ਪਾਤੜਾਂ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਵਿਭਾਗਾਂ ਦੇ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪਾਤੜਾਂ ਵਿਖੇ ਪੁੱਜ ਕੇ ਆਪਣੇ ਮਾਪਿਆਂ ਸਮੇਤ ਪਰਿਵਾਰ ਦੇ 4 ਜੀਅ ਗੁਆਉਣ ਵਾਲੇ ਬੱਚੇ ਵਿਕਾਸ ਨਾਲ ਦੁੱਖ ਵੰਡਾਇਆ। ਉਨ੍ਹਾਂ ਦੇ ਨਾਲ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਮੌਜੂਦ ਸਨ।
ਇਸ ਮੌਕੇ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਜੋ ਜੀਅ ਇਸ ਜਹਾਨ ਤੋਂ ਚਲੇ ਗਏ, ਉਨ੍ਹਾਂ ਨੂੰ ਵਾਪਸ ਤਾਂ ਨਹੀਂ ਲਿਆਂਦਾ ਜਾ ਸਕਦਾ ਪਰੰਤੂ ਪੰਜਾਬ ਸਰਕਾਰ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਪਣੇ ਮਾਪੇ ਗੁਆ ਚੁੱਕੇ ਇਸ ਬੱਚੇ ਦੇ ਨਾਲ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦੀ ਅਗਲੇਰੀ ਪੜ੍ਹਾਈ ਸਮੇਤ ਰਾਸ਼ਨ ਮੁਹੱਈਆ ਕਰਵਾਉਣ ਤੋਂ ਇਲਾਵਾ ਪ੍ਰਤੀ ਜੀਅ 4 ਲੱਖ ਰੁਪਏ ਵਿਤੀ ਸਹਾਇਤਾ ਇਸ ਬੱਚੇ ਨੂੰ 16 ਲੱਖ ਰੁਪਏ ਦਿੱਤੀ ਜਾਵੇਗੀ।
ਇਸ ਉਪਰੰਤ ਸਿਹਤ ਮੰਤਰੀ ਨੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਨਾਲ ਪਾਤੜਾਂ ਤੇ ਸ਼ੁਤਰਾਣਾ ਦੇ ਹਸਪਤਾਲਾਂ 'ਚ ਜਾ ਕੇ ਸਿਹਤ ਸੇਵਾਵਾਂ ਦਾ ਨਿਰੀਖਣ ਕੀਤਾ ਅਤੇ ਮਰੀਜਾਂ ਨਾਲ ਗੱਲਬਾਤ ਕਰਕੇ ਫੀਡਬੈਕ ਹਾਸਲ ਕੀਤੀ। ਉਨ੍ਹਾਂ ਨੇ ਇੱਥੇ ਤਾਇਨਾਤ ਡਾਕਟਰਾਂ ਤੇ ਹੋਰ ਅਮਲੇ ਨੂੰ ਮਰੀਜਾਂ ਨਾਲ ਮਿੱਤਰਤਾ ਭਰਪੂਰ ਵਿਵਹਾਰ ਕਰਨ ਤੇ ਸਾਫ਼-ਸਫਾਈ ਰੱਖਣ ਸਮੇਤ ਹੋਰ ਲੋੜੀਂਦੀਆਂ ਹਦਾਇਤਾਂ ਦਿੱਤੀਆਂ।
ਸਿਹਤ ਮੰਤਰੀ ਨੇ ਇਸ ਮੌਕੇ ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਸੂਬਾ ਨਿਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ, ਜਿਸ ਨੂੰ ਪੂਰਾ ਕਰਨ ਲਈ ਰਾਜ 'ਚ 16 ਨਵੇਂ ਮੈਡੀਕਲ ਕਾਲਜ ਖੋਲ੍ਹਣ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਨੂੰ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਉਹ ਖ਼ੁਦ ਰਾਜ ਦੇ ਸਾਰੇ ਹਸਪਤਾਲਾਂ ਦਾ ਦੌਰਾ ਕਰਕੇ ਸਿਹਤ ਸੇਵਾਵਾਂ ਦਾ ਨਿਰੀਖਣ ਕਰ ਰਹੇ ਹਨ ਅਤੇ ਇਹ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਵੱਲੋਂ ਸਿਹਤ ਸੇਵਾਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਤਹੱਈਆ ਕੀਤਾ ਹੈ ਕਿ ਕਿਸੇ ਵੀ ਹਸਪਤਾਲ 'ਚ ਡਾਕਟਰ, ਨਰਸਿੰਗ ਸਟਾਫ਼ ਤੇ ਹੋਰ ਪੈਰਾਮੈਡੀਕਲ ਅਮਲੇ ਦੀ ਕੋਈ ਘਾਟ ਨਾ ਰਹੇ।
ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸੂਬਾ ਨਿਵਾਸੀਆਂ ਨੂੰ ਉੱਚ-ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ 15 ਅਗਸਤ ਤੱਕ ਰਾਜ ਭਰ ਦੇ ਸਰਕਾਰੀ ਹਸਪਤਾਲਾਂ 'ਚ 215 ਤਰ੍ਹਾਂ ਦੀਆਂ ਦਵਾਈਆਂ ਪੁੱਜ ਜਾਣਗੀਆਂ। ਜਦਕਿ ਪਹਿਲੇ ਪੜਾਅ ਵਜੋਂ 75 ਮੁਹੱਲਾ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਇੱਕ ਸਵਾਲ ਦੇ ਜਵਾਬ 'ਚ ਸਿਹਤ ਮੰਤਰੀ ਨੇ ਦੱਸਿਆ ਕਿ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਦਿਆਂ ਜਲਦੀ ਹੀ ਨਿਊਰੋ ਦੇ ਮਾਹਰ ਡਾਕਟਰ ਤਾਇਨਾਤ ਕੀਤੇ ਜਾ ਰਹੇ ਹਨ ਤਾਂ ਕਿ ਸ਼ੁਤਰਾਣਾ ਹਲਕੇ ਸਮੇਤ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਨੂੰ ਐਮਰਜੈਂਸੀ ਦੀ ਹਾਲਤ 'ਚ ਤੁਰੰਤ ਮੈਡੀਕਲ ਸੇਵਾ ਹਾਸਲ ਹੋ ਸਕੇ।
ਇਸ ਮੌਕੇ ਐਸ.ਡੀ.ਐਮ. ਚਰਨਜੀਤ ਸਿੰਘ, ਸਿਵਲ ਸਰਜਨ ਡਾ. ਰਾਜੂ ਧੀਰ, ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਕੁਮਾਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ, ਰੈਡ ਕਰਾਸ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਸੁਰਜੀਤ ਸਿੰਘ ਫ਼ੌਜੀ, ਨਗਰ ਕੌਂਸਲ ਦੇ ਮੀਤ ਪ੍ਰਧਾਨ ਸੋਨੀ ਜਲੂਰ, ਕੁਲਦੀਪ ਸਿੰਘ ਥਿੰਦ, ਮਹਿੰਗਾ ਬਰਾੜ, ਰਾਣਾ ਐਮ.ਸੀ., ਕਰਨੈਲ ਸਿੰਘ, ਮਦਨ ਲਾਲ, ਗੁਲਾਬ ਸਿੰਘ ਹਰਿਆਊ, ਤੇਜੀ ਬੂਰੜ, ਰਣਜੀਤ ਵਿਰਕ, ਪੀ.ਏ. ਅਮਰੀਕ ਸਿੰਘ, ਲਾਡੀ ਜੌੜਾਮਾਜਰਾ, ਲਾਭ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।