ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਸੰਕਟ ਦਰਮਿਆਨ ਲੌਕਡਾਊਨ ਹੋਰ ਵਧਾ ਦਿੱਤਾ ਗਿਆ ਹੈ। ਪਰ ਕਰਫਿਊ ਦੌਰਾਨ ਵੀ ਕਈ ਲੋਕ ਬਿਨਾਂ ਕੰਮ ਘਰਾਂ 'ਚੋਂ ਬਾਹਰ ਨਿੱਕਲਣ ਤੋਂ ਨਹੀਂ ਹਟ ਰਹੇ ਤੇ ਕਾਨੂੰਨ ਦਾ ਪਾਲਣ ਨਹੀਂ ਕਰ ਰਹੇ। ਅਜਿਹੇ 'ਚ ਲਹਿਰਾਗਾਗਾ 'ਚ ਪੁਲਿਸ ਨੇ ਹੁਣ ਲੋਕਾਂ ਨੂੰ ਸਬਕ ਸਿਖਾਉਣ ਲਈ ਨਵਾਂ ਤਰੀਕਾ ਅਪਣਾਇਆ ਹੈ।


ਪੁਲਿਸ ਸ਼ਹਿਰ 'ਚ ਬਿਨਾਂ ਮਾਸਕ ਲਾਏ ਕਰਫਿਊ 'ਚ ਦਿੱਤੀ ਗਈ ਛੋਟ 'ਚ ਘੁੰਮ ਰਹੇ ਲੋਕਾਂ ਦੇ ਗਲੇ 'ਚ ਹਾਰ ਪਾਕੇ ਉਨ੍ਹਾਂ ਨੂੰ ਸ਼ਰਮਿੰਦਾ ਕਰ ਰਹੇ ਹਨ ਤਾਂ ਜੋ ਉਹ ਥੋੜੀ ਸ਼ਰਮ ਮਹਿਸੂਸ ਕਰਨ ਤੇ ਸੁਧਰ ਜਾਣ। ਅੱਜ ਸਵੇਰੇ ਕਰਫਿਊ 'ਚ 7 ਵਜੇ ਤੋਂ 11 ਵਜੇ ਤਕ ਛੋਟ ਦਿੱਤੀ ਗਈ ਪਰ ਇਸ ਦੌਰਾਨ ਵੀ ਲੋਕ ਸ਼ਹਿਰ 'ਚ ਬਿਨਾਂ ਮਾਸਕ ਘੁੰਮ ਰਹੇ ਸਨ। ਪੁਲਿਸ ਦੇ ਵਾਰ-ਵਾਰ ਕਹਿਣ 'ਤੇ ਜੋ ਕਾਨੂੰਨ ਨੂੰ ਨਹੀਂ ਮੰਨ ਰਹੇ ਸੀ ਤਾਂ ਪੁਲਿਸ ਨੇ ਇਕ ਅਨੋਖਾ ਤਰੀਕਾ ਲੱਭਿਆ। ਅਜਿਹੇ ਲੋਕਾਂ ਨੂੰ ਰੋਕ ਕੇ ਉਨ੍ਹਾਂ ਦੇ ਗਲੇ 'ਚ ਹਾਰ ਪਾਏ ਗਏ।


ਦਰਅਸਲ ਲੋਕ ਪੁਲਿਸ ਦੀ ਗੱਲ ਨਹੀਂ ਮੰਨ ਰਹੇ ਸਨ ਇਸ ਲਈ ਉਨ੍ਹਾਂ ਨੂੰ ਸ਼ਰਮਿੰਦਗੀ ਦਾ ਅਹਿਸਾਸ ਕਰਾਉਣ ਲਈ ਅਜਿਹਾ ਕੀਤਾ ਗਿਆ। ਜਿੰਨ੍ਹਾਂ ਲੋਕਾਂ ਦੇ ਮਾਸਕ ਨਹੀਂ ਪਹਿਨੇ ਸਨ ਉਨ੍ਹਾਂ ਨੂੰ ਰੋਕ ਕੇ ਪੁਲਿਸ ਵੱਲੋਂ ਗਲਾਂ 'ਚ ਹਾਰ ਪਾਕੇ ਸਨਮਾਨਤ ਕੀਤਾ ਜਾ ਰਿਹਾ ਸੀ।


ਪੁਲਿਸ ਕਰਮੀਆਂ ਦਾ ਕਹਿਣਾ ਕਿ ਉਹ ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਲੋਕਾਂ ਨੂੰ ਸਮਝਾ ਸਮਝਾ ਕੇ ਥੱਕ ਚੁੱਕੇ ਹਨ ਪਰ ਲੋਕ ਸਮਝ ਨਹੀਂ ਰਹੇ। ਇਸ ਲਈ ਹੁਣ ਇਹ ਤਰੀਕਾ ਲੱਭਿਆ ਹੈ ਕਿ ਜੋ ਲੋਕ ਕਰਫਿਊ ਦੌਰਾਨ ਕਾਨੂੰਨ ਦੀ ਉਲੰਘਣਾ ਕਰਦੇ ਹਨ ਉਨ੍ਹਾਂ ਦੇ ਗਲ 'ਚ ਹਾਰ ਪਾਕੇ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਖੁਦ ਸ਼ਰਮ ਮਹਿਸੂਸ ਹੋਵੇ ਤੇ ਇਨ੍ਹਾਂ ਲੋਕਾਂ ਨੂੰ ਦੇਖ ਬਾਕੀ ਘਰੋਂ ਮਾਸਕ ਪਾਕੇ ਹੀ ਬਾਹਰ ਨਿੱਕਲਣ।


ਪੁਲਿਸ ਦਾ ਕਹਿਣਾ ਕਿ ਲੋਕਾਂ ਦੀ ਸਿਹਤ ਲਈ ਹੀ ਉਹ ਅਪੀਲ ਕਰਦੇ ਹਨ ਪਰ ਲੋਕ ਫਿਰ ਵੀ ਮੰਨ ਨਹੀਂ ਰਹੇ ਤਾਂ ਉਨ੍ਹਾਂ ਨੂੰ ਮਜ਼ਬੂਰੀ 'ਚ ਅਜਿਹੇ ਕਦਮ ਚੁੱਕਣੇ ਪੈ ਰਹੇ ਹਨ।