Punjab News: ਲੁਧਿਆਣਾ ਤੋਂ ਲਗਾਤਾਰ ਚਿੱਟੇ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਤੇ ਸਥਾਨਕ ਪੁਲਿਸ ਨਸ਼ਾ ਤਸਕਰ ਉੱਤੇ ਨਕੇਲ ਕਸਣ ਵਿੱਚ ਨਾਕਾਮ ਸਾਬਤ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਚਾਰ ਦਿਨ ਪਹਿਲਾਂ ਸੈਕਟਰ-32 ਇਲਾਕੇ ਦੇ ਨਸ਼ਾ ਕਰਨ ਵਾਲੇ ਨੌਜਵਾਨਾਂ ਨੇ ਕੁਝ ਨਸ਼ਾ ਤਸਕਰਾਂ ਦੇ ਨਾਂਅ ਵੀ ਕੈਮਰੇ ਸਾਹਮਣੇ ਲਏ ਸਨ ਪਰ ਹੁਣ ਤੱਕ ਪੁਲਸ ਇਨ੍ਹਾਂ ਤਸਕਰਾਂ ਨੂੰ ਫੜਨ 'ਚ ਕਾਮਯਾਬ ਨਹੀਂ ਹੋ ਸਕੀ ਹੈ।


ਹੁਣ ਤਾਜ਼ਾ ਮਾਮਲਾ ਫੌਜੀ ਕਲੋਨੀ ਤੋਂ ਸਾਹਮਣੇ ਆਇਆ ਹੈ। ਭਾਜਪਾ ਆਗੂ ਰਾਜਵੀਰ ਸਿੰਘ ਨੇ ਨਸ਼ਾ ਕਰਦੇ ਨੌਜਵਾਨ ਦੀ ਵੀਡੀਓ ਬਣਾ ਕੇ ਸਟਿੰਗ ਆਪ੍ਰੇਸ਼ਨ ਕੀਤਾ ਹੈ। ਫੌਜੀ ਕਲੋਨੀ ਮੋਤੀ ਨਗਰ ਥਾਣੇ ਅਧੀਨ ਆਉਂਦੀ ਹੈ। ਇਹ ਗੱਲ ਸਾਹਮਣੇ ਆਈ ਹੈ ਕਿ ਵੱਡੀ ਗਿਣਤੀ ਵਿੱਚ ਨਸ਼ੇ ਦੇ ਸੌਦਾਗਰਾਂ ਨੇ ਇਸ ਇਲਾਕੇ ਨੂੰ ਜੂਏ ਦਾ ਅੱਡਾ ਬਣਾ ਦਿੱਤਾ ਹੈ। ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਨੌਜਵਾਨ ਨਾੜ 'ਚ ਨਸ਼ੇ ਦਾ ਟੀਕਾ ਲਗਾ ਰਿਹਾ ਹੈ।


ਪਿਛਲੇ ਦਿਨੀਂ ਕੀਤੀਆਂ ਵੱਡੀਆਂ ਵਾਰਦਾਤਾਂ


ਦੱਸ ਦੇਈਏ ਕਿ ਇੱਕ ਹਫ਼ਤਾ ਪਹਿਲਾਂ ਸ਼ੇਰਪੁਰ ਦੀ ਫੌਜੀ ਕਲੋਨੀ ਵਿੱਚ ਨਸ਼ਾ ਤਸਕਰਾਂ ਨੇ ਡਿਲੀਵਰੀ ਬੁਆਏ ਉਮਰ ਅੰਸਾਰੀ ਤੋਂ ਮੋਬਾਈਲ ਤੇ ਨਕਦੀ ਖੋਹ ਲਈ ਸੀ ਅਤੇ ਉਸ ਦੇ ਸਿਰ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਲਹੂ-ਲੁਹਾਨ ਕਰ ਦਿੱਤਾ ਸੀ। ਅਗਲੇ ਦਿਨ ਇਨ੍ਹਾਂ ਵਿਅਕਤੀਆਂ ਨੇ ਨਗਰ ਨਿਗਮ ਵਿੱਚ ਕੰਮ ਕਰਦੇ ਬਿੱਟੂ ਕੁਮਾਰ ਨਾਂਅ ਦੇ ਨੌਜਵਾਨ ਦੇ ਸਿਰ ਉੱਤੇ ਕਈ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ। ਇਸ ਤਰ੍ਹਾਂ ਮੋਤੀ ਨਗਰ ਇਲਾਕੇ ਵਿੱਚ ਹਰ ਰੋਜ਼ ਨਸ਼ੇੜੀ ਲੋਕ ਨਸ਼ੇ ਦੀ ਪੂਰਤੀ ਲਈ ਲੋਕਾਂ ਦੀ ਲੁੱਟ ਕਰ ਰਹੇ ਹਨ।


15 ਅਗਸਤ ਤੱਕ ਨਸ਼ਾ ਖ਼ਤਮ ਕਰਨ ਦਾ ਦਾਅਵਾ 


ਜ਼ਿਕਰ ਕਰ ਦਈਏ ਕਿ ਬੀਤੇ ਸਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਸੀ 15 ਅਗਸਤ 2024 ਤੱਕ ਪੰਜਾਬ ਵਿੱਚੋਂ ਨਸ਼ਾ ਖਤਮ ਹੋ ਜਾਵੇਗਾ ਪਰ ਆਏ ਦਿਨ ਨੌਜਵਾਨਾਂ ਦੀਆਂ ਨਸ਼ਾ ਕਰਨ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ। ਇਸ ਤੋਂ ਇਲਾਵਾ ਆਏ ਦਿਨ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਹਨ ਪਰ ਹਾਲੇ ਤੱਕ ਸਰਕਾਰ ਨਸ਼ੇ ਨੂੰ ਰੋਕਣ ਲਈ ਪੁਖ਼ਤਾ ਹੱਲ ਨਹੀਂ ਕਰ ਸਕੀ ਹੈ।