ਮਾਛੀਵਾੜਾ : ਮਾਛੀਵਾੜਾ ਸਾਹਿਬ ਦੇ ਪਿੰਡ ਈਸਾਪੁਰ ਵਿੱਚ ਜੰਗਲਾਤ ਵਿਭਾਗ ਦੀ ਲੱਖਾਂ ਰੁਪਏ ਦੀ ਲੱਕੜ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਇਸ ਘਟਨਾ 'ਚ ਸੱਤਾਧਾਰੀ ਪਾਰਟੀ ਕਾਂਗਰਸ ਨਾਲ ਸਬੰਧਤ ਇਲਾਕੇ ਦੇ ਸਾਬਕਾ ਕੌਂਸਲਰ ਅਤੇ ਇੱਕ ਪਿੰਡ ਦੇ ਸਰਪੰਚ ’ਤੇ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਲੱਕੜ ਚੋਰੀ ਕਰਨ ਦਾ ਦੋਸ਼ ਹੈ।
ਇਹ ਲੱਕੜੀ ਖੈਰ ਕਿਸਮ ਦੇ ਦਰੱਖਤਾਂ ਦੀ ਸੀ ਜੋ ਕਿ 7 ਤੋਂ 8 ਹਜਾਰ ਰੁਪਏ ਪ੍ਰਤੀ ਕੁਇੰਟਲ ਵਿਕਦੀ ਹੈ। ਜੰਗਲਾਤ ਵਿਭਾਗ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦਾ ਜਾਇਜ਼ਾ ਲੈਣ ਪਹੁੰਚੇ ਜ਼ਿਲ੍ਹਾ ਜੰਗਲਾਤ ਵਿਭਾਗ ਅਧਿਕਾਰੀ ਹਰਭਜਨ ਸਿੰਘ ਨੇ ਕਿਹਾ ਕਿ ਦੋਸ਼ੀ ਬਖਸ਼ੇ ਨਹੀਂ ਜਾਣਗੇ।
ਈਸਾਪੁਰ ਪਿੰਡ ਦੇ ਨਾਲ ਲੱਗਦੇ ਦਰਿਆ ਦੇ ਬੰਨ੍ਹ ਨੇੜੇ ਝੁੱਗੀਆਂ ਵਿੱਚ ਰਹਿੰਦੇ ਲੋਕਾਂ ਨੇ ਦੱਸਿਆ ਕਿ ਇਲਾਕੇ ਦਾ ਸਾਬਕਾ ਕੌਂਸਲਰ ਅਤੇ ਸਰਪੰਚ ਉਨ੍ਹਾਂ ਕੋਲ ਆਏ ਸੀ। ਰਾਤ ਸਮੇਂ ਦਰੱਖਤ ਕੱਟਣ 'ਚ ਮਦਦ ਮੰਗਦਿਆਂ ਉਹਨਾਂ ਨੂੰ 900 ਰੁਪਏ ਦੇਣ ਦੀ ਗੱਲ ਆਖੀ ਗਈ ਸੀ। ਇਹ ਲੋਕ ਦਰੱਖਤ ਕੱਟ ਕੇ ਲੱਕੜਾਂ ਆਪਣੇ ਨਾਲ ਲੈ ਗਏ ਅਤੇ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ।
ਇਸ ਮੌਕੇ 'ਤੇ ਪੁੱਜੇ ਜੰਗਲਾਤ ਵਿਭਾਗ ਦੇ ਮੁਲਾਜ਼ਮ ਦਰਸ਼ਨ ਲਾਲ ਨੇ ਲੱਕੜ ਚੋਰਾਂ ਦੀ ਪਛਾਣ ਦੱਸਦਿਆਂ ਦੱਸਿਆ ਕਿ ਇਨ੍ਹਾਂ ਵਿੱਚ ਇੱਕ ਸਾਬਕਾ ਕੌਂਸਲਰ ਅਤੇ ਸਰਪੰਚ ਵੀ ਸ਼ਾਮਲ ਹਨ, ਜਿਨ੍ਹਾਂ ਦੇ ਨਾਂ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਹੋ ਚੁੱਕੀਆਂ ਹਨ। ਜਿਲ੍ਹਾ ਜੰਗਲਾਤ ਵਿਭਾਗ ਅਧਿਕਾਰੀ ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਈਸਾਪੁਰ ਪਿੰਡ ਵਿੱਚ ਖੈਰ ਕਿਸਮ ਦੇ ਕਈ ਦਰੱਖਤ ਚੋਰੀ ਹੋ ਗਏ ਹਨ।
ਜਿਸ ਕਾਰਨ ਉਹ ਜਾਇਜ਼ਾ ਲੈਣ ਆਏ ਸਨ ਕਿ ਇਹ ਦਰੱਖਤ ਕਿੱਥੋਂ ਚੋਰੀ ਹੋਏ ਹਨ ਅਤੇ ਜੰਗਲਾਤ ਵਿਭਾਗ ਦੀ ਬਾਕੀ ਜਾਇਦਾਦ ਕਿਵੇਂ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਤਿੰਨ ਵਿਅਕਤੀਆਂ ਨੇ ਖੈਰ ਕਿਸਮ ਦੇ ਪੰਜ ਦਰੱਖਤ ਚੋਰੀ ਕਰ ਲਏ ਹਨ। ਜਿਸ ਕਾਰਨ ਜੰਗਲਾਤ ਵਿਭਾਗ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਕਾਰਨ ਇਨ੍ਹਾਂ ਤਿੰਨਾਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਜੰਗਲਾਤ ਵਿਭਾਗ ਆਪਣੇ ਪੱਧਰ 'ਤੇ ਇਸ ਕਾਰਵਾਈ ਨੂੰ ਅੱਗੇ ਵਧਾ ਰਿਹਾ ਹੈ। ਹਰਜਾਨੇ ਦੀ ਭਰਪਾਈ ਕੀਤੀ ਜਾਵੇਗੀ ਅਤੇ ਲੋੜ ਪੈਣ 'ਤੇ ਵਿਭਾਗ ਇਨ੍ਹਾਂ ਤਿੰਨਾਂ ਦੋਸ਼ੀਆਂ ਵਿਰੁੱਧ ਅਦਾਲਤ ਦਾ ਸਹਾਰਾ ਵੀ ਲੈ ਸਕਦਾ ਹੈ।