Crime News: ਮੋਗਾ ਪੁਲਿਸ ਨੇ ਦੱਸਿਆ ਕਿ ਮੋਗਾ ਦੇ ਇੱਕ 19 ਸਾਲਾ ਨੌਜਵਾਨ ਨੇ ਕਥਿਤ ਤੌਰ 'ਤੇ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ਦੀ ਵਰਤੋਂ ਕਰਕੇ ਇੱਕ ਆਦਮੀ ਨੂੰ ਖਤਮ ਕਰਨ ਲਈ ਇੱਕ ਕੰਟਰੈਕਟ ਕਿਲਰ ਨੂੰ ਸੁਪਾਰੀ ਦਿੱਤੀ ਸੀ ਜਿਸ ਕੋਲ ਉਸਦੀ ਪ੍ਰੇਮਿਕਾ ਦੀਆਂ ਇਤਰਾਜ਼ਯੋਗ ਵੀਡੀਓ ਸਨ ਤੇ ਉਹ ਉਸਨੂੰ "ਬਲੈਕਮੇਲ" ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁੱਖ ਮੁਲਜ਼ਮ ਨੇ Contract killer ਨੂੰ 4 ਹਜ਼ਾਰ ਰੁਪਏ ਨਕਦ ਅਤੇ ਇੱਕ ਮੋਬਾਈਲ ਫ਼ੋਨ ਦਿੱਤਾ ਸੀ।


ਇਤਰਾਜ਼ਯੋਗ ਵੀਡੀਓਜ਼ ਦਿਖਾਕੇ ਕਰ ਰਿਹਾ ਸੀ ਬਲੈਕਮੇਲ


ਪੁਲਿਸ ਨੇ ਦੱਸਿਆ ਕਿ ਗੁਰਮੁੱਖ ਸਿੰਘ  (22) ਵਾਸੀ ਸਿੰਘਾਵਾਲਾ, ਮੋਗਾ ਦੀ ਲਾਸ਼ 16 ਸਤੰਬਰ ਦੀ ਰਾਤ ਨੂੰ ਬੁੱਕਣਵਾਲਾ ਨੇੜੇ ਇੱਕ ਨਾਲੇ ਵਿੱਚੋਂ ਮਿਲੀ ਸੀ। ਕੱਪੜੇ ਦੇ ਟੁਕੜੇ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗੁਰਮੁੱਖ ਸਿੰਘ ਕੋਲ 19 ਸਾਲਾ ਮੁਲਜ਼ਮ ਦੀਆਂ ਕੁਝ ਇਤਰਾਜ਼ਯੋਗ ਵੀਡੀਓਜ਼ ਸਨ। ਗੁਰਮੁੱਖ ਕਥਿਤ ਤੌਰ 'ਤੇ ਇਨ੍ਹਾਂ ਵੀਡੀਓਜ਼ ਦੇ ਆਧਾਰ 'ਤੇ ਨੌਜਵਾਨਾਂ ਨੂੰ ਬਲੈਕਮੇਲ ਕਰ ਰਿਹਾ ਸੀ ਤੇ ਉਨ੍ਹਾਂ ਨੂੰ ਜਨਤਕ ਕਰਨ ਦੀ ਧਮਕੀ ਦੇ ਰਿਹਾ ਸੀ।


ਕਿਵੇਂ ਘੜੀ ਕਤਲ ਕਰਨ ਦੀ ਸਕੀਮ ?


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੈਦੋ ਦੇ ਗੁਰਲਾਲ ਸਿੰਘ (22) ਨਾਲ ਇੰਸਟਾਗ੍ਰਾਮ ’ਤੇ ਸੰਪਰਕ ਕੀਤਾ ਅਤੇ ਉਸ ਨੂੰ ਗੁਰਮੁਖ ਨੂੰ ਖ਼ਤਮ ਕਰਨ ਲਈ ਕਿਹਾ। ਪੁਲਿਸ ਨੇ ਦੱਸਿਆ ਕਿ ਸੌਦਾ 15 ਹਜ਼ਾਰ ਰੁਪਏ ਵਿੱਚ ਤੈਅ ਹੋਇਆ ਸੀ। 15 ਸਤੰਬਰ ਨੂੰ ਗੁਰਲਾਲ ਅਤੇ ਉਸ ਦਾ ਦੋਸਤ ਓਮਕਾਰ ਸਿੰਘ (20) ਬੱਸ ਰਾਹੀਂ ਸਿੰਘਾਵਾਲਾ ਪੁੱਜੇ। ਇਸੇ ਦੌਰਾਨ 19 ਸਾਲਾ ਨੌਜਵਾਨ ਨੇ ਗੁਰਮੁੱਖ ਨੂੰ ਸ਼ਰਾਬ ਪੀਣ ਦੇ ਬਹਾਨੇ ਬੁੱਕਣਵਾਲਾ ਨੇੜੇ ਡਰੇਨ ਕੋਲ ਬੁਲਾ ਲਿਆ।ਸਾਰਿਆਂ ਨੇ ਇਕੱਠੇ ਸ਼ਰਾਬ ਪੀਤੀ। ਜਲਦੀ ਹੀ, ਓਮਕਾਰ ਨੇ ਗੁਰਮੁਖ ਦੀਆਂ ਅੱਖਾਂ ਵਿੱਚ ਮਿਰਚ ਪਾਊਡਰ ਸੁੱਟ ਦਿੱਤਾ ਤੇ ਕੱਪੜੇ ਦੇ ਟੁਕੜੇ ਨਾਲ ਉਸਦਾ ਗਲਾ ਘੁੱਟ ਦਿੱਤਾ। ਪੁਲਿਸ ਨੇ ਦੱਸਿਆ ਕਿ ਇਸ ਤੋਂ ਬਾਅਦ ਗੁਰਲਾਲ ਨੇ ਚਾਕੂ ਨਾਲ ਉਸ ਦਾ ਗਲਾ ਵੱਢ ਦਿੱਤਾ। ਫਿਰ ਲਾਸ਼ ਨੂੰ ਨਾਲੇ ਵਿੱਚ ਸੁੱਟ ਦਿੱਤਾ। 


ਗੁਰਲਾਲ ਅਤੇ ਓਮਕਾਰ ਮ੍ਰਿਤਕ ਦਾ ਮੋਟਰਸਾਈਕਲ ਲੈ ਕੇ ਤਰਨਤਾਰਨ ਲਈ ਰਵਾਨਾ ਹੋ ਗਏ। ਪੁਲਿਸ ਨੇ ਦੱਸਿਆ ਕਿ 19 ਸਾਲਾ ਨੌਜਵਾਨ ਨੇ ਕਤਲ ਨੂੰ ਅੰਜਾਮ ਦੇਣ ਲਈ ਉਨ੍ਹਾਂ ਨੂੰ 4,000 ਰੁਪਏ ਨਕਦ ਤੇ ਇੱਕ ਮੋਬਾਈਲ ਫ਼ੋਨ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।