BJP in Punjab: ਬੀਜੇਪੀ ਦਾ ਹਿੰਦੂਵਾਦੀ ਏਜੰਡਾ ਪੰਜਾਬ ਵਿੱਚ ਰਾਸ ਨਹੀਂ ਆ ਰਿਹਾ। ਪੰਜਾਬ ਦੇ ਹਿੰਦੂ ਵੋਟਰ ਬੀਜੇਪੀ ਦੀਆਂ ਨੀਤੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ। ਇਹੀ ਕਾਰਨ ਹੈ ਕਿ ਬੀਜੇਪੀ ਨੂੰ ਪੰਜਾਬ ਅੰਦਰ ਹਰ ਵਾਰ ਚੋਣਾਂ ਵਿੱਚ ਮਾਤ ਖਾਣੀ ਪੈ ਰਹੀ ਹੈ।
ਦਰਅਸਲ ਪਿਛਲੇ ਦਹਾਕੇ ਤੋਂ ਭਾਰਤੀ ਜਨਤਾ ਪਾਰਟੀ (ਬੀਜੇਪੀ) ਪੂਰੇ ਦੇਸ਼ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਬੀਜੇਪੀ ਤੀਜੀ ਵਾਰ ਕੇਂਦਰੀ ਸੱਤਾ ਵਿੱਚ ਆਈ ਹੈ। ਇਸ ਤੋਂ ਇਲਾਵਾ ਪਾਰਟੀ ਨੇ ਆਪਣੇ ਦਮ 'ਤੇ ਕਈ ਸੂਬਿਆਂ ਵਿੱਚ ਸਰਕਾਰਾਂ ਵੀ ਬਣਾਈਆਂ ਹਨ। ਹਾਲ ਹੀ ਵਿੱਚ ਹਰਿਆਣਾ ਤੇ ਮਹਾਰਾਸ਼ਟਰ ਵਿੱਚ ਵੀ ਭਾਜਪਾ ਨੇ ਭਾਰੀ ਬਹੁਮਤ ਨਾਲ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਇਸ ਦੇ ਬਾਵਜੂਦ ਪਾਰਟੀ ਪੰਜਾਬ ਦੀ ਹਿੰਦੂ ਵਸੋਂ ਵਿੱਚ ਆਪਣੀ ਪਕੜ ਬਣਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ।
ਅਹਿਮ ਗੱਲ ਹੈ ਕਿ ਸਿੱਖ ਬਹੁਗਿਣਤੀ ਵਜੋਂ ਜਾਣੇ ਜਾਂਦੇ ਪੰਜਾਬ ਅੰਦਰ 2011 ਦੀ ਮਰਦਮਸ਼ੁਮਾਰੀ ਅਨੁਸਾਰ ਹਿੰਦੂਆਂ ਦੀ ਕੁੱਲ ਆਬਾਦੀ 38.5 ਫੀਸਦੀ ਹੈ। ਸੂਬੇ ਦੇ 45 ਵਿਧਾਨ ਸਭਾ ਹਲਕੇ ਅਜਿਹੇ ਹਨ ਜਿੱਥੇ ਹਿੰਦੂ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ। ਇਸ ਦੇ ਬਾਵਜੂਦ ਭਾਜਪਾ ਦਾ ਜਾਦੂ ਕੰਮ ਨਹੀਂ ਕਰ ਰਿਹਾ। ਬੀਜੇਪੀ ਦੇ ਥਿੰਕ ਟੈਂਕਾਂ ਨੇ ਵਾਰ-ਵਾਰ ਆਪਣੀ ਰਣਨੀਤੀ ਬਦਲੀ ਹੈ ਪਰ ਹਰ ਵਾਰ ਮੂੰਹ ਦੀ ਖਾਣੀ ਪਈ ਹੈ।
ਪਿਛਲਾ ਇਤਿਹਾਸ ਵੇਖੀਏ ਤਾਂ ਪੰਜਾਬ ਦੀਆਂ ਵਿਧਾਨ ਸਭਾ, ਲੋਕ ਸਭਾ ਤੇ ਜ਼ਿਮਨੀ ਚੋਣਾਂ ਵਿੱਚ ਪਾਰਟੀ ਕੁਝ ਖਾਸ ਨਹੀਂ ਕਰ ਸਕੀ ਤੇ ਹਾਰ ਦਾ ਮੂੰਹ ਦੇਖਣਾ ਪਿਆ ਹੈ। ਸਿਆਸੀ ਮਾਹਿਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਤੋੜਨਾ, ਅੰਦਰੂਨੀ ਧੜੇਬੰਦੀ ਤੇ ਅਨੁਸੂਚਿਤ ਜਾਤੀਆਂ ਦੀਆਂ ਵੋਟਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲ ਤਬਦੀਲ ਹੋਣ ਦੇ ਮੁੱਖ ਕਾਰਨ ਹਨ।
ਅਕਾਲੀ ਦਲ ਨਾਲੋਂ ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਦਾ ਗ੍ਰਾਫ ਲਗਾਤਾਰ ਡਿੱਗ ਰਿਹਾ ਹੈ। ਸੂਬੇ ਵਿੱਚ ਹਿੰਦੂ ਵੋਟਾਂ ਹਮੇਸ਼ਾ ਕਾਂਗਰਸ ਦੇ ਨਾਲ ਹੀ ਗਈਆਂ ਹਨ ਪਰ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਭਾਜਪਾ ਨੂੰ ਵੀ ਹਿੰਦੂ ਵੋਟਰਾਂ ਦਾ ਸਮਰਥਨ ਮਿਲਿਆ ਸੀ। ਇਸੇ ਕਾਰਨ ਭਾਜਪਾ ਨੇ ਅਕਾਲੀ ਦਲ ਨਾਲ ਗਠਜੋੜ ਕਰਕੇ ਤਿੰਨ ਵਾਰ ਭਾਜਪਾ-ਅਕਾਲੀ ਸਰਕਾਰ ਬਣਾਈ ਸੀ।
ਸਿਆਸੀ ਮਹਿਰਾਂ ਦਾ ਕਹਿਣਾ ਹੈ ਕਿ ਅਨੁਸੂਚਿਤ ਜਾਤੀ ਤੇ ਸ਼ਹਿਰੀ ਹਿੰਦੂ ਵੋਟਰਾਂ ਦੇ ਕਾਂਗਰਸ ਤੇ 'ਆਪ' ਵੱਲ ਜਾਣ ਕਾਰਨ ਬੀਜੇਪੀ ਨੂੰ ਨੁਕਸਾਨ ਹੋਇਆ ਹੈ। ਸ਼ਹਿਰੀ ਖੇਤਰਾਂ ਵਿੱਚ ਵੱਧ ਸੀਟਾਂ ਜਿੱਤਣ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਦੋ ਵਾਰ ਕਾਂਗਰਸ ਦੀ ਸਰਕਾਰ ਬਣਾਈ ਸੀ। ਇਸੇ ਤਰ੍ਹਾਂ 'ਆਪ' ਨੇ ਵੀ ਸਾਲ 2022 'ਚ ਪਹਿਲੀ ਵਾਰ ਹਿੰਦੂ ਪ੍ਰਧਾਨ ਸ਼ਹਿਰੀ ਖੇਤਰਾਂ 'ਚ ਵਧੀਆ ਪ੍ਰਦਰਸ਼ਨ ਕਰਕੇ ਸੂਬੇ 'ਚ ਆਪਣੀ ਸਰਕਾਰ ਬਣਾਈ।
ਇਸ ਤਰ੍ਹਾਂ ਕਾਂਗਰਸ ਤੇ ‘ਆਪ’ ਦਰਮਿਆਨ ਹਿੰਦੂ ਸ਼ਹਿਰੀ ਵੋਟਾਂ ਦੀ ਵੰਡ ਤੇ ਅਕਾਲੀ ਦਲ ਨਾਲੋਂ ਬੀਜੇਪੀ ਦਾ ਗਠਜੋੜ ਟੁੱਟਣ ਕਾਰਨ ਅਕਾਲੀ ਸਮਰਥਕ ਹਿੰਦੂ ਵੋਟਰ ਦੂਰ ਚਲੇ ਜਾਣ ਕਾਰਨ ਭਾਜਪਾ ਨੂੰ ਵੀ ਨੁਕਸਾਨ ਹੋਇਆ ਹੈ। ਪਹਿਲਾਂ ਭਾਜਪਾ ਅਕਾਲੀ ਦਲ ਨਾਲ ਗਠਜੋੜ ਕਰਕੇ 23 ਵਿਧਾਨ ਸਭਾ ਸੀਟਾਂ ਤੇ 3 ਲੋਕ ਸਭਾ ਸੀਟਾਂ 'ਤੇ ਚੋਣ ਲੜਦੀ ਸੀ, ਪਰ ਹੁਣ ਪਾਰਟੀ ਨੂੰ ਆਪਣੇ ਦਮ 'ਤੇ ਵੱਧ ਤੋਂ ਵੱਧ ਸੀਟਾਂ 'ਤੇ ਚੋਣ ਲੜਨੀ ਪੈ ਰਹੀ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸੂਬਾਈ ਲੀਡਰਸ਼ਿਪ ਵਿੱਚ ਧੜੇਬੰਦੀ ਵੀ ਬੀਜੇਪੀ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਜ਼ਿਮਨੀ ਚੋਣ ਪ੍ਰਚਾਰ ਦੌਰਾਨ ਲਾਪਤਾ ਰਹੇ। ਅਕਾਲੀ ਦਲ ਨਾਲ ਗਠਜੋੜ ਤੋੜਨ ਤੋਂ ਬਾਅਦ, ਭਾਜਪਾ ਨੇ ਸਾਲ 2022 ਵਿੱਚ 73 ਸੀਟਾਂ 'ਤੇ ਆਪਣੇ ਦਮ 'ਤੇ ਵਿਧਾਨ ਸਭਾ ਚੋਣਾਂ ਲੜੀਆਂ, ਪਰ ਉਸ ਨੂੰ ਸਿਰਫ ਦੋ ਸੀਟਾਂ ਹੀ ਮਿਲੀਆਂ। ਇਸ ਤੋਂ ਬਾਅਦ ਪਾਰਟੀ ਸੰਗਰੂਰ ਲੋਕ ਸਭਾ ਉਪ ਚੋਣ ਵੀ ਹਾਰ ਗਈ। 2024 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਕੋਈ ਸੀਟ ਨਹੀਂ ਮਿਲੀ, ਜਦਕਿ ਹੁਣ ਪਾਰਟੀ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਵੀ ਖਾਲੀ ਹੱਥ ਰਹੀ।