰਘਦੀ ਹੈ। ਇਹ ਚੌਥੀ ਦੀਵਾਲੀ ਹੈ ਜੋ ਕਿਸਾਨ ਸੜਕਾਂ ’ਤੇ ਹੀ ਮਨਾਉਣਗੇ। ਉਨ੍ਹਾਂ ਕਿਹਾ ਕਿ ਅੱਜ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਘਰਸ਼ ਜਾਰੀ ਰੱਖਦਿਆਂ ਰਾਤ ਨੂੰ ਨਾਟਕਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨਾਲ ਹੋਈ ਦੋ ਗੇੜ ਦੀ ਮੀਟਿੰਗ ਵਿੱਚ ਜੋ ਮੰਗਾਂ ਰੱਖੀਆਂ ਗਈਆਂ ਸਨ ਉਨ੍ਹਾਂ ਦੇ ਜਵਾਬ ਵਿੱਚ ਸਰਕਾਰ ਵੱਲੋਂ ਅਸਿੱਧੇ ਤੌਰ ’ਤੇ ਇਨਕਾਰ ਕਰ ਦਿੱਤਾ ਗਿਆ ਹੈ। 



ਸੰਘਰਸ਼ੀ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਬਾਰੇ ਗੱਲ ਕਰਦਿਆਂ ਉਗਰਾਹਾਂ ਨੇ ਕਿਹਾ ਕਿ ਜਿਹੜੀ ਸਰਕਾਰ ਆਪਣਿਆਂ ਨੂੰ ਕਰੋੜਾਂ ਰੁਪਏ ਦੇ ਸਕਦੀ ਹੈ, ਉਹ ਸ਼ਹੀਦ ਕਿਸਾਨਾਂ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਤੋਂ ਭੱਜ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਸੰਘਰਸ਼ ਦੀ ਗੱਲ ਹਾਲੇ ਮੁੱਕੀ ਨਹੀਂ। ਉਨ੍ਹਾਂ ਕਿਹਾ ਕਿ ਦੀਵਾਲੀ ਮਗਰੋਂ ਸੂਬਾ ਕਮੇਟੀ ਦੀ ਮੀਟਿੰਗ ਕਰ ਕੇ ਸੰਘਰਸ਼ ਬਾਰੇ ਅਗਲਾ ਫ਼ੈਸਲਾ ਲਿਆ ਜਾਵੇਗੀ।