ਗੁਰਦਾਸਪੁਰ: ਸੋਸ਼ਲ ਮੀਡੀਆ 'ਤੇ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਆਦਮੀ ਤੇ ਦੋ ਔਰਤਾਂ ਇੱਕ ਹੋਰ ਔਰਤ ਨੂੰ ਬੁਰੀ ਤਰ੍ਹਾਂ ਕੁੱਟ ਰਹੀਆਂ ਹਨ। ਹਮਲਾ ਕਰਨ ਵਾਲਾ ਆਦਮੀ ਔਰਤ ਨੂੰ ਵਾਲਾਂ ਤੋਂ ਖਿੱਚ ਰਿਹਾ ਹੈ ਤੇ ਸੋਟੀ ਨਾਲ ਕੁੱਟ ਰਿਹਾ ਹੈ। ਕੇਸ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹ ਵੀਡੀਓ ਗੁਰਦਾਸਪੁਰ ਦੇ ਡੇਅਰੀਵਾਲ ਦਰੋਗਾ ਪਿੰਡ ਦੀ ਹੈ, ਜਿੱਥੇ ਪੀੜਤਾ ਕੰਵਲਜੀਤ ਕੌਰ ਨੂੰ ਉਸ ਦਾ ਜੇਠ, ਜੇਠਾਣੀ ਤੇ ਸੱਸ ਕੁੱਟ ਰਹੀਆਂ ਹਨ।



ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤੇ ਪੀੜਤਾ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਹਸਪਤਾਲ ਵਿੱਚ ਦਾਖਲ ਪੀੜਤਾ ਕੰਵਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਛੇ ਸਾਲ ਪਹਿਲਾਂ ਹਰਪ੍ਰੀਤ ਸਿੰਘ ਨਿਵਾਸੀ ਡੇਅਰੀਵਾਲ ਦਰੋਗਾ ਨਾਲ ਹੋਇਆ ਸੀ। ਉਹ ਵਿਦੇਸ਼ ਵਿੱਚ ਰਹਿੰਦਾ ਹੈ। ਜਦੋਂ ਉਹ ਪਿਛਲੀ ਵਾਰ ਆਇਆ ਤਾਂ ਦੋਵਾਂ ਦਾ ਆਪਸੀ ਝਗੜਾ ਹੋ ਗਿਆ ਤੇ ਬਾਅਦ ਵਿੱਚ ਪਰਿਵਾਰ ਵਿੱਚ ਬੈਠ ਕੇ ਗੱਲ ਖ਼ਤਮ ਹੋ ਗਈ।

ਇਹ ਗੱਲ ਇੱਥੇ ਹੀ ਨਹੀਂ ਮੁੱਕੀ, ਕੰਵਲਜੀਤ ਦੇ ਪਤੀ ਦੇ ਵਿਦੇਸ਼ ਜਾਣ ਤੋਂ ਬਾਅਦ ਉਸ ਦੇ ਜੇਠ ਤੇ ਜਠਾਣੀ ਨੇ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਆਪਣੀ ਸ਼ਿਕਾਇਤ ‘ਚ ਪੀੜਤਾ ਨੇ ਕਿਹਾ ਕਿ ਉਸ ਦਾ ਜੇਠ ਉਸ ‘ਤੇ ਗਲਤ ਨਜ਼ਰ ਰੱਖਦਾ ਸੀ। ਜਦੋਂ ਇਸ ਬਾਰੇ ਕੰਵਲਜੀਤ ਨੇ ਆਪਣੀ ਸੱਸ ਤੇ ਪਤੀ ਨੂੰ ਇਹ ਦੱਸਿਆ ਤਾਂ ਕਿਸੇ ਨੇ ਯਕੀਨ ਨਹੀਂ ਕੀਤਾ ਪਰ ਬਾਅਦ ‘ਚ ਇਹ ਗੱਲ ਉਸ ਨੇ ਆਪਣੀ ਭਾਬੀ ਨੂੰ ਦੱਸੀ।

ਉਹ ਕੱਲ੍ਹ ਗੱਲ ਕਰਨ ਆਈ ਤਾਂ ਸਭ ਨੇ ਮੈਨੂੰ (ਕੰਵਲਜੀਤ) ਕੁੱਟਣਾ ਸ਼ੁਰੂ ਕਰ ਦਿੱਤਾ। ਪੀੜਤਾ ਨਾਲ ਕੁੱਟਮਾਰ ਦਾ ਵੀਡੀਓ ਉਸ ਦੀ ਭਰਜਾਈ ਨੇ ਬਣਾਇਆ। ਪੀੜਤਾ ਨੇ ਕਿਹਾ ਕਿ ਪਹਿਲਾਂ ਵੀ ਉਸ ਨੂੰ ਕਈ ਵਾਰ ਕੁੱਟਿਆ ਗਿਆ ਹੈ। ਹੁਣ ਪੀੜਤਾ ਨੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।



ਉਧਰ, ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਜਦੋਂ ਉਸ ਨੂੰ ਵੀਡੀਓ ਦਾ ਪਤਾ ਚੱਲਿਆ ਤਾਂ ਉਸੇ ਸਮੇਂ ਔਰਤ ਦੇ ਬਿਆਨਾਂ ਮੁਤਾਬਕ ਜਾਂਚ ਸ਼ੁਰੂ ਕਰ ਦਿੱਤੀ। ਪੀੜਤ ਔਰਤ ਨੇ ਆਪਣੀ ਜਠਾਣੀ, ਜੇਠ ਤੇ ਸੱਸ ‘ਤੇ ਇਲਜ਼ਾਮ ਲਾਇਆ ਹੈ। ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904