ਸ੍ਰੀ ਮੁਕਤਸਰ ਸਾਹਿਬ: ਪਿੰਡ ਭੁੱਲਰ ਵਿੱਚ ਹਾਲਾਤ ਉਸ ਵੇਲੇ ਤਣਾਅਪੂਰਨ ਹੋ ਗਏ ਜਦ ਪਿੰਡ ਵਾਸੀਆਂ ਨੇ ਕੁਝ ਵਿਅਕਤੀਆਂ ਨੂੰ ਨਸ਼ਾ ਵੇਚਣ ਦੇ ਇਲਜ਼ਾਮ ਵਿੱਚ ਫੜ ਲਿਆ। ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪਿੰਡ ਵਿੱਚ ਆਏ ਇਹ ਨੌਜਵਾਨ ਬਹਿਸ ਕਰਨ ਲੱਗੇ ਤੇ ਪਿੰਡ ਵਾਸੀਆਂ ਨਾਲ ਉਲਝ ਗਏ। ਇਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਪਿੰਡ ਵਾਸੀਆਂ ਨੇ ਕਥਿਤ ਤੌਰ 'ਤੇ ਨਸ਼ਾ ਵੇਚਣ ਆਏ ਇਨ੍ਹਾਂ ਨੌਜਵਾਨਾਂ ਨੂੰ ਫੜ ਲਿਆ ਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ।
ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਦੱਸਿਆ ਕਿ ਜੋ ਨੌਜਵਾਨ ਫੜੇ ਗਏ ਹਨ, ਉਨ੍ਹਾਂ ਕੋਲੋਂ ਅਸਲਾ ਤੇ ਨਸ਼ਾ ਫੜਿਆ ਗਿਆ ਹੈ। ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਇਸ ਮੌਕੇ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਪਿੰਡ ਵਾਸੀ ਲਗਾਤਾਰ ਪੁਲਿਸ ਤੇ ਵੀ ਇਲਜ਼ਾਮ ਲਾ ਰਹੇ ਹਨ ਕਿ ਪੁਲਿਸ ਵੱਲੋਂ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਕਰਕੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ।
ਪਿੰਡ ਵਾਸੀਆਂ ਨੇ ਕਿਹਾ ਹੈ ਕਿ ਸਾਡੇ ਪਿੰਡ ਵਿੱਚ ਨਸ਼ਾ ਚੱਲਦਾ ਹੈ। ਨੌਜਵਾਨ ਨਸ਼ਿਆਂ ਵਿੱਚ ਪੂਰੀ ਤਰ੍ਹਾਂ ਧਸ ਚੁੱਕੇ ਹਨ। ਅੱਜ ਇਹ 4 ਤੋਂ 5 ਵਿਅਕਤੀ ਪਿੰਡ ਵਿੱਚ ਨਸ਼ਾ ਵੇਚਣ ਆਏ ਸੀ। ਇਨ੍ਹਾਂ ਨੂੰ ਰੰਗੇ ਹੱਥੀਂ ਫੜਿਆ ਹੈ। ਉਨ੍ਹਾਂ ਕੋਲੋਂ ਦੇਸੀ ਕੱਟਾ ਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਹੋਏ ਹਨ।
ਪਿੰਡ ਵਾਸੀਆਂ ਨੇ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਜਲਦ ਇਨ੍ਹਾਂ ਨਸ਼ਾ ਵੇਚਣ ਵਾਲਿਆਂ ਤੇ ਕਾਰਵਾਈ ਕੀਤੀ ਜਾਏ। ਜੇਕਰ ਪੁਲਿਸ ਕਾਰਵਾਈ ਨਹੀਂ ਕਰੇਗੀ ਤਾਂ ਪਿੰਡ ਦੇ ਨੌਜਵਾਨ ਨਸ਼ੇ ਵਿੱਚ ਖਤਮ ਹੋ ਜਾਣਗੇ। ਪਿੰਡ ਦੇ ਕੁਝ ਨੌਜਵਾਨਾਂ ਨੇ ਕਿਹਾ ਕਿ ਪਿਛਲੇ 8 ਮਹੀਨਿਆਂ ਤੋਂ ਇਹ ਨਸ਼ਾ ਵੇਚਣ ਆ ਰਹੇ ਸੀ। ਮੁਲਜ਼ਮਾਂ ਨੂੰ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਪਰ ਇਹ ਨਹੀਂ ਰੁਕੇ। ਪੁਲਿਸ ਕਹਿ ਰਹੀ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ ਤੇ ਜੋ ਵੀ ਕਾਰਵਾਈ ਬਣਦੀ ਹੋਵੇਗੀ ਕਰਾਂਗੇ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/