Election 2023: ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦੇ ਪੁੱਤਰ ਦੇਵੇਂਦਰ ਪ੍ਰਤਾਪ ਸਿੰਘ ਤੋਮਰ ਦੇ ਲੈਣ-ਦੇਣ ਨੂੰ ਲੈ ਕੇ ਵਾਇਰਲ ਹੋਈ ਵੀਡੀਓ ਦਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਨੂੰ ਲੈ ਕੇ ਕਾਂਗਰਸ ਦੇ ਲੀਡਰ ਪਰਗਟ ਸਿੰਘ ਨੇ ਤੰਜ ਕਸਿਆ ਹੈ। ਪਰਗਟ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਮੰਤਰੀ ਦੇ ਘਰ ED ਜਾਂ CBI ਜਾਂਚ ਲਈ ਨਹੀਂ ਜਾਵੇਗੀ?
ਪਰਗਟ ਸਿੰਘ ਨੇ ਟਵੀਟ ਕਰਦਿਆਂ ਕਿਹਾ, ਪੰਜਾਬ ਦੇ ਕਿਸਾਨਾਂ ਨੂੰ 1 ਸਾਲ ਸੜਕਾਂ ਤੇ ਬਿਠਾਉਣ ਵਾਲੇ ਕੇਂਦਰੀ ਮੰਤਰੀ ਨਰਿੰਦਰ ਤੋਮਰ ਦੇ ਬੇਟੇ ਦੇਵੇਂਦਰ ਤੋਮਰ ਦੀਆਂ ਕਰੋੜਾਂ ਰੁਪਏ ਦੀ ਡੀਲ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ। ਪਰ ਮੋਦੀ ਸਰਕਾਰ ਦੇ ਮੰਤਰੀ ਦੇ ਘਰ ED ਜਾਂ CBI ਜਾਂਚ ਲਈ ਨਹੀਂ ਜਾਵੇਗੀ?
ਜ਼ਿਕਰ ਕਰ ਦਈਏ ਕਿ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਨਰੇਂਦਰ ਸਿੰਘ ਤੋਮਰ ਦੇ ਵੱਡੇ ਬੇਟੇ ਦੇਵੇਂਦਰ ਪ੍ਰਤਾਪ ਸਿੰਘ ਤੋਮਰ ਦੇ ਇੱਕ-ਇੱਕ ਕਰਕੇ ਤਿੰਨ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਗਰਮਾਹਟ ਵਧ ਗਈ ਹੈ। ਇਨ੍ਹਾਂ ਵਾਇਰਲ ਵੀਡੀਓ ਨੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਧਿਆਨ ਯੋਗ ਹੈ ਕਿ ਵਾਇਰਲ ਵੀਡੀਓ ਤੋਂ ਕੁਝ ਦਿਨ ਪਹਿਲਾਂ ਨਰਿੰਦਰ ਸਿੰਘ ਤੋਮਰ ਦੇ ਬੇਟੇ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਉਸ ਵਿੱਚ ਵੀ ਉਹ ਕਰੋੜਾਂ ਰੁਪਏ ਦੇ ਲੈਣ-ਦੇਣ ਦੀ ਚਰਚਾ ਕਰਦਾ ਨਜ਼ਰ ਆਇਆ। ਇਸੇ ਤਰ੍ਹਾਂ ਇੱਕ ਹੋਰ ਵੀਡੀਓ ਵਿੱਚ ਵੀ ਹਜ਼ਾਰਾਂ ਕਰੋੜ ਰੁਪਏ ਦੇ ਲੈਣ-ਦੇਣ ਦੀ ਚਰਚਾ ਸੁਣਾਈ ਦੇ ਸਕਦੀ ਹੈ।
'ਕਾਂਗਰਸ ਨੇ ਕੀਤੀ ਜਾਂਚ ਦੀ ਮੰਗ'
ਮੰਗਲਵਾਰ (14 ਨਵੰਬਰ) ਨੂੰ ਇਸ ਸਬੰਧੀ ਤੀਜਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦੇਵੇਂਦਰ ਪ੍ਰਤਾਪ ਸਿੰਘ ਤੋਮਰ ਵੀਡੀਓ ਕਾਲ ਰਾਹੀਂ ਕਿਸੇ ਨਾਲ ਹਜ਼ਾਰਾਂ ਕਰੋੜ ਰੁਪਏ ਦੇ ਲੈਣ-ਦੇਣ ਦੀ ਚਰਚਾ ਕਰ ਰਹੇ ਹਨ। ਇਸ ਵਿੱਚ ਦਸ ਹਜ਼ਾਰ ਕਰੋੜ ਰੁਪਏ ਦੀ ਗੱਲ ਹੈ। ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਵਾਇਰਲ ਵੀਡੀਓ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਵਾਇਰਲ ਵੀਡੀਓ 'ਤੇ ਭਾਜਪਾ ਨੇਤਾਵਾਂ ਨੇ ਪੂਰੀ ਤਰ੍ਹਾਂ ਚੁੱਪੀ ਧਾਰੀ ਹੋਈ ਹੈ। ਇਸ ਵੀਡੀਓ ਨੂੰ ਲੈ ਕੇ ਕਾਂਗਰਸ ਈਡੀ ਸਮੇਤ ਸਾਰੀਆਂ ਕੇਂਦਰੀ ਏਜੰਸੀਆਂ ਤੋਂ ਜਾਂਚ ਦੀ ਮੰਗ ਕਰ ਰਹੀ ਹੈ।