ਜਲੰਧਰ: ਪੀਡਬਲਯੂਡੀ ਵੱਲੋਂ ਸਬ ਡਿਵੀਜ਼ਨਲ ਇੰਜਨੀਅਰ ਦਾ ਤਬਾਦਲਾ ਆਰਡਰ ਸਾਹਮਣੇ ਆਇਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਇਹ ਹੁਕਮ ਉਸ ਇੰਜਨੀਅਰ ਦੀ ਮੌਤ ਤੋਂ ਦੋ ਮਹੀਨੇ ਬਾਅਦ ਆਏ ਹਨ।
ਦਰਅਸਲ, ਚੰਡੀਗੜ੍ਹ ਤੋਂ 2 ਜੁਲਾਈ ਨੂੰ ਜਾਰੀ ਹੋਈ ਤਬਾਦਲਿਆਂ ਦੀ ਲਿਸਟ ਵਿੱਚ ਸਬ ਡਿਵੀਜ਼ਨਲ ਇੰਜਨੀਅਰ ਸੋਮਨਾਥ ਦਾ ਵੀ ਨਾਂ ਸ਼ਾਮਲ ਹੈ। ਉਨ੍ਹਾਂ ਨੂੰ ਪੀਡਬਲਯੂਡੀ ਹੁਸ਼ਿਆਰਪੁਰ ਤੋਂ ਬਦਲ ਕੇ ਦਸੂਹਾ ਵਿੱਚ ਤਾਇਨਾਤ ਕਰਨ ਦੇ ਹੁਕਮ ਦਿੱਤੇ ਗਏ ਹਨ ਪਰ ਬੀਤੀ 6 ਮਈ ਨੂੰ ਇੰਜਨੀਅਰ ਸੋਮਨਾਥ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਉਨ੍ਹਾਂ ਦੇ ਹੁਸ਼ਿਆਰਪੁਰ ਦਫ਼ਤਰ ਵੱਲੋਂ ਉਨ੍ਹਾਂ ਦੇ ਬਕਾਇਆ ਫੰਡਾਂ ਤੇ ਹੋਰ ਲਾਭ ਲਈ ਵੀ ਚੰਡੀਗੜ੍ਹ ਮੁੱਖ ਦਫ਼ਤਰ ਨੂੰ ਲਿਖਿਆ ਗਿਆ ਹੈ।
ਮਰਹੂਮ ਸੋਮਨਾਥ ਸੇਵਾਮੁਕਤੀ ਤੋਂ ਬਾਅਦ ਇੱਕ ਸਾਲ ਦੀ ਐਕਸਟੈਨਸ਼ਨ 'ਤੇ ਕੰਮ ਕਰ ਰਹੇ ਸਨ। ਉਨ੍ਹਾਂ ਦੇ ਮੌਤ ਦੇ ਪ੍ਰਮਾਣ ਪੱਤਰ ਦੀ ਕਾਪੀ ਵੀ ਏਬੀਪੀ ਸਾਂਝਾ ਕੋਲ ਹੈ। ਹੁਸ਼ਿਆਰਪੁਰ ਦੇ ਆਰਟੀਆਈ ਕਾਰਕੁਨ ਰਾਜੀਵ ਵਸ਼ਿਸਟ ਦਾ ਇਸ ਬਾਰੇ ਕਹਿਣਾ ਹੈ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਵਿਭਾਗ ਆਪਣੇ ਕੰਮ ਪ੍ਰਤੀ ਕਿੰਨਾ ਗੰਭੀਰ ਹੈ। ਇਹ ਚੰਡੀਗੜ੍ਹ ਦਫ਼ਤਰ ਤੋਂ ਹੋਈ ਗਲਤੀ ਹੈ।
ਹੁਸ਼ਿਆਰਪੁਰ ਪੀਡਬਲਯੂਡੀ ਵਿੱਚ ਤਾਇਨਾਤ ਐਕਸੀਅਨ ਰਜਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਫਿਲਹਾਲ ਤਬਾਦਲੇ ਦੀ ਕਾਪੀ ਹਾਸਲ ਨਹੀਂ ਹੋਈ ਪਰ ਸੋਮਨਾਥ ਦੀ ਦੋ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ। ਅਸੀਂ ਇਸ ਬਾਰੇ ਵਿਭਾਗ ਨੂੰ ਲਿਖ ਵੀ ਚੁੱਕੇ ਹਾਂ।
ਤਬਾਦਲੇ ਦੇ ਹੁਕਮ ਜਾਰੀ ਕਰਨ ਵਾਲੇ ਐਡੀਸ਼ਨਲ ਚੀਫ ਸੈਕਟਰੀ ਹੁਸਨ ਲਾਲ ਨੇ ਏਬੀਪੀ ਸਾਂਝਾ ਨਾਲ ਫ਼ੋਨ 'ਤੇ ਗੱਲ ਕਰਦੇ ਹੋਏ ਕਿਹਾ ਕਿ ਵਿਭਾਗ ਵੱਲੋਂ ਗ਼ਲਤੀ ਨਾਲ ਸੋਮਨਾਥ ਦੇ ਟਰਾਂਸਫਰ ਆਰਡਰ ਵੀ ਜਾਰੀ ਹੋ ਗਏ। ਇਸ ਨੂੰ ਠੀਕ ਕੀਤਾ ਜਾ ਰਿਹਾ ਹੈ।