Punjab News: ਹੁਣ ਪੰਜਾਬ ਸਰਕਾਰ ਵੱਲੋਂ ਜਲਦ ਹੀ ਸੂਬੇ ਦੇ ਸਕੂਲਾਂ ’ਚ ਖਾਲੀ ਪਏ ਸਾਇੰਸ ਅਧਿਆਪਕਾਂ ਦੇ ਅਹੁਦੇ ਭਰਨ ਦੀ ਪ੍ਰਕਿਰਿਆ ਸ਼ੂਰੂ ਕਰਨ ਜਾ ਰਹੀ ਹੈ।ਇਸ ਲੜੀ ਦੇ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਸਿੱਖਿਆ) ਨੂੰ ਇਕ ਪੱਤਰ ਜਾਰੀ ਕਰਦੇ ਹੋਏ ਮਾਸਟਰ ਕੇਡਰ ਦੇ ਸਾਇੰਸ ਵਿਸ਼ੇ ਦੇ ਅਹੁਦਿਆਂ ਦੇ ਸਬੰਧ ਵਿਚ ਸੂਚਨਾ ਮੰਗਲਵਾਰ ਤੱਕ ਮੰਗੀ ਗਈ ਹੈ।


ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ


ਇਸ ਪੱਤਰ ਵਿਚ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਤਹਿਤ ਆਉਂਦੇ ਸਕੂਲਾਂ ਵਿਚ ਸਾਇੰਸ ਵਿਸ਼ੇ ਦੀ ਮਨਜ਼ੂਰਸ਼ੁਦਾ, ਭਰੀਆਂ ਅਤੇ ਖਾਲੀ ਆਸਾਮੀਆਂ ਸਬੰਧੀ ਸੂਚਨਾ ਵਿਭਾਗ ਵੱਲੋਂ ਜਾਰੀ ਇਕ ਪ੍ਰੋਫਾਰਮੇ ਵਿੱਚ ਭਰ ਕੇ ਭੇਜਣ। ਇਹੀ ਨਹੀਂ, ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਨ੍ਹਾਂ ਦੇ ਸਕੂਲ ਦੇ ਈ-ਪੰਜਾਬ ਡਾਟਾ ਵਿਚ ਦਰਜ ਮਨਜ਼ੂਰਸ਼ੁਦਾ ਆਸਾਮੀਆਂ ਦੀ ਤਾਜ਼ਾ ਸਥਿਤੀ ਨਿਜੀ ਤੌਰ ’ਤੇ ਚੈੱਕ ਕਰਨ ਉਪਰੰਤ ਹੀ ਸੂਚਨਾ ਭੇਜੀ ਜਾਵੇ। ਵਿਭਾਗ ਦੇ ਮੁਤਾਬਕ ਸਕੂਲ ਮੁਖੀਆਂ ਵੱਲੋਂ ਭੇਜੀ ਗਈ ਸੂਚਨਾ ਜ਼ਿਲ੍ਹਾ ਪੱਧਰ ’ਤੇ ਕੰਪਾਇਲ ਕਰਨ ਤੋਂ ਬਾਅਦ ਹੀ ਮੁੱਖ ਦਫ਼ਤਰ ਨੂੰ ਭੇਜੀ ਜਾਵੇਗੀ।


ਹਾਲ ਵਿੱਚ 12500 ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਸੀ


ਪੰਜਾਬ ਸਰਕਾਰ ਨੇ ਹਾਲ ਵਿੱਚ 12500 ਕੱਚੇ ਅਧਿਆਪਕਾਂ ਨੂੰ ਪੱਕਾ ਕਰ ਦਿੱਤਾ ਸੀ। ਕੱਚੇ ਅਧਿਆਪਕਾਂ ਦੀ ਇਹ ਮੰਗ ਪਿਛਲੇ 10 ਸਾਲਾਂ ਤੋਂ ਲਟਕਦੀ ਆ ਰਹੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਨ੍ਹਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਸਨ।
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਸੀ ਕਿ ਹੁਣ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਬੱਸਾਂ ਲਗਾਈਆਂ ਜਾਣਗੀਆਂ। ਪਾਇਲਟ ਪ੍ਰੋਜੈਕਟ ਸ਼ੁਰੂ ਕਰਾਂਗਾ। ਇਹ 15 ਲੜਕੀਆਂ ਦੇ ਸਕੂਲਾਂ ਵਿੱਚ ਅਤੇ ਸਕੂਲ ਆਫ ਐਮੀਨੈਂਸ ਵਿੱਚ ਸ਼ੁਰੂ ਕੀਤਾ ਜਾਵੇਗਾ। ਪਾਇਲਟ ਪ੍ਰੋਜੈਕਟ 'ਤੇ 21 ਕਰੋੜ ਰੁਪਏ ਖਰਚ ਕੀਤੇ ਜਾਣਗੇ। ਹੌਲੀ-ਹੌਲੀ ਇਸ ਨੂੰ ਹੋਰ ਸਕੂਲਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਇਸ ਨਾਲ 20 ਹਜ਼ਾਰ ਬੱਚਿਆਂ ਨੂੰ ਲਾਭ ਮਿਲੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।