Barnala news: ਬਰਨਾਲਾ ਦੇ ਪਿੰਡ ਹਮੀਦੀ ਵਿੱਚ ਇੱਕ ਮਹਿਲਾ ਵਲੋਂ ਆਪਣੇ ਬੱਚਿਆਂ ਨਾਲ ਪਾਣੀ ਦੀ ਟੈਂਕੀ ‘ਤੇ ਚੜ੍ਹਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਿਕ ਵਿਵਾਦ ਦੇ ਕਰਕੇ ਮਹਿਲਾ ਦੂਜੀ ਵਾਰ ਟੈਂਕੀ ‘ਤੇ ਚੜ੍ਹ ਗਈ ਹੈ।


ਇਸ ਮੌਕੇ ਟੈਂਕੀ ’ਤੇ ਚੜ੍ਹੀ ਮਹਿਲਾ ਮਹਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਜੱਗਾ ਸਿੰਘ ਅਤੇ ਦਿਓਰ ਦੇ ਪਰਿਵਾਰ ਨੇ ਉਸ ਦੀ ਅਤੇ ਉਸ ਦੀਆਂ ਧੀਆਂ ਦੀ ਕੁੱਟਮਾਰ ਕੀਤੀ। ਉਸ ਦਾ ਪਤੀ ਜੱਗਾ ਸਿੰਘ ਪਹਿਲਾਂ ਸਾਡੇ ਨਾਲ ਰਹਿੰਦਾ ਸੀ। ਪਰ ਕੁਝ ਸਮਾਂ ਪਹਿਲਾਂ ਉਹ ਪਰਿਵਾਰ ਤੋਂ ਵੱਖ ਹੋ ਕੇ ਆਪਣੇ ਭਰਾ ਨਾਲ ਰਹਿ ਰਿਹਾ ਹੈ। ਉੱਥੇ ਹੀ ਦੋ ਦਿਨ ਪਹਿਲਾਂ ਮੇਰੇ ਪਤੀ, ਦਿਓਰ, ਉਸ ਦੀ ਪਤਨੀ ਅਤੇ ਕੁਝ ਹੋਰ ਲੋਕਾਂ ਨੇ ਆ ਕੇ ਸਾਡੇ ਘਰ ‘ਤੇ ਹਮਲਾ ਕਰ ਦਿੱਤਾ।


ਇਸ ਕਰਕੇ ਮੈਨੂੰ ਅਤੇ ਮੇਰੀਆਂ ਧੀਆਂ ਨੂੰ ਕਾਫੀ ਸੱਟਾਂ ਲੱਗੀਆਂ। ਉਨ੍ਹਾਂ ਇਸ ਹਮਲੇ ਸਬੰਧੀ ਪੁਲਿਸ ਪ੍ਰਸ਼ਾਸਨ ਨਾਲ ਵੀ ਸੰਪਰਕ ਕੀਤਾ, ਪਰ ਕੋਈ ਸੁਣਵਾਈ ਨਹੀਂ ਹੋਈ। ਉਸ ਨੇ ਦੱਸਿਆ ਕਿ ਥਾਣਾ ਠੁੱਲੀਵਾਲ ਦੇ ਐਸਐਚਓ ਨੇ ਮਾਮਲੇ ਵਿੱਚ ਸਮਝੌਤਾ ਕਰਵਾਉਣ ਲਈ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਸਮਝੌਤਾ ਨਾ ਹੋਣ ਦੀ ਸੂਰਤ ਵਿੱਚ ਝੂਠਾ ਕੇਸ ਦਰਜ ਕਰਨ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਆਪਣੀਆਂ ਤਿੰਨ ਧੀਆਂ ਲਈ ਇਨਸਾਫ ਦੀ ਮੰਗ ਕਰ ਰਹੀ ਹਾਂ।


ਇਹ ਵੀ ਪੜ੍ਹੋ: Punjab News: ਹਰਸਿਮਰਤ ਬਾਦਲ ਨੇ ਮਾਨ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ, ਕਿਹਾ-ਹੁਣ ਸੂਬੇ 'ਚ ਨਸ਼ਾ ਕੌਣ ਵਿਕਵਾ ਰਿਹੈ ?


ਪਰ ਕੋਈ ਸੁਣਵਾਈ ਨਾ ਹੋਣ ਕਾਰਨ ਉਹ ਪਾਣੀ ਵਾਲੀ ਟੈਂਕੀ 'ਤੇ ਚੜ੍ਹਨ ਲਈ ਮਜਬੂਰ ਹੋ ਗਈ ਹੈ। ਉਸ ਨੇ ਕਿਹਾ ਕਿ ਜ਼ਮੀਨ ਵੇਚ ਕੇ ਮੇਰੇ ਪਤੀ ਕੋਲੋਂ ਪੈਸੇ ਲਏ ਜਾ ਰਹੇ ਹਨ, ਜਦਕਿ ਮੇਰੀਆਂ ਧੀਆਂ ਦਾ ਹੱਕ ਮਾਰਿਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਹੁਣ ਉਸ ਕੋਲ ਆਪਣੀਆਂ ਧੀਆਂ ਨੂੰ ਪਾਲਣ ਦਾ ਕੋਈ ਸਾਧਨ ਨਹੀਂ ਹੈ। ਜਿਸ ਕਾਰਨ ਉਹ ਆਪਣੀ ਜ਼ਮੀਨ ਦਾ ਹੱਕ ਮੰਗ ਰਹੀ ਹੈ। ਜੇਕਰ ਉਨ੍ਹਾਂ ਨੂੰ ਕੁੱਟਮਾਰ ਮਾਮਲੇ ਅਤੇ ਜ਼ਮੀਨ ਸਬੰਧੀ ਇਨਸਾਫ਼ ਨਾ ਮਿਲਿਆ ਤਾਂ ਉਹ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਵੇਗੀ


ਦੂਜੇ ਪਾਸੇ ਇਸ ਸਬੰਧੀ ਥਾਣਾ ਠੁੱਲੀਵਾਲ ਦੇ ਐਸਐਚਓ ਬਲਦੇਵ ਸਿੰਘ ਨੇ ਦੱਸਿਆ ਕਿ ਮਹਿੰਦਰ ਕੌਰ ਦਾ ਆਪਣੇ ਪਤੀ ਨਾਲ ਘਰੇਲੂ ਝਗੜਾ ਚੱਲ ਰਿਹਾ ਹੈ। ਦੋ ਦਿਨ ਪਹਿਲਾਂ ਉਸ ਨੇ ਪੰਚਾਇਤ ਦੀ ਹਾਜ਼ਰੀ ਵਿੱਚ ਲਿਖਤੀ ਸਮਝੌਤਾ ਕੀਤਾ ਸੀ ਪਰ ਇਹ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ। ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਹੈ, ਜਿਸ ਕਾਰਨ ਉਹ ਸ਼ਿਕਾਇਤ ਤੋਂ ਬਾਅਦ ਹੀ ਕਾਰਵਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਟੈਂਕੀ 'ਤੇ ਚੜ੍ਹੀ ਔਰਤ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਪਰਿਵਾਰ ਦੇ ਘਰੇਲੂ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।


ਇਹ ਵੀ ਪੜ੍ਹੋ: Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਜੇਈ 5,000 ਰੁਪਏ ਦੀ ਰਿਸ਼ਵਤ ਲੈਂਦਾ ਕਾਬੂ