ਜਲੰਧਰ:  ਜਲੰਧਰ ਦੇ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿੱਚ ਕਈ ਵਾਰੀ ਲਾਪ੍ਰਵਾਹੀ ਹੋਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਹਰ ਵਾਰੀ ਜਾਂਚ ਦਾ ਵਿਸ਼ਾ ਬਣ ਕੇ ਰਹਿ ਜਾਂਦੇ ਹਨ। ਹੁਣ ਇੱਕ ਵਾਰ ਫ਼ਿਰ ਜਲੰਧਰ ਦਾ ਸਰਕਾਰੀ ਹਸਪਤਾਲ ਚਰਚਾ 'ਚ ਆ ਗਿਆ ਹੈ। ਹਸਪਤਾਲਾਂ ਵਿੱਚ ਤਾਇਨਾਤ ਸਟਾਫ਼ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦਾ ਨਜ਼ਰ ਆ ਰਿਹਾ ਹੈ। ਜਲੰਧਰ ਦੇ ਸਿਵਲ ਹਸਪਤਾਲ 'ਚ ਐਤਵਾਰ ਰਾਤ ਨੂੰ ਇੱਕ ਗਰਭਵਤੀ ਔਰਤ ਨੇ ਸਿਵਲ ਹਸਪਤਾਲ ਦੇ ਗੇਟ 'ਤੇ ਬੱਚੇ ਨੂੰ ਜਨਮ ਦਿੱਤਾ ਹੈ।



ਇਸ ਦੌਰਾਨ ਪੀੜਤ ਔਰਤ ਦੇ ਪਤੀ ਨੇ ਇਲਜ਼ਾਮ ਲਾਇਆ ਹੈ ਕਿ ਉਹ ਸ਼ਾਮ 6 ਵਜੇ ਸਿਵਲ ਹਸਪਤਾਲ ਪਹੁੰਚਿਆ ਸੀ। ਉਨ੍ਹਾਂ ਹਸਪਤਾਲ ਦੇ ਸਟਾਫ਼ ਨੂੰ ਕਿਹਾ ਸੀ ਕਿ ਗਰਭ ਅਵਸਥਾ ਦੇ 7ਵੇਂ ਮਹੀਨੇ ਹੀ ਦਰਦ ਹੋ ਹੈ ਪਰ ਡਾਕਟਰਾਂ ਤੋਂ ਲੈ ਕੇ ਸਟਾਫ਼ ਤੱਕ ਕਿਸੇ ਨੇ ਵੀ ਇਸ ਨੂੰ ਸੀਰੀਅਸ ਨਹੀਂ ਲਿਆ। ਸਗੋਂ ਆਪਣੇ ਮੋਬਾਈਲ 'ਚ ਰੁਝੇ ਰਹੇ। ਉਸ ਨੇ ਦੋਸ਼ ਲਗਾਇਆ ਕਿ ਡਾਕਟਰ ਕਹਿੰਦੇ ਰਹੇ ਕਿ ਹੁਣੇ ਇਲਾਜ ਸ਼ੁਰੂ ਕਰਦੇ ਹਾਂ ਪਰ ਡੇਢ ਘੰਟੇ ਬਾਅਦ ਸਟਾਫ਼ ਨੇ ਕਾਗ਼ਜ਼ੀ ਕਾਰਵਾਈ ਸ਼ੁਰੂ ਕੀਤੀ।

ਜਦੋਂ ਰਾਤ ਦੇ 10 ਵਜੇ ਦਰਦ ਬਰਦਾਸ਼ਤ ਤੋਂ ਬਾਹਰ ਹੋ ਗਿਆ ਤਾਂ ਉਸ ਨੇ ਸਟਾਫ ਨੂੰ ਬੇਨਤੀ ਕੀਤੀ ਪਰ ਰਾਤ ਦੀ ਸ਼ਿਫਟ 'ਚ ਆਏ ਸਟਾਫ ਦਾ ਰਵੱਈਆ ਇੰਨਾ ਮਾੜਾ ਸੀ ਕਿ ਉਨ੍ਹਾਂ ਦਾ ਰਵੱਈਆ ਦੇਖ ਕੇ ਔਰਤ ਨਾਲ ਸਿਵਲ ਹਸਪਤਾਲ ਪਹੁੰਚੇ ਪਰਿਵਾਰਕ ਮੈਂਬਰ ਪ੍ਰੇਸ਼ਾਨ ਹੋ ਗਏ। ਪਤੀ ਨੇ ਦੋਸ਼ ਲਗਾਇਆ ਕਿ ਰਾਤ ਦਾ ਸਟਾਫ਼ ਖਾਣਾ ਖਾਣ ਵਿੱਚ ਰੁੱਝਿਆ ਹੋਇਆ ਸੀ ਤੇ ਚੈਕਅੱਪ ਕਰਨ ਦੀ ਬਜਾਏ ਔਰਤ ਨੂੰ ਸੈਰ ਕਰਨ ਦੀ ਗੱਲ ਕਹੀ।

ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਬਾਹਰ ਜਿਵੇਂ ਹੀ ਔਰਤ ਨੂੰ ਸਟਰੈਚਰ ਤੋਂ ਉਤਾਰਿਆ ਤਾਂ ਉਸ ਦੀ ਡਿਲੀਵਰੀ ਹੋ ਗਈ। ਹਸਪਤਾਲ ਦੇ ਬਾਹਰ ਔਰਤਾਂ ਨੇ ਦੁਪੱਟੇ ਦੇ ਓਹਲੇ ਮਹਿਲਾ ਦੀ ਡਿਲੀਵਰੀ ਕਰਵਾਈ। ਇਸ ਸਬੰਧੀ ਜਦੋਂ ਹਸਪਤਾਲ ਦੇ ਸਟਾਫ਼ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਵਤੀਰਾ ਠੀਕ ਨਹੀਂ ਸੀ। ਉਹ ਕਹਿਣ ਲੱਗੇ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰਨ ਲਈ ਕਿਹਾ ਗਿਆ ਸੀ ਪਰ ਉਹ ਨਹੀਂ ਮੰਨੇ। ਜਦੋਂ ਉਸ ਦੇ ਇਲਾਜ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ।