Hoshiarpur News :  ਗਰੀਬ ਪਰਿਵਾਰਾਂ ਦੀਆਂ ਲੜਕੀਆਂ ਅਤੇ ਔਰਤਾਂ ਨੂੰ ਦੁਬਈ ਅਤੇ ਮਸਕਟ ਵਿਚ ਕੰਮ ’ਤੇ ਲਗਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਉਥੇ ਬੁਲਾ ਕੇ ਅੱਗੇ ਅਮੀਰ ਪਰਿਵਾਰਾਂ ਦੇ ਘਰਾਂ ਵਿਚ ਕੰਮ ਲਈ ਵੇਚਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।  ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ,ਜਦੋਂ ਹੁਸ਼ਿਆਰਪੁਰ ਦੇ ਪਿੰਡ ਸ਼ੇਰਗੜ੍ਹ ਦੀ ਦੁਬਈ 'ਚ ਰਹਿਣ ਵਾਲੀ ਇਕ ਲੜਕੀ ਨੇ ਆਪਣੇ ਘਰ ਪਹੁੰਚ ਕੇ ਆਪਣੇ ਮਾਤਾ-ਪਿਤਾ ਅਤੇ ਭਰਾ ਨੂੰ ਆਪਣੀ ਹੱਡਬੀਤੀ ਦੱਸੀ।



 

ਦੁਬਈ ਤੋਂ ਘਰ ਪਰਤੀ ਲੜਕੀ ਨੇ ਦੋਸ਼ ਲਗਾਇਆ ਕਿ ਉਸ ਨੂੰ ਉਸ ਦੇ ਪਿੰਡ ਦੀ ਹੀ ਇਕ ਔਰਤ ਨੇ ਓਥੇ ਫਸਾ ਦਿੱਤਾ ਸੀ। ਉਕਤ ਔਰਤ ਨੇ ਪਹਿਲਾਂ ਜਿੱਦ ਕਰਕੇ ਉਸ ਨੂੰ ਆਪਣੇ ਕੋਲ ਦੁਬਈ ਬੁਲਾਇਆ ਅਤੇ ਪਹੁੰਚਣ ’ਤੇ 22 ਦਿਨ ਤੱਕ ਆਪਣੇ ਕੋਲ ਰੱਖਿਆ ਅਤੇ ਕੁੱਟਮਾਰ ਕਰਦੀ ਰਹੀ। ਫਿਰ ਮਸਕਟ ਦੇ ਇੱਕ ਅਮੀਰ ਪਰਿਵਾਰ ਨੂੰ ਵੇਚ ਦਿਤਾ ਸੀ। ਹੁਣ ਪੀੜਤ ਲੜਕੀ ਕਰੀਬ 5 ਮਹੀਨਿਆਂ ਬਾਅਦ ਕਿਸੇ ਤਰ੍ਹਾਂ ਆਪਣੇ ਪਿੰਡ ਪਰਤੀ ਹੈ। ਜਿਸ ਤੋਂ ਬਾਅਦ ਉਸ ਨੇ ਘਰ ਇਹ ਸਭ ਖ਼ੁਲਾਸੇ ਕੀਤੇ ਹਨ। 

 

ਉਸ ਨੇ ਦੱਸਿਆ ਕਿ ਉਸ ਨੂੰ ਪਿੰਡ ਦੀ ਇਕ ਔਰਤ ਕਾਰਨ ਵੱਡੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਹ ਬੜੀ ਮੁਸ਼ਕਲ ਨਾਲ ਉਨ੍ਹਾਂ ਦੇ ਚੁੰਗਲ ’ਚੋਂ ਛੁੱਟ ਕੇ ਆਈ ਹੈ। ਉਕਤ ਔਰਤ ਇੱਕ ਵੱਡੇ ਗਿਰੋਹ ਨਾਲ ਕੁੜੀਆਂ ਅਤੇ ਔਰਤਾਂ ਨੂੰ ਗੁੰਮਰਾਹ ਕਰਕੇ ਇਥੋਂ ਮੰਗਵਾ ਕੇ ਅੱਗੇ ਵੇਚ ਰਹੀ ਹੈ ਅਤੇ ਉਸ ਕੋਲ ਅਜੇ ਵੀ 30 ਦੇ ਕਰੀਬ ਅਜਿਹੀਆਂ ਮਜਬੂਰ ਲੜਕੀਆਂ ਫਸੀਆਂ ਹੋਈਆਂ ਹਨ। 


ਐਸਐਚਓ ਸਦਰ ਨੇ ਦੱਸਿਆ ਕਿ ਪਿੰਡ ਸ਼ੇਰਗੜ੍ਹ ਦੀ ਲੜਕੀ ਨੇ ਲਿਖਤੀ ਸ਼ਿਕਾਇਤ ਦਿੱਤੀ ,ਜਿਸ ਦੇ ਚੱਲਦੇ ਪੁਲਸ ਨੇ ਪੀੜਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਸ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਜਨਵਰੀ ਮਹੀਨੇ ਵਿਚ ਦੁਬਈ ਵਿਚ ਰਹਿੰਦੀ ਇਸੇ ਪਿੰਡ ਦੀ ਊਸ਼ਾ ਰਾਣੀ ਨੇ ਕਈ ਵਾਰ ਫੋਨ ਕਰ ਕੇ ਕਿਹਾ ਕਿ ਜੇਕਰ ਉਹ ਦੁਬਈ ਆ ਜਾਵੇ ਤਾਂ ਉਸ ਨੂੰ ਚੰਗੀ ਨੌਕਰੀ ਮਿਲ ਜਾਵੇਗੀ। ਉਸ ਨੇ ਕਿਹਾ ਕਿ ਮੇਰੇ ਕੋਲ ਕੁਵੈਤ ਦਾ ਵੀਜ਼ਾ ਹੈ ਪਰ ਉਹ ਨਹੀਂ ਮੰਨੀ।

 


ਉਸ ਨੇ ਗੱਲਾਂ ਵਿਚ ਆ ਕੇ 30 ਹਜ਼ਾਰ ਰੁਪਏ ਦੇ ਦਿਤੇ। ਉਹ 5 ਜਨਵਰੀ ਨੂੰ ਦੁਬਈ ਪਹੁੰਚੀ ਸੀ। ਉਹ ਊਸ਼ਾ ਕੋਲ 22 ਦਿਨ ਰਹੀ। ਇਸ ਦੌਰਾਨ ਕੋਈ ਕੰਮ ਨਾ ਦਿਤਾ ਅਤੇ ਮਾਰਕੁੱਟ ਕਰਨੀ ਸ਼ੁਰੂ ਕਰ ਦਿਤੀ। ਮੈਂ ਉਸ ਨੂੰ ਘਰ ਭੇਜਣ ਲਈ ਕਿਹਾ ਤੇ ਉਹ 2 ਲੱਖ ਰੁਪਏ ਮੰਗਣ ਲੱਗੀ। ਫਿਰ ਉਸ ਨੂੰ ਮਸਕਟ ਭੇਜ ਦਿਤਾ ਗਿਆ ਅਤੇ ਉੱਥੇ ਇੱਕ ਔਰਤ ਨੇ ਉਸ ਨੂੰ ਘਰ ਵਿਚ ਬੰਧਕ ਬਣਾ ਕੇ ਰੱਖਿਆ। ਉਹ ਸਾਰਾ ਦਿਨ ਕੰਮ ਕਰਵਾਉਂਦੀ ਸੀ ਪਰ ਪੈਸੇ ਮੰਗਣ 'ਤੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ। ਉੱਥੇ ਪਤਾ ਲਗਾ ਕਿ ਉਸ ਨੂੰ ਇਥੇ ਵੇਚ ਦਿਤਾ ਗਿਆ ਸੀ। 

 

ਇਕ ਦਿਨ ਉਹ ਗੁਪਤ ਰੂਪ ਵਿਚ ਘਰ ਛੱਡ ਕੇ ਗੁਰਦੁਆਰਾ ਸਾਹਿਬ ਚਲੀ ਗਈ। ਉਥੇ ਉਸ ਨੇ ਪ੍ਰਬੰਧਕਾਂ ਨੂੰ ਸਾਰੀ ਗੱਲ ਦੱਸੀ। ਜਿਸ ਨੇ ਪਾਸਪੋਰਟ ਬਣਵਾ ਕੇ ਭਾਰਤ ਪਹੁੰਚਣ ਵਿਚ ਮਦਦ ਕੀਤੀ ਹੈ। ਉਹ 25 ਮਈ 2023 ਨੂੰ ਆਪਣੇ ਘਰ ਵਾਪਸ ਆ ਗਈ ਹੈ। ਉਸ ਨੇ ਪੁਲਿਸ ਤੋਂ ਊਸ਼ਾ ਅਤੇ ਉਸ ਦੀ ਮਾਂ ਤੇ ਭਰਾ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ, ਜਿਸ ਕਾਰਨ ਪੁਲਿਸ ਨੇ ਉਸ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਪੀੜਤਾ ਦੇ ਬਿਆਨਾਂ 'ਤੇ ਮੁਲਜ਼ਮਾਂ ਊਸ਼ਾ ਰਾਣੀ ਪੁੱਤਰੀ ਸੋਹਣ ਲਾਲ, ਗੀਤਾ ਰਾਣੀ ਪਤਨੀ ਸੋਹਣ ਲਾਲ ਅਤੇ ਬੱਲੂ ਪੁੱਤਰ ਸੋਹਣ ਲਾਲ ਵਾਸੀ ਸ਼ੇਰਗੜ੍ਹ ਦੇ ਖ਼ਿਲਾਫ਼ ਧਾਰਾ 420, 370-ਏ, 120-ਬੀ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।