ਜਲੰਧਰ : ਯੂਕਰੇਨ ਤੋਂ ਮਿਸ਼ਨ ਗੰਗਾ ਤਹਿਤ ਭਾਰਤੀ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਬਹੁਤ ਸਾਰੇ ਬੱਚੇ ਅਜੇ ਵੀ ਯੂਕਰੇਨ ਵਿੱਚ ਫਸੇ ਹੋਏ ਹਨ ਅਤੇ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। ਵਾਪਸ ਪਰਤਣ ਵਾਲੇ ਬੱਚਿਆਂ ਦੇ ਮਾਪਿਆਂ ਦੇ ਚਿਹਰਿਆਂ 'ਤੇ ਖੁਸ਼ੀ ਦੇ ਨਾਲ-ਨਾਲ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਵੀ ਹਨ।

ਇਸੇ ਤਰ੍ਹਾਂ ਜਲੰਧਰ ਦੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਯੂਕਰੇਨ ਤੋਂ ਵਾਪਿਸ ਆਈ ਵੰਦਨਾ ਦਾ ਪਿੰਡ ਵਾਸੀਆਂ ਵੱਲੋਂ ਢੋਲ ਵਾਜਿਆਂ ਨਾਲ ਸਵਾਗਤ ਕੀਤਾ ਗਿਆ ਹੈ। ਇਸ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਸਮੂਹ ਪਿੰਡ ਵਾਸੀਆਂ ਨਾਲ ਮੰਦਿਰ ਗਈ ਅਤੇ ਬਾਅਦ 'ਚ ਪਟਾਕੇ ਚਲਾ ਕੇ ਵੰਦਨਾ ਨੂੰ ਘਰ ਲਿਆਂਦਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੂੰ ਲੱਡੂ ਵੀ ਵੰਡੇ ਗਏ ਅਤੇ ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਸੀ।

 

ਯੂਕਰੇਨ ਦੇ ਹਾਲਾਤ ਨੂੰ ਲੈ ਕੇ ਜਦੋਂ ਵੰਦਨਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਮੇਂ ਯੂਕਰੇਨ ਦੇ ਹਾਲਾਤ ਬਹੁਤ ਖਰਾਬ ਹਨ, ਜਦੋਂ ਅਸੀਂ ਟਰੇਨ ਰਾਹੀਂ ਬਾਰਡਰ 'ਤੇ ਆਉਣਾ ਚਾਹਿਆ ਤਾਂ ਸਾਨੂੰ ਟਰੇਨ 'ਚ ਬੈਠਣ ਨਹੀਂ ਦਿੱਤਾ ਜਾ ਰਿਹਾ ਸੀ ਅਤੇ ਸਰਕਾਰ ਵੱਲੋਂ ਵੀ ਸਾਡੀ ਓਥੇ ਕੋਈ ਮਦਦ ਨਹੀਂ ਹੋ ਰਹੀ ਸੀ। ਜਦੋਂ ਅਸੀਂ ਸਰਹੱਦ ਪਾਰੋਂ ਆਏ ਤਾਂ ਕੋਈ ਮਦਦ ਨਹੀਂ ਮਿਲੀ, ਉਸ ਤੋਂ ਬਾਅਦ ਅਸੀਂ ਭਾਰਤੀ ਦੂਤਾਵਾਸ ਨਾਲ ਗੱਲ ਕਰ ਸਕੇ ਅਤੇ ਤਦ ਹੀ ਅਸੀਂ ਮਿਸ਼ਨ ਗੰਗਾ ਤਹਿਤ ਭਾਰਤ ਵਾਪਸ ਆ ਸਕੇ।

 

 ਜਦੋਂ ਤੱਕ ਅਸੀਂ ਯੂਕਰੇਨ ਵਿੱਚ ਸੀ, ਸਾਨੂੰ ਭਾਰਤੀ ਦੂਤਾਵਾਸ ਤੋਂ ਕੋਈ ਮਦਦ ਨਹੀਂ ਮਿਲ ਰਹੀ ਸੀ। ਇਸ ਤੋਂ ਇਲਾਵਾ ਆਪਣੀ ਐਮ.ਬੀ.ਬੀ.ਐਸ. ਦੀ ਪੜ੍ਹਾਈ ਸਬੰਧੀ ਉਨ੍ਹਾਂ ਕਿਹਾ ਕਿ ਹੁਣ ਉਥੇ ਡਾਕਟਰੀ ਦੀ ਪੜ੍ਹਾਈ ਪੂਰੀ ਕਰਨੀ ਔਖੀ ਹੋ ਰਹੀ ਹੈ ਕਿਉਂਕਿ ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ ਅਤੇ ਯੂਕਰੇਨ ਦੀ ਆਰਥਿਕਤਾ ਵੀ ਬਹੁਤ ਡਿੱਗ ਚੁੱਕੀ ਹੈ, ਜਿਸ ਕਾਰਨ ਉਥੇ ਪੜ੍ਹਾਈ ਪੂਰੀ ਹੋਣੀ ਮੁਸ਼ਕਲ ਲੱਗ ਰਹੀ ਹੈ ਪਰ ਭਾਰਤ ਸਰਕਾਰ ਇਸ ਦਾ ਕੋਈ ਹੱਲ ਲੱਭੇ।

 

ਜਦੋਂ ਵੰਦਨਾ ਵਾਪਿਸ ਆਈ ਤਾਂ ਉਸਦੀ ਮਾਂ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ ਕਿ ਸਾਡੀ ਬੇਟੀ ਸਾਡੇ ਕੋਲ ਵਾਪਸ ਆ ਗਈ ਹੈ, ਅੱਜ ਪੂਰੇ ਪਿੰਡ ਨੇ ਢੋਲ ਵਜਾ ਕੇ ਮੇਰੀ ਧੀ ਦਾ ਸਵਾਗਤ ਕੀਤਾ ਅਤੇ ਸਾਰੇ ਬਹੁਤ ਖੁਸ਼ ਹਨ ਕਿ ਉਹ ਵਾਪਸ ਆ ਗਈ ਹੈ। ਅੱਗੋਂ ਸਰਕਾਰ ਦੀ ਮੱਦਦ ਸਬੰਧੀ ਕਿਹਾ ਕਿ ਅਸੀਂ ਤਾਂ ਰੱਬ 'ਤੇ ਭਰੋਸਾ ਕਰ ਰਹੇ ਸੀ ਕਿ ਸਾਡੀ ਧੀ ਜਲਦੀ ਤੋਂ ਜਲਦੀ ਸਾਡੇ ਕੋਲ ਆ ਜਾਵੇ।