ਗਗਨਦੀਪ ਸ਼ਰਮਾ/ਅੰਮ੍ਰਿਤਸਰ:  ਸਥਾਨਿਕ ਸ਼ਹਿਰ ਦੀ ਦਿਹਾਤੀ ਪੁਲਿਸ ਨੇ ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਕੁਕੜਾਂਵਾਲਾ 'ਚ ਗੈਗਸਟਰ ਮਨਪ੍ਰੀਤ ਸਿੰਘ ਉਰਫ ਮਨੀ ਰਈਆ ਨੂੰ ਪਨਾਹ ਦੇਣ ਦੇ ਮਾਮਲੇ 'ਚ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ।


 


ਇਸ ਸੰਬੰਧੀ ਥਾਣਾ ਰਾਜਾਸਾਂਸੀ ਦੀ ਐੱਸਐੱਚਓ ਰਮਨਦੀਪ ਕੌਰ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਪੁਲਿਸ ਨੇ ਗੈਂਗਸਟਰ ਮਨੀ ਰਈਆ ਨੂੰ ਪਨਾਹ ਦੇਣ ਦੇ ਮਾਮਲੇ 'ਚ ਮੁਖਬਰ ਦੀ ਇਤਲਾਹ 'ਤੇ ਕੁਕੜਾਂਵਾਲਾ ਦੇ ਦੋ ਸਕੇ ਭਰਾਵਾਂ ਸਾਹਿਲਪ੍ਰੀਤ ਸਿੰਘ ਤੇ ਬਰਿੰਦਰ ਸਿੰਘ ਸਪੁੱਤਰ ਦਿਲਬਾਗ ਸਿੰਘ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਖਿਲਾਫ ਦਫਾ 212, 216 ਆਈਪੀਸੀ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ। 


 


ਐੱਸਐੱਚਓ ਮੁਤਾਬਿਕ ਜਮਾਨਤਯੋਗ ਧਾਰਾਵਾਂ ਹੋਣ ਕਾਰਣ ਦੋਵਾਂ ਭਰਾਵਾਂ ਨੂੰ ਮੌਕੇ 'ਤੇ ਜਮਾਨਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਅੱਜ ਏਜੀਟੀਐੱਫ, ਅੰਮ੍ਰਿਤਸਰ ਕਮਿਸ਼ਨਰੇਟ ਤੇ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਸਾਂਝੇ ਆਪ੍ਰੇਸ਼ਨ ਤਹਿਤ ਪਿੰਡ ਕੁਕੜਾਂਵਾਲਾ ਤੋਂ ਗੈਂਗਸਟਰ ਮਨੀ ਰਈਆ ਨੂੰ ਗ੍ਰਿਫ਼ਤਾਰ ਕੀਤਾ, ਜੋ ਉਕਤ ਦੋਵਾਂ ਭਰਾਵਾਂ ਦੇ ਘਰ 'ਚ ਠਹਿਰਿਆ ਸੀ, ਜੋ ਮਨੀ ਦੇ ਰਿਸ਼ਤੇਦਾਰ ਦੱਸੇ ਜਾਂਦੇ ਹਨ ਤੇ ਪਿਛਲੇ ਚਾਰ ਦਿਨਾਂ ਤੋਂ ਮਨੀ ਇੱਥੇ ਠਹਿਰਿਆ ਸੀ। ਮਨੀ ਤੋ ਇਲਾਵਾ ਪੁਲਿਸ ਨੇ ਮਨਦੀਪ ਤੂਫਾਨ ਨੂੰ ਵੀ ਤਰਨਤਾਰਨ ਜ਼ਿਲੇ ਪਿੰਡ ਖੱਖ ਤੋਂ ਅੱਜ ਸਵੇਰੇ ਤੜਕੇ ਗ੍ਰਿਫਤਾਰ ਕੀਤਾ ਸੀ।


 


 


ਸਿੱਧੂ ਮੂਸੇਵਾਲਾ ਕਤਲਕਾਂਡ ਦੀ ਤਫਤੀਸ਼ 'ਚ ਕਈ ਵਾਰ ਦੋਵਾਂ ਦਾ ਨਾਮ ਸਾਹਮਣੇ ਆ ਚੁੱਕਾ ਹੈ। ਮਨਦੀਪ ਤੂਫਾਨ ਦੇ ਖਿਲਾਫ ਅੰਮ੍ਰਿਤਸਰ 'ਚ ਰਾਣਾ ਕੰਦੋਵਾਲੀਆ ਕਤਲਕਾਂਡ ਸਮੇਤ ਤਿੰਨ ਮਾਮਲੇ ਦਰਜ ਹਨ ਤੇ ਤਿੰਨ ਮਾਮਲੇ ਬਟਾਲਾ 'ਚ ਦਰਜ ਹਨ ,ਜਦਕਿ ਮਨੀ ਰਈਆ ਦੇ ਖਿਲਾਫ ਰਾਣਾ ਕੰਦੋਵਾਲੀਆ ਕਤਲਕਾਂਡ ਸਮੇਤ ਹੋਰ ਕਈ ਮਾਮਲੇ ਦਰਜ ਹਨ।  ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਨੀ ਰਈਆ ਅਤੇ ਤੂਫਾਨ ਦਾ ਨਾਂ ਵੀ ਸਾਹਮਣੇ ਆਇਆ ਸੀ।
 
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅਜਨਾਲਾ ਤੋਂ ਗ੍ਰਿਫ਼ਤਾਰ ਸਤਬੀਰ ਸਿੰਘ ਜਿਨ੍ਹਾਂ ਤਿੰਨ ਲੋਕਾਂ ਨੂੰ ਬਠਿੰਡਾ ਛੱਡ ਕੇ ਆਇਆ ਸੀ , ਉਨ੍ਹਾਂ 'ਚ ਗੈਂਗਸਟਰ ਮਨੀ ਰਈਆ ਅਤੇ ਤੂਫ਼ਾਨ ਵੀ ਸੀ। ਮਨੀ ਰਈਆ ਅਤੇ ਤੂਫਾਨ ਦੇ ਨਾਲ-ਨਾਲ ਸਤਬੀਰ ਨੇ ਰਣਜੀਤ ਨੂੰ ਵੀ ਬਠਿੰਡਾ ਵਿੱਚ ਛੱਡਿਆ ਸੀ ,ਜਿਸ ਦੀ ਪੁਲਿਸ ਭਾਲ ਕਰ ਰਹੀ ਹੈ। ਮਨੀ ਰਈਆ 3 ਅਗਸਤ 2021 ਨੂੰ ਹੋਏ ਰਾਣਾ ਕੰਧੋਵਾਲੀਆ ਕਤਲ ਕੇਸ ਵਿੱਚ ਲੋੜੀਂਦਾ ਸੀ।
 
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਾਲੇ ਦਿਨ ਮਨੀ ਰਈਆ ਵੀ ਮੌਕੇ ਦੇ ਆਸ-ਪਾਸ ਮੌਜੂਦ ਸੀ। ਗੋਲਡੀ ਬਰਾੜ ਨੇ ਜੱਗੂ ਭਗਵਾਨਪੁਰੀਆ ਦੇ ਖਾਸ ਮਨੀ ਰਈਆ, ਮਨਦੀਪ ਤੂਫਾਨ ਅਤੇ ਰਣਜੀਤ ਨੂੰ ਸਟੈਂਡਬੁਆਏ 'ਤੇ ਰੱਖਿਆ ਸੀ। ਇਨ੍ਹਾਂ ਨੂੰ ਜਗਰੂਪ ਉਰਫ਼ ਰੂਪਾ ਅਤੇ ਮਨਪ੍ਰੀਤ ਮੰਨੂ ਨੂੰ ਕਵਰ ਦੇਣ ਲਈ ਕਿਹਾ ਗਿਆ ਸੀ ,ਜਿਨ੍ਹਾਂ ਨੂੰ ਬੀਤੇ ਦਿਨੀਂ  ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ।


 


 


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।