ਪਟਿਆਲਾ : ਪਟਿਆਲਾ ਜ਼ਿਲੇ ਦਾ ਮੇਹਸ ਪਿੰਡ ਦੀ ਧੀ ਹਰਜਿੰਦਰ ਕੌਰ ਨੇ ਇੰਗਲੈਂਡ ਦੇ ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ (CWG 2022) ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ-2022 ਵਿੱਚ 71 ਕਿਲੋ ਭਾਰ ਵਰਗ ਵਿੱਚ 212 ਕਿਲੋ ਭਾਰ ਚੁੱਕ ਕੇ ਇਹ ਤਗ਼ਮਾ ਜਿੱਤਿਆ ਹੈ।


ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਮੰਗਲਵਾਰ ਸਵੇਰ ਤੋਂ ਹੀ ਲੋਕ ਮੇਹਸ ਪਿੰਡ ਵਿੱਚ ਹਰਜਿੰਦਰ ਕੌਰ ਦੇ ਪਿਤਾ ਸਾਹਿਬ ਸਿੰਘ ਦੇ ਘਰ ਵਧਾਈ ਦੇਣ ਲਈ ਪਹੁੰਚ ਰਹੇ ਹਨ। ਹਰਜਿੰਦਰ ਕੌਰ ਦੇ ਪਿਤਾ ਸਾਹਿਬ ਸਿੰਘ ਹਰ ਆਉਣ ਵਾਲੇ ਦਾ ਸੁਆਗਤ ਕਰ ਰਹੇ ਹਨ। 

 

ਸਰਕਾਰ ਨਿਭਾਏ ਆਪਣਾ ਫਰਜ਼  

ਹਰਜਿੰਦਰ ਕੌਰ ਦੇ ਪਿਤਾ ਸਾਹਿਬ ਸਿੰਘ ਨੇ ਕਿਹਾ ਕਿ ਹਰਜਿੰਦਰ ਕੌਰ ਦੀ ਜਿੱਤ 'ਤੇ ਉਨ੍ਹਾਂ ਨੂੰ ਹੀ ਨਹੀਂ ਸਗੋਂ ਪੂਰਾ ਪਿੰਡ ਅਤੇ ਦੇਸ਼ ਖੁਸ਼ ਹੈ। ਜਦੋਂ ਹਰਜਿੰਦਰ ਕੌਰ ਨੇ ਖੇਡਾਂ ਨੂੰ ਚੁਣਿਆ ਤਾਂ ਉਸ ਦੇ ਪਰਿਵਾਰ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਹਰਜਿੰਦਰ ਦੇ ਖੇਡਾਂ ਵਿੱਚ ਪ੍ਰਵੇਸ਼ ਦੀ ਵੀ ਇੱਕ ਵੱਖਰੀ ਕਹਾਣੀ ਹੈ। ਦਰਅਸਲ ਇਕ ਮਾਹਿਰ ਦੇ ਕਹਿਣ 'ਤੇ ਉਸ ਦੀ ਬੇਟੀ ਖੇਡਾਂ 'ਚ ਗਈ ਸੀ। ਉਸ ਤੋਂ ਬਾਅਦ ਉਸ ਨੇ ਕੁਝ ਜ਼ੋਰ ਲਾਇਆ ਤੇ ਬਾਕੀ ਹਰਜਿੰਦਰ ਨੇ ਕੀਤਾ। ਹੌਲੀ-ਹੌਲੀ ਬੇਟੀ ਨੇ ਮੈਡਲ ਜਿੱਤਣਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਧੀ ਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਸਭ ਕੁਝ ਦੇ ਦਿੱਤਾ। ਹੁਣ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਹਰਜਿੰਦਰ ਕੌਰ ਨੂੰ ਉਸ ਦੀ ਮਿਹਨਤ ਦਾ ਫਲ ਦਿੱਤਾ ਜਾਵੇ। ਸਾਹਿਬ ਸਿੰਘ ਨੇ ਕਿਹਾ ਕਿ ਹਰਜਿੰਦਰ ਕੌਰ ਵੱਲੋਂ ਖੇਡਾਂ ਵਿੱਚ ਲਗਾਈ ਗਈ ਸਖ਼ਤ ਮਿਹਨਤ ਸਾਰਿਆਂ ਲਈ ਪ੍ਰੇਰਨਾ ਸਰੋਤ ਸਾਬਤ ਹੋਵੇਗੀ। ਅੱਜ ਪੰਜਾਬ ਦੇ ਨੌਜਵਾਨ ਵਰਗ ਖੇਡਾਂ ਵੱਲ ਨਹੀਂ ਆ ਰਿਹਾ। ਜੇਕਰ ਨੌਜਵਾਨਾਂ ਨੂੰ ਖੇਡਾਂ ਵਿੱਚ ਭਵਿੱਖ ਦਿਸਦਾ ਹੈ ਤਾਂ ਉਹ ਇਸ ਵੱਲ ਜ਼ਰੂਰ ਆਉਣਗੇ।

ਇਸ ਦੇ ਨਾਲ ਹੀ ਹਰਜਿੰਦਰ ਕੌਰ ਦੀ ਮਾਤਾ ਕੁਲਦੀਪ ਕੌਰ ਆਪਣੀ ਧੀ ਦੀ ਸਫਲਤਾ ਨਾਲ ਭਾਵੁਕ ਹੋਈ। ਕੁਲਦੀਪ ਕੌਰ ਨੇ ਦੱਸਿਆ ਕਿ ਉਸ ਦੀ ਬੇਟੀ ਬਹੁਤ ਹੁਸ਼ਿਆਰ ਅਤੇ ਮਿਹਨਤੀ ਹੈ। ਖੇਡਾਂ ਦੇ ਨਾਲ-ਨਾਲ ਉਸ ਨੇ ਆਪਣੀ ਪੜ੍ਹਾਈ ਨਾਲ ਕਦੇ ਸਮਝੌਤਾ ਨਹੀਂ ਕੀਤਾ। ਇੰਨਾ ਹੀ ਨਹੀਂ ਹਰਜਿੰਦਰ ਕੌਰ ਜਦੋਂ ਵੀ ਘਰ ਹੁੰਦੀ ਹੈ ਤਾਂ ਉਸ ਨੂੰ ਕੰਮ ਵਿਚ ਪੂਰਾ ਹੱਥ ਲਗਾਉਂਦੀ ਹੈ।