Punjab News: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਪੰਜਾਬ ਸਰਕਾਰ ਵਿਚਾਲੇ ਤਕਰਾਰ ਵਧ ਗਿਆ ਹੈ। ਹੁਣ ਗੱਲ ਇੱਥੋਂ ਤੱਕ ਪਹੁੰਚ ਗਈ ਹੈ ਕਿ ਦੋਵਾਂ ਧਿਰਾਂ ਵੱਲੋਂ ਐਲਾਨ-ਏ-ਜੰਗ ਵਾਲੇ ਹਾਲਾਤ ਨਜ਼ਰ ਆ ਰਹੇ ਹਨ। ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਚੱਲ ਰਿਹਾ ਵਿਵਾਦ ‘ਲੈਟਰ ਵਾਰ’ ਵਿੱਚ ਬਦਲ ਗਿਆ ਹੈ। ਰਾਜਪਾਲ ਨੇ ਆਪਣੇ ਕਈ ਪੱਤਰਾਂ ਦਾ ਸੀਐਮ ਮਾਨ ਤੋਂ ਜਵਾਬ ਨਾ ਮਿਲਣ 'ਤੇ ਆਪਣਾ ਸੰਵਿਧਾਨਕ ਫਰਜ਼ ਪੂਰਾ ਨਾ ਕਰਨ 'ਤੇ ਇੱਕ ਹੋਰ ਪੱਤਰ ਲਿਖਿਆ ਹੈ।


ਉਧਰ, ਆਮ ਆਦਮੀ ਪਾਰਟੀ ਵੀ ਖੁੱਲ੍ਹ ਕੇ ਮੈਦਾਨ ਵਿੱਚ ਆ ਗਈ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਪੰਜਾਬ ਦੇ ਗਵਰਨਰ ਵੱਲੋਂ ਲਗਾਤਾਰ ਕੇਂਦਰ ਦੇ ਇਸ਼ਾਰਿਆਂ 'ਤੇ ਚੱਲਦਿਆਂ ਪੰਜਾਬ ਤੇ ਪੰਜਾਬ ਸਰਕਾਰ ਖਿਲਾਫ਼ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਵਿੱਚ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਵੀ ਉਨ੍ਹਾਂ ਦਾ ਸਾਥ ਦੇ ਰਹੀਆਂ ਹਨ। 


ਉਨ੍ਹਾਂ ਕਿਹਾ ਕਿ ਗਵਰਨਰ ਕਦੇ ਪ੍ਰਤਾਪ ਬਾਜਵਾ ਦੇ ਇਸ਼ਾਰੇ ਉੱਤੇ ਵਿਧਾਨ ਸਭਾ ਵਿੱਚ 'ਮੇਰੀ ਸਰਕਾਰ' ਕਹਿਣ ਤੋਂ ਪਾਸਾ ਵੱਟ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਤੋਂ ਭੱਜਦੇ ਹਨ, ਕਦੇ ਪੰਜਾਬ ਦੇ ਗਵਰਨਰ ਹੁੰਦਿਆਂ ਪੰਜਾਬ ਯੂਨੀਵਰਸਿਟੀ ਵਿੱਚ ਹਰਿਆਣੇ ਨੂੰ ਹਿੱਸਾ ਦੇਣ ਦੀ ਸ਼ਰੇਆਮ ਵਕਾਲਤ ਕਰਦੇ ਹਨ ਪਰ ਅਫਸੋਸ ਕਿ ਪੰਜਾਬ-ਹਿਤੈਸ਼ੀ ਅਖਵਾਉਣ ਵਾਲੀਆਂ ਵਿਰੋਧੀ ਧਿਰਾਂ ਤੇ ਉਨ੍ਹਾਂ ਦੇ ਆਗੂ ਇਸ ਗੰਭੀਰ ਮਸਲੇ 'ਤੇ ਆਪਣਾ ਮੂੰਹ ਤੱਕ ਨਹੀਂ ਖੋਲ੍ਹਦੇ।


ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਸਥਿਤ 'ਆਪ ਪੰਜਾਬ ਦੇ ਮੁੱਖ ਦਫ਼ਤਰ ਵਿਖੇ ਕੀਤੀ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੰਗ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੱਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਲੰਘੇ ਵਿਧਾਨ ਸਭਾ ਸ਼ੈਸ਼ਨ ਵਿੱਚ 'ਮੇਰੀ ਸਰਕਾਰ' ਨਾ ਕਹਿਣ ਦੇ ਮਸਲੇ 'ਤੇ ਪੱਤਰਕਾਰ ਵੱਲੋਂ ਪੁੱਛੇ ਸਵਾਲ ਉਪਰੰਤ ਆਪਣੀ ਗਲਤੀ ਤੋਂ ਮੁਨਕਰ ਹੋਏ ਕੋਰਾ ਝੂਠ ਬੋਲਿਆ। ਉਨ੍ਹਾਂ ਨੇ ਉਪਰੋਕਤ ਸ਼ੈਸ਼ਨ ਦੀ ਵੀਡੀਓ ਪੱਤਰਕਾਰਾਂ ਨਾਲ ਸਾਂਝੀ ਕੀਤੀ ਤੇ ਗਵਰਨਰ ਪੰਜਾਬ ਨੂੰ ਆਪਣੇ ਸੰਵਿਧਾਨਿਕ ਅਹੁਦੇ ਦੀ ਮਾਣ-ਮਰਿਆਦਾ ਦਾ ਧਿਆਨ ਰੱਖਣ ਲਈ ਬੇਨਤੀ ਕੀਤੀ।


ਇਹ ਵੀ ਪੜ੍ਹੋ: Ludhiana News: ਗਰਮੀ ਤੋਂ ਮਿਲੇਗੀ ਰਾਹਤ! 15 ਤੇ 16 ਜੂਨ ਨੂੰ ਫਿਰ ਪਏਗਾ ਮੀਂਹ


ਵੀਡੀਓ ਦਾ ਹਵਾਲਾ ਦਿੰਦਿਆ ਕੰਗ ਨੇ ਕਿਹਾ ਕਿ ਪੰਜਾਬ ਦੇ ਗਵਰਨਰ ਕੇਂਦਰ ਦੇ ਇਸ਼ਾਰਿਆਂ ਉੱਪਰ ਚੱਲ ਲਗਾਤਾਰ ਪੰਜਾਬ ਤੇ ਪੰਜਾਬ ਸਰਕਾਰ ਖਿਲਾਫ਼ ਸਾਜਿਸ਼ਾਂ ਕਰ ਰਹੇ ਹਨ। ਇਸ ਵਿੱਚ ਵਿਰੋਧੀ ਧਿਰ ਵੀ ਉਨ੍ਹਾਂ ਦਾ ਸਾਥ ਦੇ ਰਹੀ ਹੈ। ਕੰਗ ਨੇ ਸਵਾਲ ਕੀਤਾ ਕਿ ਪੰਜਾਬ ਦੀਆਂ ਸਰਹੱਦਾਂ ਸਮੇਤ ਸੂਬੇ ਦੇ ਵੱਖ-ਵੱਖ ਥਾਵਾਂ ਦਾ ਦੌਰਾ ਕਰ ਖੁਦ ਨੂੰ ਪੰਜਾਬ ਹਿਤੈਸ਼ੀ ਪੇਸ਼ ਕਰਨ ਵਾਲੇ ਗਵਰਨਰ ਸਾਬ੍ਹ ਕੀ ਕਦੇ ਕੇਂਦਰ ਸਰਕਾਰ ਨੂੰ ਇਹ ਸਵਾਲ ਕਰ ਸਕਦੇ ਹਨ ਕਿ ਓਸਨੇ ਸੂਬੇ ਦੇ ਆਰਡੀਐਫ਼ ਤੇ ਨੈਸ਼ਨਲ ਹੈੱਲਥ ਮਿਸ਼ਨ ਦਾ ਪੈਸਾ ਕਿਉਂ ਰੋਕ ਰੱਖਿਆ ਹੈ? ਕੇਂਦਰ ਲਗਾਤਾਰ ਪੰਜਾਬ ਨਾਲ ਧੱਕਾ ਕਰ ਰਹੀ ਹੈ ਪਰ ਗਵਰਨਰ ਪੰਜਾਬ ਵਿੱਚ ਇਹ ਹਿੰਮਤ ਨਹੀਂ ਕਿ ਉਹ ਮੋਦੀ ਸਰਕਾਰ ਖਿਲਾਫ਼ ਕੁਝ ਕਹਿ ਸਕਣ।


ਗਵਰਨਰ ਦੇ ਪੰਜਾਬ ਦੌਰਿਆਂ 'ਤੇ ਸਵਾਲ ਚੁੱਕਦਿਆਂ ਕੰਗ ਨੇ ਕਿਹਾ ਕਿ ਗੁਜਰਾਤ ਵਰਗੇ ਵੱਡੇ ਸਰਹੱਦੀ ਸੂਬੇ ਜਾਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ ਤੇ ਜਿੱਥੋਂ ਆਏ ਦਿਨ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਫੜੀਆਂ ਜਾ ਰਹੀਆਂ ਹਨ, ਆਏ ਦਿਨ ਕਤਲ ਹੋ ਰਹੇ ਹਨ, ਦਲਿਤ ਧੀਆਂ-ਭੈਣਾਂ ਨਾਲ ਬਲਾਤਕਾਰ ਹੁੰਦੇ ਹਨ, ਪਰ ਤਾਂ ਵੀ ਉੱਥੋਂ ਦੇ ਗਵਰਨਰਾਂ ਵਿੱਚ ਐਨੀ ਹਿੰਮਤ ਨਹੀਂ ਕਿ ਉਹ ਕੁਝ ਬੋਲਣ, ਪਰ ਪੰਜਾਬ ਦੇ ਗਵਰਨਰ ਆਏ ਦਿਨ ਸਿਆਸਤ ਕਰਨ ਦਾ ਬਹਾਨਾ ਲੱਭਦੇ ਹਨ। 


ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੂੰ ਕਟਿਹਰੇ 'ਚ ਖੜ੍ਹਾ ਕਰਦਿਆਂ ਕੰਗ ਨੇ ਸਵਾਲ ਕੀਤਾ ਕਿ ਖ਼ੁਦ ਨੂੰ ਪੰਜਾਬ-ਹਿਤੈਸ਼ੀ ਦੱਸਣ ਵਾਲੀਆਂ ਇਹ ਪਾਰਟੀਆਂ ਉਦੋਂ ਕੁਝ ਕਿਉਂ ਨਹੀਂ ਬੋਲੀਆਂ ਜਦ ਪਿਛਲੇ ਦਿਨੀਂ ਗਵਰਨਰ ਨੇ ਪੰਜਾਬ ਯੂਨੀਵਰਸਿਟੀ ਦੇ ਮਸਲੇ 'ਤੇ ਸ਼ਰੇਆਮ ਪ੍ਰੈੱਸ ਕਾਨਫਰੰਸ ਕਰਕੇ ਹਰਿਆਣੇ ਨੂੰ ਯੂਨੀਵਰਸਿਟੀ ਵਿੱਚੋਂ ਹਿੱਸਾ ਦੇਣ ਦੀ  ਵਕਾਲਤ ਕੀਤੀ ਸੀ! ਉਦੋਂ ਬਾਜਵਾ, ਸੁਖਬੀਰ ਬਾਦਲ ਜਾਂ ਮਜੀਠੀਆ ਨੇ ਕੁਝ ਕਿਉਂ ਨਹੀਂ ਬੋਲਿਆ? ਅੰਤ ਵਿੱਚ ਮਲਵਿੰਦਰ ਕੰਗ ਨੇ ਕਿਹਾ ਕਿ ਦਰਅਸਲ ਪੰਜਾਬ ਦੇ ਗਵਰਨਰ, ਵਿਰੋਧੀ ਪਾਰਟੀਆਂ ਇਹ ਸਭ ਕੇਂਦਰ ਦੇ ਇਸ਼ਾਰੇ 'ਤੇ ਚੱਲ ਪੰਜਾਬ ਵਿਰੁੱਧ ਸਾਜ਼ਿਸ਼ਾਂ ਰਚ ਰਹੇ ਹਨ। ਪੰਜਾਬੀਆਂ ਨੂੰ ਇਨ੍ਹਾਂ ਦੋਗਲੇ ਕਿਰਦਾਰ ਵਾਲੇ ਝੂਠੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।


ਇਹ ਵੀ ਪੜ੍ਹੋ: Ludhiana News: ਲੁਧਿਆਣਾ ਡਕੈਤੀ 'ਚ ਮੁਟਿਆਰ ਮਨਦੀਪ ਕੌਰ ਸੀ ਮਾਸਟਰਮਾਈਂਡ, ਇੰਝ ਉਡਾਏ ਕਰੋੜਾਂ ਰੁਪਏ