Gurdaspur News: ਸ੍ਰੀ ਹਰਗੋਬਿੰਦਪੁਰ ਦੇ ਪਿੰਡ ਚੀਮਾ ਖੁੱਡੀ 'ਚ ਪੁਲਿਸ ਕਾਂਸਟੇਬਲ ਵੱਲੋਂ ਔਰਤ ਨੂੰ ਥੱਪੜ ਮਾਰਨ ਤੋਂ ਬਾਅਦ ਪੀੜਤ ਔਰਤ ਨੇ ਮੀਡੀਆ ਸਾਹਮਣੇ ਆਉਂਦਿਆਂ ਕਿਹਾ ਕਿ ਉਸ ਦੇ ਪਤੀ ਨੂੰ ਪੁਲਿਸ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਸੀ ਜਦਕਿ ਉਸ ਦਾ ਪਤੀ ਪਹਿਲਾਂ ਹੀ ਦਿਲ ਦਾ ਮਰੀਜ਼ ਹੈ। ਜਦੋਂ ਔਰਤ ਨੇ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਪਤੀ ਦੀ ਕੁੱਟਮਾਰ ਕਰਨ ਤੋਂ ਰੋਕਿਆ ਤਾਂ ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਨੇ ਉਸ ਨੂੰ ਥੱਪੜ ਮਾਰ ਦਿੱਤਾ।

ਪੀੜਤ ਔਰਤ ਲਖਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਇੱਕ ਬੱਚਾ ਅਪਾਹਜ ਹੈ ਜਦਕਿ ਉਸ ਦਾ ਪਤੀ ਦਿਲ ਦਾ ਮਰੀਜ਼ ਹੈ। ਉਸ ਕੋਲ ਕੁੱਲ ਡੇਢ ਏਕੜ ਜ਼ਮੀਨ ਹੈ ਤੇ ਸਰਕਾਰ ਡੇਢ ਏਕੜ ਐਕੁਆਇਰ ਕਰ ਰਹੀ ਹੈ ਤੇ ਇਸ ਲਈ ਪ੍ਰਸ਼ਾਸਨ ਵੱਲੋਂ ਬਹੁਤ ਘੱਟ ਰੇਟ ਦਿੱਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਉਹ ਕਿਸਾਨ ਜਥੇਬੰਦੀਆਂ ਸਮੇਤ ਧਰਨੇ 'ਤੇ ਪੁੱਜੀ ਸੀ। ਇਸ ਦੌਰਾਨ ਪੁਲਿਸ ਵੱਲੋਂ ਉਸ ਨਾਲ ਬਦਸਲੂਕੀ ਤੇ ਕੁੱਟਮਾਰ ਕੀਤੀ ਗਈ। ਮਹਿਲਾ ਨੇ ਇਸ ਮਾਮਲੇ 'ਚ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।


ਇਹ ਵੀ ਪੜ੍ਹੋ : ਪੰਜਾਬ ਪੁਲਿਸ ਨਵੇਂ ਵਿਵਾਦ 'ਚ ਘਿਰੀ, ਕਿਸਾਨਾਂ 'ਤੇ ਸਖਤੀ ਕਰਦਿਆਂ ਔਰਤ ਨੂੰ ਮਾਰਿਆ ਥੱਪੜ, ਵੀਡੀਓ ਵਾਇਰਲ

ਦੱਸ ਦੇਈਏ ਕਿ ਗੁਰਦਾਸਪੁਰ ਜ਼ਿਲ੍ਹੇ ਦੀ ਇੱਕ ਮਹਿਲਾ ਕਿਸਾਨ ਨੂੰ ਪੁਲਿਸ ਮੁਲਾਜ਼ਮ ਵੱਲੋਂ ਥੱਪੜ ਮਾਰਨ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਬੁੱਧਵਾਰ ਨੂੰ ਕਿਸਾਨਾਂ ਨੇ ਦਿੱਲੀ-ਕਟੜਾ ਰਾਸ਼ਟਰੀ ਰਾਜਮਾਰਗ 'ਤੇ ਜ਼ਮੀਨ ਐਕਵਾਇਰ ਦੇ ਖਿਲਾਫ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀ ਹਰਗੋਬਿੰਦਪੁਰ ਬਲਾਕ ਦੇ ਪਿੰਡ ਭਾਮੜੀ ਵਿਖੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਨੇ ਇੱਕ ਮਹਿਲਾ ਕਿਸਾਨ ਨੂੰ ਥੱਪੜ ਮਾਰ ਦਿੱਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਦੀ ਨਿੰਦਾ ਕੀਤੀ ਜਾ ਰਹੀ ਹੈ ਤੇ ਸਵਾਲ ਚੁੱਕੇ ਜਾ ਰਹੇ ਹਨ।

ਪੰਜਾਬ ਪੁਲਿਸ ਦੀ ਹੋ ਰਹੀ ਆਲੋਚਨਾ
ਦੱਸ ਦੇਈਏ ਕਿ ਦਿੱਲੀ-ਕਟੜਾ ਨੈਸ਼ਨਲ ਹਾਈਵੇ 'ਤੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਕਿਸਾਨਾਂ ਨੇ ਧਰਨੇ ਦਾ ਰਾਹ ਅਖਤਿਆਰ ਕੀਤਾ। ਇਸ ਦੌਰਾਨ ਪੰਜਾਬ ਪੁਲਿਸ ਦਾ ਅਣਮਨੁੱਖੀ ਚਿਹਰਾ ਸਭ ਦੇ ਸਾਹਮਣੇ ਆਇਆ ਹੈ। ਪੁਲਿਸ ਨੇ ਕਿਸਾਨਾਂ ਨਾਲ ਹੱਥੋਪਾਈ ਕੀਤੀ, ਇਸ ਦੌਰਾਨ ਇੱਕ ਕਿਸਾਨ ਦੀ ਪੱਗ ਵੀ ਉਤਰ ਗਈ। ਪੁਲਿਸ ਵੱਲੋਂ ਔਰਤਾਂ ਨਾਲ ਬਦਸਲੂਕੀ ਵੀ ਕੀਤੀ ਗਈ। ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ। ਇਸ ਦੇ ਨਾਲ ਹੀ ਮਹਿਲਾ ਨੂੰ ਥੱਪੜ ਮਾਰਨ ਵਾਲੇ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿਸਾਨ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ।