ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਨਵੇਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਸਰਕਾਰ ’ਤੇ ਲਾਏ ਦੋਸ਼ਾਂ ਉਤੇ ਜਨਤਕ ਮੋਹਰ ਲਾ ਦਿੱਤੀ ਹੈ ਕਿ ਸੂਬੇ ’ਚ ਟਰਾਂਸਪੋਰਟ ਮਾਫ਼ੀਆ ਪਿਛਲੀ ਬਾਦਲ ਸਰਕਾਰ ਵਾਂਗ ਹੀ ਚੱਲ ਰਿਹਾ ਹੈ।
ਮੀਤ ਹੇਅਰ ਨੇ ਰਾਜਾ ਵੜਿੰਗ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਪੁੱਛਿਆ ਕਿ ਉਹ (ਕਾਂਗਰਸ ਸਰਕਾਰ) ਦੱਸਣ ਕਿ ਪਿਛਲੇ 15 ਸਾਲਾਂ ਤੋਂ ਟਰਾਂਸਪੋਰਟ ਮਾਫ਼ੀਆ ਚਲਾ ਰਹੇ ਮੰਤਰੀਆਂ, ਅਫ਼ਸਰਾਂ ਅਤੇ ਹੋਰ ਹਿੱਸੇਦਾਰ ਸਿਆਸਤਦਾਨਾਂ ਵਿਰੁੱਧ ਕਦੋਂ ਅਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ?
ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਮੀਤ ਹੇਅਰ ਨੇ ਸੂਬੇ ਦੇ ਸਰਗਰਮ ਟਰਾਂਸਪੋਰਟ ਮਾਫ਼ੀਆ ਬਾਰੇ ਰਾਜਾ ਵੜਿੰਗ ਦੇ ਇਕਬਾਲੀਆ ਬਿਆਨ ਦਾ ਸਖ਼ਤ ਨੋਟਿਸ ਲਿਆ। ਮੀਤ ਹੇਅਰ ਮੁਤਾਬਿਕ, ‘‘ਰਾਜਾ ਵੜਿੰਗ ਵੱਲੋਂ ਜਨਤਕ ਤੌਰ ’ਤੇ ਇਹ ਕਹਿਣਾ ਕਿ ਰਾਜਾ ਵੜਿੰਗ 15 ਦਿਨਾਂ ਦੇ ਅੰਦਰ- ਅੰਦਰ ਟਰਾਂਸਪੋਰਟ ਮਾਫ਼ੀਆ ਖ਼ਤਮ ਕਰ ਦੇਵੇਗਾ, ਅਸਲ ਵਿੱਚ ਸਪੱਸ਼ਟ ਕਬੂਲਨਾਮਾ ਹੈ ਕਿ ਕਾਂਗਰਸ ਦੇ ਰਾਜ ਦੌਰਾਨ ਵੀ ਪੰਜਾਬ ’ਚ ਟਰਾਂਸਪੋਰਟ ਮਾਫ਼ੀਆ ਧੜੱਲੇ ਨਾਲ ਜਾਰੀ ਹੈ।’’
ਮੀਤ ਹੇਅਰ ਨੇ ਕਿਹਾ ਕਿ, "ਰਾਜਾ ਵੜਿੰਗ ਦੀ ਟਿੱਪਣੀ ਨੇ ਸਾਬਤ ਕਰ ਦਿੱਤਾ ਹੈ ਕਿ ਸਾਬਕਾ ਟਰਾਂਸਪੋਰਟ ਮੰਤਰੀ ਅਤੇ ਮੌਜੂਦਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾਂ ਵੀ ਟਰਾਂਸਪੋਰਟ ਮਾਫ਼ੀਆ ਦਾ ਹਿੱਸਾ ਸੀ, ਜਿਸ ਕਰਕੇ ਕਾਂਗਰਸ ਦੀ ਸਰਕਾਰ ਵੀ ਟਰਾਂਸਪੋਰਟ ਮਾਫ਼ੀਆ ਨੂੰ ਨੱਥ ਨਹੀਂ ਪਾ ਸਕੀ।"
ਮੀਤ ਹੇਅਰ ਨੇ ਕਿਹਾ ਕਿ ਬੇਸ਼ੱਕ ਰਜ਼ੀਆ ਸੁਲਤਾਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਕ ’ਚ ਬਤੌਰ ਕੈਬਨਿਟ ਮੰਤਰੀ ਤੋਂ ਅਸਤੀਫ਼ਾ ਦੇ ਦਿੱਤਾ (ਜਿਸ ਨੂੰ ਅਜੇ ਤੱਕ ਪ੍ਰਵਾਨ ਨਹੀਂ ਕੀਤਾ ਗਿਆ), ਪਰ ਸਵਾਲ ਇਹ ਹੈ ਕਿ ਟਰਾਂਸਪੋਰਟ ਮਾਫ਼ੀਆ ਦੀ ਭਾਗੀਦਾਰ ਰਹੀ ਰਜ਼ੀਆ ਸੁਲਤਾਨਾ ਨੂੰ ਦੁਬਾਰਾ ਫਿਰ ਕੈਬਨਿਟ ’ਚ ਕਿਸ ਆਧਾਰ ’ਤੇ ਸ਼ਾਮਲ ਕੀਤਾ ਗਿਆ?
ਮੀਤ ਹੇਅਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘੇਰਦਿਆਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਰੇਤ ਅਤੇ ਹੋਰ ਮਾਫ਼ੀਆ ਨੂੰ ਹੱਥ ਜੋੜ ਕੇ ਬੇਨਤੀਆਂ ਕਰ ਰਹੇ ਹਨ ਕਿ ਉਸ (ਮੁੱਖ ਮੰਤਰੀ) ਨੂੰ ਮਿਲਣ ਦੀ ਕੋਸ਼ਿਸ਼ ਨਾ ਕਰਨ, ਦੂਜੇ ਪਾਸੇ ਰਾਣਾ ਗੁਰਜੀਤ ਸਿੰਘ ਅਤੇ ਰਜ਼ੀਆ ਸੁਲਤਾਨਾ ਵਰਗੇ ਰੇਤ ਅਤੇ ਟਰਾਂਸਪੋਰਟ ਮਾਫ਼ੀਆ ਦੇ ਨੁਮਾਇੰਦਿਆਂ ਨੂੰ ਕੈਬਨਿਟ ’ਚ ਨਾਲ ਬੈਠਾ ਰੱਖਿਆ ਹੈ। ਇਸ ਕਰਕੇ ਕਾਂਗਰਸ ਕੋਲੋਂ ਮਾਫ਼ੀਆ ਰਾਜ ਦੇ ਖ਼ਾਤਮੇ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ।
ਮੀਤ ਹੇਅਰ ਨੇ ਕਿਹਾ ਕਾਂਗਰਸ ਅਤੇ ਭ੍ਰਿਸ਼ਟਾਚਾਰ ਇੱਕੋ ਸਿੱਕੇ ਦੇ 2 ਪਹਿਲੂ ਹਨ। ਇਸ ਲਈ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਨੂੰ ਖ਼ਤਮ ਕਰਨ ਲਈ ਕਾਂਗਰਸ ਨੂੰ ਵੀ ਉਸੇ ਤਰ੍ਹਾਂ ਸੱਤਾ ਤੋਂ ਲਾਂਭੇ ਕਰਨਾ ਪਵੇਗਾ, ਜਿਵੇਂ 2017 ’ਚ ਬਾਦਲਾਂ ਨੂੰ ਕੀਤਾ ਸੀ।