Baba Gurwinder Singh Kheri Wale: ਫਤਿਹਗੜ੍ਹ ਸਾਹਿਬ ਦੀ ਮਾਤਾ ਗੁਜਰੀ ਕਲੋਨੀ 'ਚ ਬਾਬਾ ਗੁਰਵਿੰਦਰ ਸਿੰਘ ਖੇੜੀ ਜੱਟਾਂ ਅਤੇ ਉਸ ਦੇ ਸਹੁਰਿਆਂ ਵਿਚਾਲੇ ਹੋਏ ਝਗੜੇ 'ਚ ਬੀਤੇ ਦਿਨੀਂ ਗੁਰਵਿੰਦਰ ਸਿੰਘ ਦੀ ਸੱਸ ਦੇ ਬਿਆਨਾਂ 'ਤੇ ਬਾਬਾ ਗੁਰਵਿੰਦਰ ਸਿੰਘ, ਉਸ ਦੇ ਰਿਸ਼ਤੇਦਾਰ ਪ੍ਰਭਦੀਪ ਸਿੰਘ ਅਤੇ 5 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਅੱਜ ਜ਼ਖਮੀ ਬਾਬਾ ਗੁਰਵਿੰਦਰ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਕਰਾਸ ਕੇਸ ਦਰਜ ਕਰ ਲਿਆ ਹੈ।



ਜਿਸ ਵਿੱਚ ਗੁਰਵਿੰਦਰ ਸਿੰਘ ਦੇ ਜੀਜਾ ਮਨਜੋਤ ਸਿੰਘ ਤੋਂ ਇਲਾਵਾ ਉਸਦੇ ਦੋਸਤਾਂ ਸਤਵੀਰ ਸਿੰਘ, ਜਸਪਾਲ ਸਿੰਘ ਅਤੇ ਕਈ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਡੀਐਸਪੀ ਫਤਹਿਗੜ੍ਹ ਸਾਹਿਬ ਸੁਖਨਾਜ਼ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਰਵਿੰਦਰ ਸਿੰਘ ਦੇ ਰਿਸ਼ਤੇਦਾਰ ਪ੍ਰਭਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਦੂਜੀ ਧਿਰ ਦੇ ਸਤਵੀਰ ਸਿੰਘ ਅਤੇ ਜਸਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।


ਬਾਬਾ ਦੇ ਉੱਪਰ ਕਾਰ ਚੜਾਉਣ ਦਾ ਵੀਡੀਓ ਆਇਆ ਸਾਹਮਣੇ 


ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਗੁਰਵਿੰਦਰ ਸਿੰਘ ਖੇੜੀ ਜੱਟਾਂ ਦੇ ਉੱਪਰ ਕਾਰ ਚੜਾਉਣ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਸਹੁਰੇ ਘਰ 'ਚ ਹੋਈ ਲੜਾਈ ਤੋਂ ਬਾਅਦ ਜਦੋਂ ਬਾਬਾ ਗੁਰਵਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਉਣ ਲਈ ਪਹੁੰਚੇ ਤਾਂ ਉਹ ਸਿਵਲ ਹਸਪਤਾਲ ਦੇ ਬਾਹਰ ਖੜ੍ਹੇ ਸਨ। ਇਸੇ ਦੌਰਾਨ ਗੁਰਵਿੰਦਰ ਸਿੰਘ ਦਾ ਜੀਜਾ ਮਨਜੋਤ ਸਿੰਘ ਤੇ ਹੋਰ ਵੀ ਨਾਲ ਆ ਗਏ। ਇੱਕ ਤੇਜ਼ ਕਾਰ ਸੜਕ ’ਤੇ ਖੜ੍ਹੇ ਗੁਰਵਿੰਦਰ ਸਿੰਘ ਦੇ ਉਪਰ ਕਾਰ ਚੜਾ ਦਿੱਤੀ। ਗੁਰਵਿੰਦਰ ਸਿੰਘ ਛਾਲ ਮਾਰ ਕੇ ਬੋਨਟ 'ਤੇ ਡਿੱਗ ਗਿਆ ਅਤੇ ਉਸ ਨੂੰ ਸੱਟਾਂ ਲੱਗ ਗਈਆਂ। ਇਸ ਆਧਾਰ ’ਤੇ ਪੁਲਿਸ ਨੇ ਕਰਾਸ ਕੇਸ ਦਰਜ ਕਰ ਲਿਆ ਹੈ।