ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ 11 ਵਜੇ ਸਹੁੰ ਚੁੱਕਣਗੇ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਵਾਉਣਗੇ। ਚੰਨੀ ਦੇ ਨਾਲ ਦੋ ਉਪ ਮੁੱਖ ਮੰਤਰੀ (ਡਿਪਟੀ CM) ਵੀ ਸਹੁੰ ਚੁੱਕਣਗੇ। ਉਨ੍ਹਾਂ ਵਿੱਚ ਬ੍ਰਹਮ ਮਹਿੰਦਰਾ ਦੇ ਨਾਲ-ਨਾਲ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਵੀ ਹੈ, ਜੋ ਮੁੱਖ ਮੰਤਰੀ ਬਣਦੇ-ਬਣਦੇ ਰਹਿ ਗਏ। ਬ੍ਰਹਮ ਮਹਿੰਦਰਾ ਇੱਕ ਹਿੰਦੂ ਨੇਤਾ ਹਨ ਜਦੋਂਕਿ ਰੰਧਾਵਾ ਜੱਟ ਸਿੱਖ ਭਾਈਚਾਰੇ ਵਿੱਚੋਂ ਹਨ।


ਦੱਸ ਦੇਈਏ ਹੁਣ ਤੱਕ ਜੱਟ ਸਿੱਖ ਭਾਈਚਾਰੇ ’ਚੋਂ ਹੀ ਪੰਜਾਬ ਦਾ ਮੁੱਖ ਮੰਤਰੀ ਬਣਦਾ ਰਿਹਾ ਹੈ। ਪੰਜਾਬ ਦੇ ਇਤਿਹਾਸ ਵਿੱਚ ਚਰਨਜੀਤ ਚੰਨੀ ਪਹਿਲੇ ਦਲਿਤ ਮੁੱਖ ਮੰਤਰੀ ਹਨ। ਚੰਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਮਰਥਨ ਨਾਲ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਵਿੱਚ ਕਾਮਯਾਬ ਰਹੇ। ਇਹ ਕੁਰਸੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ ਸੀ।


ਚਰਨਜੀਤ ਚੰਨੀ ਆਪ ਸਹੁੰ ਚੁੱਕਣ ਤੋਂ ਬਾਅਦ ਕਿਸ-ਕਿਸ ਨੂੰ ਮੰਤਰੀ ਬਣਾਉਂਦੇ ਹਨ, ਇਸ ਉੱਤੇ ਵੀ ਸਭ ਦੀ ਨਜ਼ਰ ਰਹੇਗੀ। ਚੰਨੀ ਹੁਣ ਤਕ ਤਕਨੀਕੀ ਸਿੱਖਿਆ ਮੰਤਰੀ ਰਹੇ ਹਨ। ਹੁਣ ਉਹ ਆਪਣੇ ਕੋਲ ਕਿਹੜਾ ਮੰਤਰਾਲਾ ਰੱਖਣਗੇ, ਇਹ ਵੇਖਣਾ ਵੀ ਦਿਲਚਸਪ ਹੋਵੇਗਾ। ਦੋ ਉਪ ਮੁੱਖ ਮੰਤਰੀਆਂ ਦੀ ਜ਼ਿੰਮੇਵਾਰੀ ਕੀ ਹੋਵੇਗੀ, ਇਸ ਵੇਲੇ ਇਹ ਵੀ ਵੱਡਾ ਸੁਆਲ ਹੈ।


ਇਹ ਵੀ ਜਾਣਨਾ ਅਹਿਮ ਰਹੇਗਾ ਕਿ ਕੈਪਟਨ ਸਰਕਾਰ ਦੇ ਕਿਹੜੇ ਮੰਤਰੀ ਦਾ ਪੱਤਾ ਕੱਟਿਆ ਜਾਵੇਗਾ। ਚੰਨੀ ਨੂੰ ਮੁੱਖ ਮੰਤਰੀ ਬਣਾਉਣ ਨਾਲ ਕਾਂਗਰਸ ਨੇ ਦਲਿਤ ਕਾਰਡ ਖੇਡਿਆ ਹੈ। ਅਜਿਹੀ ਸਥਿਤੀ ਵਿੱਚ ਸਾਧੂ ਸਿੰਘ ਧਰਮਸੋਤ ਦੀ ਵਾਪਸੀ ਮੁਸ਼ਕਲ ਹੋ ਗਈ ਹੈ। ਉਂਝ ਵੀ ਉਨ੍ਹਾਂ ਉੱਤੇ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਘੁਟਾਲੇ ਦਾ ਦੋਸ਼ ਹੈ।


ਕਾਂਗਰਸ ਦਾ ਮਾਸਟਰ ਸਟ੍ਰੋਕ


ਪੰਜਾਬ ਵਿੱਚ 5 ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਦਲਿਤ ਵੋਟ ਬੈਂਕ ਪੈਦਾ ਕਰਨ ਨੂੰ ਕਾਂਗਰਸ ਦਾ ਮਾਸਟਰ ਸਟ੍ਰੋਕ ਮੰਨਿਆ ਜਾ ਰਿਹਾ ਹੈ। ਪੰਜਾਬ ਵਿੱਚ 32% ਦਲਿਤ ਆਬਾਦੀ ਹੈ। 117 ਵਿੱਚੋਂ 34 ਸੀਟਾਂ ਰਾਖਵੀਆਂ ਹਨ। ਚੰਨੀ ਭਾਵੇਂ ਇੱਕ ਦਲਿਤ ਆਗੂ ਹਨ ਪਰ ਸਿੱਖ ਭਾਈਚਾਰੇ ਨਾਲ ਸਬੰਧਤ ਹਨ। ਇਸ ਪੱਖੋਂ ਵੀ ਕਾਂਗਰਸ ਨੂੰ ਵੱਡਾ ਸਿਆਸੀ ਲਾਹਾ ਮਿਲੇਗਾ। ਖਾਸ ਕਰਕੇ, ਪੰਜਾਬ ਦੇ ਦੋਆਬਾ ਖੇਤਰ, ਜਿਸ ਨੂੰ ਦਲਿਤ ਲੈਂਡ ਵੀ ਕਿਹਾ ਜਾਂਦਾ ਹੈ। ਇਸ ਖ਼ਿੱਤੇ ਵਿੱਚ ਕਾਂਗਰਸ ਦਾ ਆਧਾਰ ਹੋਰ ਵਧ ਸਕਦਾ ਹੈ।


ਹਿੰਦੂ ਨੇਤਾ ਬ੍ਰਹਮ ਮਹਿੰਦਰਾ ਨੂੰ ਉਪ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਹਿੰਦੂ ਵੋਟ ਬੈਂਕ ਨੂੰ ਵੀ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਮਹੱਤਵਪੂਰਨ ਹੈ ਕਿਉਂਕਿ ਹਿੰਦੂ ਵੋਟ ਬੈਂਕ ਹਮੇਸ਼ਾਂ ਭਾਜਪਾ ਨਾਲ ਜਾਂਦਾ ਹੈ। ਹਾਲਾਂਕਿ, ਕੈਪਟਨ ਦੇ ਨਿੱਜੀ ਅਕਸ ਨੂੰ ਵੇਖਦਿਆਂ ਉਨ੍ਹਾਂ ਨੂੰ ਸ਼ਹਿਰਾਂ ਤੋਂ ਇਸ ਦਾ ਲਾਭ ਮਿਲਦਾ ਰਿਹਾ।


ਸੁਖਜਿੰਦਰ ਰੰਧਾਵਾ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਤਾਂ ਜੋ ਜੱਟ ਸਿੱਖ ਭਾਈਚਾਰਾ ਨਾਰਾਜ਼ ਨਾ ਹੋਵੇ। ਹੁਣ ਤਕ ਇਹ ਭਾਈਚਾਰਾ ਪੰਜਾਬ ਨੂੰ ਮੁੱਖ ਮੰਤਰੀ ਚਿਹਰੇ ਦਿੰਦਾ ਰਿਹਾ ਹੈ। ਇਹ ਵੋਟ ਬੈਂਕ ਅਕਾਲੀ ਦਲ ਦਾ ਮੰਨਿਆ ਜਾ ਰਿਹਾ ਹੈ। ਭਾਵੇਂ 2017 ਵਿੱਚ ਬੇਅਦਬੀ ਦੇ ਮੁੱਦੇ 'ਤੇ, ਇਹੋ ਬੈਂਕ ਆਮ ਆਦਮੀ ਪਾਰਟੀ ਵੱਲ ਚਲਾ ਗਿਆ ਹੈ। ਮੰਤਰੀ ਮੰਡਲ ਵਿੱਚ ਸੁਖਜਿੰਦਰ ਰੰਧਾਵਾ ਨੂੰ ਕੋਈ ਮਜ਼ਬੂਤ ਮਹਿਕਮਾ ਦਿੱਤਾ ਜਾ ਸਕਦਾ ਹੈ। ਇਸ ਰਾਹੀਂ, ਜੱਟ ਸਿੱਖ ਵੋਟ ਬੈਂਕ ਵਿੱਚ ਕਾਂਗਰਸ ਆਪਣਾ ਹਿੱਸਾ ਯਕੀਨੀ ਬਣਾਏਗੀ।


ਚੋਣਾਂ ਤੋਂ ਬਾਅਦ ਪੰਜਾਬ ਵਿੱਚ ਵਿਰੋਧੀਆਂ ਵੱਲੋਂ ਜੋ ਵਾਅਦੇ ਕੀਤੇ ਗਏ ਸਨ, ਉਹ ਹੁਣੇ ਹੀ ਕਾਂਗਰਸ ਨੇ ਪੂਰੇ ਕਰ ਦਿੱਤੇ ਹਨ। ਜਦੋਂ ਭਾਜਪਾ ਨੇ ਦਲਿਤ ਮੁੱਖ ਮੰਤਰੀ ਕਿਹਾ ਤਾਂ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਬਣਾਇਆ। ਅਕਾਲੀ ਦਲ ਨੇ ਇੱਕ ਹਿੰਦੂ ਅਤੇ ਇੱਕ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਕੀਤੀ ਸੀ। ਕਾਂਗਰਸ ਨੇ ਇਸ ਨੂੰ ਹਿੰਦੂ ਤੇ ਜੱਟ ਸਿੱਖ ਨੂੰ ਉਪ ਮੁੱਖ ਮੰਤਰੀ ਬਣਾ ਕੇ ਤੋੜ ਦਿੱਤਾ। ਹੁਣ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਵਿਰੋਧੀਆਂ ਦੇ ਸਾਹਮਣੇ ਇੱਕ ਨਵੀਂ ਚੁਣੌਤੀ ਖੜ੍ਹੀ ਹੋ ਗਈ ਹੈ। ਹੁਣ ਜਾਤੀ ਧਰੁਵੀਕਰਨ ਦੇ ਮੁੱਦੇ 'ਤੇ, ਕਾਂਗਰਸ ਕੋਲ ਉਨ੍ਹਾਂ ਲਈ ਸਹੀ ਜਵਾਬ ਹੈ।


ਇਹ ਵੀ ਪੜ੍ਹੋ: Punjab New CM: ਚਰਨਜੀਤ ਚੰਨੀ ਦੀ ਪੰਜਾਬ ਦਾ ਕੈਪਟਨ ਬਣਨ ਦੀ ਅੰਦਰਲੀ ਕਹਾਣੀ, ਜਾਣੋ ਕੌਣ ਹੈ ਅਸਲ ਕਿੰਗ ਮੇਕਰ!


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904