ਗੁਰਦਾਸਪੁਰ: ਜਿੱਥੇ ਇੱਕ ਪਾਸੇ ਯੂਕਰੇਨ ਤੇ ਰੂਸ ਦੀ ਜੰਗ ਸ਼ੁਰੂ ਹੋ ਚੁੱਕੀ ਹੈ, ਉੱਥੇ ਹੁਣ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੇ ਮਾਪੇ ਉਨ੍ਹਾਂ ਦੀ ਸੁਰੱਖਿਆ ਤੇ ਭਾਰਤ ਵਾਪਸੀ ਨੂੰ ਲੈ ਕੇ ਚਿੰਤਤ ਹਨ। ਯੂਕਰੇਨ ਵਿੱਚ ਪੜ੍ਹਾਈ ਲਈ ਗਏ ਗੁਰਦਾਸਪੁਰ ਦੇ ਵਾਸੂਦੇਵ ਸ਼ਰਮਾ ਨੇ ਲਾਈਵ ਹੋ ਕੇ ਉੱਥੋਂ ਦੀ ਤਾਜਾ ਸਥਿਤੀ ਬਾਰੇ ਜਾਣੂ ਕਰਵਾਇਆ ਹੈ।

ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀ ਬੰਕਰਾਂ ਵਿੱਚ ਇਕੱਠੇ ਹੋ ਰਹੇ ਹਨ ਪਰ ਅਜੇ ਤੱਕ ਭਾਰਤੀ ਦੂਤਾਵਾਸ ਵੱਲੋਂ ਉਨ੍ਹਾਂ ਲਈ ਕੋਈ ਸਹਾਇਤਾ ਨਹੀਂ ਭੇਜੀ ਗਈ। ਉਹ ਭੁੱਖੇ-ਭਾਣੇ ਦਿਨ ਗੁਜ਼ਾਰ ਰਹੇ ਹਨ ਤੇ ਇਸ ਉਡੀਕ ਵਿੱਚ ਹਨ ਕਿ ਕਦੋਂ ਭਾਰਤੀ ਦੂਤਾਵਾਸ ਵੱਲੋਂ ਉਨ੍ਹਾਂ ਨੂੰ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਉਪਰ ਲਗਾਤਾਰ ਬੰਬਾਰੀ ਹੋ ਰਹੀ ਹੈ ਤੇ ਰੂਸ ਵੱਲੋਂ ਹਵਾਈ ਅੱਡੇ ਵੀ ਤਬਾਹ ਕਰ ਦਿੱਤੇ ਗਏ ਹਨ। ਉੱਥੇ ਹੀ ਵਾਸੂਦੇਵ ਦੇ ਮਾਪੇ ਭਾਰਤ ਸਰਕਾਰ ਦੀ ਮਾਮਲੇ ਵਿੱਚ ਤੁਰੰਤ ਕੋਈ ‌ਪਹਿਲ ਨਾ ਕਰਨ ਤੇ ਖਾਸੇ ਨਾਰਾਜ਼ ਨਜ਼ਰ ਆ ਰਹੇ ਹਨ। ਗੁਰਦਾਸਪੁਰ ਦੇ ਨੌਜਵਾਨ ਵਾਸੂ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਜਲਦ ਭਾਰਤ ਲਿਆਂਦਾ ਜਾਵੇ।

ਭਗਵੰਤ ਮਾਨ ਨੇ ਕੀਤਾ ਹੈਲਪਲਾਈਨ ਨੰਬਰ ਜਾਰੀ
ਯੂਕਰੇਨ ਤੇ ਰੂਸ ਦੀ ਜੰਗ ਨੇ ਜਿੱਥੇ ਦੁਨੀਆ ਭਰ 'ਚ ਤਣਾਅ ਵਧਾ ਦਿੱਤਾ ਹੈ, ਉੱਥੇ ਹੀ ਹਰ ਦੇਸ਼ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣਾ ਚਾਹੁੰਦਾ ਹੈ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਨੇ ਵੀ ਆਪਣੇ ਨਾਗਰਿਕਾਂ ਲਈ ਚਿੰਤਾ ਜ਼ਾਹਰ ਕੀਤੀ ਹੈ ਤੇ ਯੂਕਰੇਨ ਵਿਚ ਫਸੇ ਪੰਜਾਬੀਆਂ ਦੀ ਮਦਦ ਲਈ ਵ੍ਹਟਸਐਪ ਨੰਬਰ ਜਾਰੀ ਕੀਤਾ ਹੈ।

ਮਾਨ ਨੇ ਯੂਕਰੇਨ ‘ਚ ਫਸੇ ਪੰਜਾਬੀਆਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਮਦਦ ਲਈ ਵ੍ਹਟਸਐਪ ਨੰਬਰ 98778-47778 ‘ਤੇ ਸੰਪਰਕ ਕੀਤਾ ਜਾਵੇ। ਇਹ ਨੰਬਰ 24 ਘੰਟੇ ਮਦਦ ਲਈ ਹਨ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲਾ ਨੇ ਕੰਟਰੋਲ ਰੂਮ ਸਥਾਪਤ ਕੀਤਾ ਹੈ ਜਿਥੇ 1800118797 (ਟੋਲ ਫ੍ਰੀ), +91-11-23012113, +91-11-23014104, +91-11-23017905 ‘ਤੇ ਕਾਲ ਕਰਕੇ ਜਾਣਕਾਰੀ ਤੇ ਮਦਦ ਹਾਸਲ ਕੀਤੀ ਜਾ ਸਕਦੀ ਹੈ।