Punjab News: ਪੰਜਾਬ ਦੀਆਂ 4 ਸੀਟਾਂ 'ਤੇ ਉਪ ਚੋਣਾਂ(By Poll) ਲਈ 20 ਨਵੰਬਰ ਨੂੰ ਵੋਟਾਂ ਪੈਣਗੀਆਂ। ਇੱਥੋਂ ਦੀ ਬਰਨਾਲਾ ਸੀਟ ਪਿਛਲੇ 10 ਸਾਲਾਂ ਤੋਂ ਆਮ ਆਦਮੀ ਪਾਰਟੀ (AAP) ਦੇ ਕਬਜ਼ੇ ਵਿੱਚ ਹੈ। ਮੀਤ ਹੇਅਰ ਦੋਵੇਂ ਵਾਰ ਇੱਥੋਂ ਜਿੱਤੇ ਸਨ ਤੇ ਹੁਣ MP ਬਣਨ ਤੋਂ ਬਾਅਦ ਅਸਤੀਫਾ ਦਿੱਤਾ ਸੀ।
ਆਪ ਨੇ ਸੀਟ ਮੁੜ ਹਾਸਲ ਕਰਨ ਲਈ ਮੀਤ ਹੇਅਰ ਦੇ ਕਰੀਬੀ ਦੋਸਤ ਹਰਿੰਦਰ ਧਾਲੀਵਾਲ ਨੂੰ ਟਿਕਟ ਦਿੱਤੀ ਹੈ ਪਰ ਇਸ ਨਾਲ ਪਾਰਟੀ ਵਿੱਚ ਬਗਾਵਤ ਹੋ ਗਈ ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਹੇ ਗੁਰਦੀਪ ਬਾਠ ਬਗਾਵਤ ਕਰਕੇ ਚੋਣ ਲੜ ਰਹੇ ਹਨ ਜਿਸ ਕਾਰਨ ‘ਆਪ’ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਭਾਜਪਾ ਵੀ ਦੇ ਰਹੀ ਤਕੜੀ ਟੱਕਰ
ਭਾਜਪਾ ਨੇ ਦੋ ਵਾਰ ਵਿਧਾਇਕ ਰਹੇ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਹੈ। ਢਿੱਲੋਂ ਪਹਿਲਾਂ ਕਾਂਗਰਸ ਵਿੱਚ ਸਨ। ਉਹ ਦੋ ਵਾਰ ਕਾਂਗਰਸ ਦੀ ਟਿਕਟ 'ਤੇ ਜਿੱਤ ਕੇ ਵਿਧਾਇਕ ਬਣ ਚੁੱਕੇ ਹਨ। ਉਹ 2007 ਅਤੇ 2012 ਵਿੱਚ ਬਰਨਾਲਾ ਤੋਂ ਵਿਧਾਇਕ ਰਹਿ ਚੁੱਕੇ ਹਨ। ਇਸ ਖੇਤਰ ਵਿਚ ਵੀ ਉਨ੍ਹਾਂ ਦੀ ਮਜ਼ਬੂਤ ਪਕੜ ਹੈ। ਇਸ ਤੋਂ ਇਲਾਵਾ ਇੱਥੇ ਪੇਂਡੂ ਵੋਟਰਾਂ ਨਾਲੋਂ ਸ਼ਹਿਰੀ ਵੋਟਰ ਜ਼ਿਆਦਾ ਹਨ, ਜਿਸ ਨੂੰ ਭਾਜਪਾ ਦਾ ਕੋਰ ਵੋਟ ਬੈਂਕ ਮੰਨਿਆ ਜਾਂਦਾ ਹੈ। ਅਜਿਹੇ 'ਚ ਭਾਜਪਾ ਇਸ ਸੀਟ 'ਤੇ 'ਆਪ' ਲਈ ਚੁਣੌਤੀ ਬਣਦੀ ਨਜ਼ਰ ਆ ਰਹੀ ਹੈ।
ਕਾਂਗਰਸ ਵੀ ਜਿੱਤ ਲਈ ਆਸਵੰਦ
ਕਾਂਗਰਸ ਨੇ ਇੱਥੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਟਿਕਟ ਦਿੱਤੀ ਹੈ। ਢਿੱਲੋਂ ਨੂੰ ਕਾਂਗਰਸ ਵੱਲੋਂ ਨਵੇਂ ਚਿਹਰੇ ਵਜੋਂ ਅਜ਼ਮਾਇਆ ਗਿਆ ਹੈ ਪਰ ਉਹ ਇਲਾਕੇ ਲਈ ਨਵੇਂ ਨਹੀਂ ਹਨ। ਉਹ ਕਾਂਗਰਸ ਦੇ ਬਰਨਾਲਾ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ।
ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਪੋਤਰੇ ਗੋਬਿੰਦ ਸਿੰਘ ਸੰਧੂ ਨੂੰ ਟਿਕਟ ਦਿੱਤੀ ਹੈ।
ਅਕਾਲੀ ਦਲ ਨਹੀਂ ਲੜ ਰਿਹਾ ਚੋਣਾਂ
1992 ਤੋਂ ਬਾਅਦ ਪਹਿਲੀ ਵਾਰ ਅਕਾਲੀ ਦਲ ਪੰਜਾਬ ਵਿੱਚ ਉਪ ਚੋਣਾਂ ਨਹੀਂ ਲੜ ਰਿਹਾ ਹੈ। ਇਸ ਕਾਰਨ ਸਾਰਿਆਂ ਦੀਆਂ ਨਜ਼ਰਾਂ ਉਸ ਦੇ ਵੋਟ ਬੈਂਕ 'ਤੇ ਟਿਕੀਆਂ ਹੋਈਆਂ ਹਨ। ਸਿਆਸੀ ਮਾਹਿਰਾਂ ਅਨੁਸਾਰ ਇੱਥੇ ਅਕਾਲੀ ਦਲ ਦਾ ਵੋਟ ਬੈਂਕ ਜਿੱਤ ਜਾਂ ਹਾਰ ਦਾ ਫੈਸਲਾ ਕਰ ਸਕਦਾ ਹੈ।
ਆਪ ਦੀ ਕਿਹੋ ਜਿਹੀ ਸਥਿਤੀ
ਬਰਨਾਲਾ ਜ਼ਿਲ੍ਹੇ ਨੂੰ 'ਆਪ' ਦਾ ਗੜ੍ਹ ਮੰਨਿਆ ਜਾਂਦਾ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਜਦੋਂ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਸੰਸਦ ਮੈਂਬਰ ਬਣੇ ਤਾਂ ਪਾਰਟੀ ਨੇ ਬਰਨਾਲਾ ਜ਼ਿਲ੍ਹੇ ਦੀਆਂ ਤਿੰਨੋਂ ਸੀਟਾਂ ਜਿੱਤੀਆਂ ਸਨ। ਗੁਰਮੀਤ ਸਿੰਘ ਮੀਤ ਹੇਅਰ ਨੇ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਸੀ। 2022 ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਬਰਨਾਲਾ ਤੋਂ 64,800 ਹਜ਼ਾਰ ਵੋਟਾਂ ਮਿਲੀਆਂ ਸਨ। ਹਾਲਾਂਕਿ ਇਸ ਵਾਰ ਉਨ੍ਹਾਂ ਨੂੰ ਆਪਣੀ ਹੀ ਪਾਰਟੀ ਦੇ ਮੁਖੀ ਗੁਰਦੀਪ ਬਾਠ ਤੋਂ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਕਾਲੀ ਦਲ ਦਾ ਵੋਟ ਬੈਂਕ ਕਰੇਗਾ ਤੰਗ !
'ਆਪ' ਤੋਂ ਬਾਅਦ ਅਕਾਲੀ ਦਲ ਦਾ ਬਰਨਾਲਾ 'ਚ ਚੰਗਾ ਆਧਾਰ ਮੰਨਿਆ ਜਾ ਰਿਹਾ ਹੈ। 2022 'ਚ 'ਆਪ' ਦੇ ਮੀਤ ਹੇਅਰ ਨੇ ਰਿਕਾਰਡ ਤੋੜ ਜਿੱਤ ਹਾਸਿਲ ਕੀਤੀ ਤਾਂ ਅਕਾਲੀ ਦਲ ਦੇ ਉਮੀਦਵਾਰ ਕੁਲਵੰਤ ਸਿੰਘ ਦੂਜੇ ਸਥਾਨ 'ਤੇ ਸਨ। ਉਨ੍ਹਾਂ ਨੂੰ 27,178 ਵੋਟਾਂ ਮਿਲੀਆਂ। ਅਜਿਹੇ ਵਿੱਚ ਅਕਾਲੀ ਦਲ ਦਾ ਇਹ ਵੋਟ ਬੈਂਕ ਸਾਰੀਆਂ ਪਾਰਟੀਆਂ ਲਈ ਤਣਾਅ ਬਣਿਆ ਹੋਇਆ ਹੈ।
ਅਜੇ ਤੱਕ ਭਾਜਪਾ ਨਹੀਂ ਜਿੱਤ ਸਕੀ ਬਰਨਾਲਾ
ਇਸ ਸੀਟ 'ਤੇ ਭਾਜਪਾ ਕਦੇ ਵੀ ਚੋਣ ਨਹੀਂ ਜਿੱਤ ਸਕੀ। 2022 ਵਿੱਚ ਪਹਿਲੀ ਵਾਰ ਭਾਜਪਾ ਨੇ ਸ਼੍ਰੋਮਣੀ ਅਕਾਲੀ ਤੋਂ ਵੱਖ ਹੋ ਕੇ ਧੀਰਜ ਕੁਮਾਰ ਨੂੰ ਮੈਦਾਨ ਵਿੱਚ ਉਤਾਰਿਆ ਸੀ। ਉਹ ਸਿਰਫ਼ 9,122 ਵੋਟਾਂ ਹੀ ਹਾਸਲ ਕਰ ਸਕੇ। ਪਿੰਡਾਂ ਨਾਲੋਂ ਸ਼ਹਿਰੀ ਖੇਤਰਾਂ ਵਿੱਚ ਵੋਟਰ ਜ਼ਿਆਦਾ ਹਨ। ਇੱਕ ਦਿਲਚਸਪ ਗੱਲ ਇਹ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਰਨਾਲਾ ਵਿੱਚ ਭਾਜਪਾ ਦੀ ਵੋਟ ਪ੍ਰਤੀਸ਼ਤਤਾ ਵਧੀ ਸੀ। ਅਜਿਹੇ 'ਚ ਇੱਥੇ ਭਾਜਪਾ ਦਾ ਪ੍ਰਦਰਸ਼ਨ ਹੈਰਾਨ ਕਰ ਸਕਦਾ ਹੈ।
ਪਿੰਡਾਂ 'ਚ ਆਪ ਤੇ ਭਾਜਪਾ ਦੀ ਹਾਲਤ ਖ਼ਰਾਬ
ਪਿੰਡਾਂ ਵਿੱਚ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਉਲਟ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਆਜ਼ਾਦ ਗੁਰਦੀਪ ਬਾਠ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਅਜਿਹੀ ਸਥਿਤੀ ਵਿੱਚ ਪੇਂਡੂ ਵੋਟਾਂ ਤਿੰਨ ਥਾਵਾਂ ’ਤੇ ਵੰਡੀਆਂ ਜਾ ਸਕਦੀਆਂ ਹਨ। ਹਾਲਾਂਕਿ ਇੱਥੇ ਅਕਾਲੀ ਦਲ ਦਾ ਵੋਟ ਬੈਂਕ ਅਹਿਮ ਰਹੇਗਾ। ਇਸ ਤੋਂ ਇਲਾਵਾ ਇੱਥੇ ਡੇਰਾ ਸੱਚਾ ਸੌਦਾ ਦਾ ਵੀ ਪ੍ਰਭਾਵ ਹੈ। ਉਸ ਕੋਲ ਇੱਥੇ 5-6 ਹਜ਼ਾਰ ਦੇ ਕਰੀਬ ਵੋਟਾਂ ਹਨ, ਜੋ ਜਿੱਤ-ਹਾਰ ਦੀ ਖੇਡ ਵਿਗਾੜ ਸਕਦੀਆਂ ਹਨ।