ਬਠਿੰਡਾ: ਪਿੰਡ ਕੋਟਫ਼ੱਤਾ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਯਾਦਵਿੰਦਰ ਸਿੰਘ ਨੇ ਸਾਹਿਤ ਦੇ ਖੇਤਰ ਵਿੱਚ ਵੱਡੀ ਮੱਲ ਮਾਰੀ ਹੈ। ਉਸ ਦੇ ਨਾਵਲ 'ਵਕਤ ਬੀਤਿਆ ਨਹੀਂ' ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਦਿਲਚਸਪ ਗੱਲ ਹੈ ਕਿ ਯਾਦਵਿੰਦਰ ਦਾ ਇਹ ਪਹਿਲਾ ਨਾਵਲ ਸੀ। ਇਸ ਨਾਵਲ ਵਿੱਚ ਪੰਜਾਬ ਦੀ ਕਿਸਾਨੀ, ਬੇਰੁਜ਼ਗਾਰੀ ਤੇ ਔਨਰ ਕਿਲਿੰਗ ਨੂੰ ਬਾਖੂਬ ਚਿੱਤਰਿਆ ਹੈ।
ਇਸ ਬਾਰੇ ਯਾਦਵਿੰਦਰ ਨੇ ਦੱਸਿਆ ਕਿ 14 ਤਰੀਕ ਨੂੰ ਅਚਾਨਕ ਭਾਰਤੀ ਸਾਹਿਤ ਅਕਾਦਮੀ ਦਿੱਲੀ ਤੋਂ ਫੋਨ ਆਇਆ। ਫੋਨ 'ਤੇ ਪੁਰਸਕਾਰ ਬਾਰੇ ਜਾਣ ਕੇ ਬਹੁਤ ਖੁਸ਼ੀ ਹੋਈ। ਉਨ੍ਹਾਂ ਦੱਸਿਆ ਕਿ ਇਸ ਨਾਵਲ ਨੂੰ ਪਿਛਲੇ ਤਿੰਨ ਸਾਲਾਂ ਤੋਂ ਲਿਖ ਰਹੇ ਸੀ। 2015 ਤੋਂ ਲਿਖਣਾ ਸ਼ੁਰੂ ਕੀਤਾ ਸੀ ਤੇ 2018 ਵਿੱਚ ਪਬਲਿਸ਼ ਕਰਵਾਇਆ ਗਿਆ। ਇਸ ਨੂੰ ਛਾਪਣ ਤੋਂ ਬਾਅਦ ਕਾਫੀ ਪੜ੍ਹਿਆ ਗਿਆ। ਤਕਰੀਬਨ ਇੱਕ ਹਜ਼ਾਰ ਕਾਪੀ ਵਿਕ ਗਈ ਸੀ।
ਉਨ੍ਹਾਂ ਦੱਸਿਆ ਕਿ ਨਾਵਲ ਪੰਜਾਬ ਦੀ ਪੇਂਡੂ ਜਵਾਨੀ ਨਾਲ ਸਿੱਧੇ ਤੌਰ 'ਤੇ ਜੋੜਦਾ ਹੈ। ਖਾਸ ਕਰਕੇ ਪੇਂਡੂ ਧਰਾਤਲ ਨਾਲ ਇਸ ਨਾਵਲ ਵਿੱਚ ਕਿਸਾਨੀ, ਬੇਰੁਜ਼ਗਾਰੀ ਤੇ ਔਨਰ ਕਿਲਿੰਗ ਨੂੰ ਮੁੱਖ ਰੂਪ ਵਿੱਚ ਉਭਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਨੌਜਵਾਨ ਸੀ ਤੇ ਕਿਸਾਨੀ ਪਰਿਵਾਰ ਨਾਲ ਜੁੜੇ ਹੋਏ ਸੀ। ਬੇਰੁਜ਼ਗਾਰੀ ਦੀ ਸਮੱਸਿਆ ਦਾ ਵੀ ਸਾਹਮਣਾ ਕਰ ਰਹੇ ਹਨ। ਇਸ ਕਰਕੇ ਭਾਵਨਾਵਾਂ ਨੂੰ ਸ਼ਬਦਾਂ ਜ਼ਰੀਏ ਜ਼ਿਆਦਾ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ। ਇਸ ਕਰਕੇ ਹੀ ਲੋਕਾਂ ਵੱਲੋਂ ਜ਼ਿਆਦਾ ਪੜ੍ਹਿਆ ਗਿਆ ਤੇ ਪਸੰਦ ਕੀਤਾ ਗਿਆ।
ਯਾਦਵਿੰਦਰ ਨੇ ਦੱਸਿਆ ਕਿ ਇਹ 172 ਪੇਜ ਦਾ ਨਾਵਲ ਹੈ। ਇਸ ਦੇ 60 ਹਜ਼ਾਰ ਸ਼ਬਦ ਹਨ। ਪਹਿਲੀ ਵਾਰੀ ਪੰਜ ਸੌ ਕਾਪੀਆਂ ਛਾਪੀਆਂ ਸੀ। ਅੱਜ ਦੇ ਸਮਿਆਂ ਵਿੱਚ ਪੰਜਾਬੀ ਲਿਟਰੇਚਰ ਵਿੱਚ ਇੰਨੀਆਂ ਕਾਪੀਆਂ ਵੀ ਵਿਕ ਜਾਣਾ ਬਹੁਤ ਵੱਡੀ ਗੱਲ ਹੈ। ਇਹ ਬੜੀ ਖੁਸ਼ੀ ਦੀ ਗੱਲ ਸੀ ਕਿ ਪਹਿਲੇ 21 ਦਿਨਾਂ ਵਿੱਚ 500 ਕਾਪੀਆਂ ਵਿਕ ਗਈਆਂ। ਉਸ ਤੋਂ ਬਾਅਦ 500 ਕਾਪੀਆਂ ਹੋਰ ਛਾਪੀਆਂ ਗਈਆਂ ਜੋ ਹੁਣ ਪਿਛਲੇ ਮਹੀਨੇ ਤੋਂ ਲਪਭਗ ਖਤਮ ਸੀ।
ਉਨ੍ਹਾਂ ਦੱਸਿਆ ਕਿ ਨਾਵਲ ਦਾ ਆਈਡੀਆ ਉਦੋਂ ਆਇਆ ਜਦੋਂ ਬਠਿੰਡਾ ਦੇ ਰਾਜਿੰਦਰਾ ਕਾਲਜ ਵਿੱਚ ਪੜ੍ਹਦੇ ਸੀ। ਉਸ ਸਮੇਂ ਲਿਟਰੇਚਰ ਪੜ੍ਹਨਾ ਸ਼ੁਰੂ ਕੀਤਾ ਸੀ। ਰਾਮ ਸਰੂਪ ਅਣਖੀ, ਗੁਰਦਿਆਲ ਸਿੰਘ ਵਰਗੇ ਵੱਡੇ ਨਾਵਲਕਾਰ ਆਦਰਸ਼ ਰਹੇ। ਇਨ੍ਹਾਂ ਨੂੰ ਪੜ੍ਹਦਾ ਰਿਹਾ ਤੇ ਮੇਰੇ ਅੰਦਰ ਜੋ ਸਮੱਸਿਆਵਾਂ ਸੀ, ਉਹ ਵਧਦੀਆਂ ਰਹੀਆਂ ਤਾਂ ਆਪਣੇ ਆਪ ਹੀ ਕਾਗਜ਼ ਉੱਤੇ ਉੱਤਰ ਆਈਆਂ। ਇਸੇ ਤਰ੍ਹਾਂ ਲਿਟਰੇਚਰ ਨੂੰ ਪੜ੍ਹਦਿਆਂ ਹੀ ਮੇਰੇ ਲਈ ਨਾਵਲ ਲਿਖਿਆ ਗਿਆ।
ਯਾਦਵਿੰਦਰ ਨੇ ਕਿਹਾ ਕਿ ਇਹ ਮੇਰੇ ਲਈ ਖੁਸ਼ਕਿਸਮਤੀ ਹੈ ਕਿ ਮੈਂ ਪਹਿਲੀ ਹੀ ਕਿਤਾਬ ਲਿਖੀ ਸੀ ਜਿਸ ਨੂੰ ਪੁਰਸਕਾਰ ਮਿਲ ਗਿਆ। ਮੇਰੇ ਘਰਦਿਆਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਉਹ ਮੈਨੂੰ ਬੜਾ ਹੁਲਾਰਾ ਦਿੰਦੇ ਸੀ ਕਿ ਲਿਖਣ ਵੱਲ ਹੀ ਰਹੇ ਲਿਖਣ ਦਾ ਮੈਨੂੰ ਮਾਹੌਲ ਦਿੱਤਾ ਗਿਆ। ਇਸ ਕਰਕੇ ਮੈਂ ਅੱਜ ਇਸ ਮੰਚ ਉੱਪਰ ਖੜ੍ਹਾ ਹਾਂ। ਇਸ ਦਾ ਮੁੱਖ ਸਿਹਰਾ ਮੇਰੇ ਮਾਪਿਆਂ ਤੇ ਅਧਿਆਪਕਾਂ ਦੇ ਨਾਲ ਮੇਰੇ ਯਾਰਾਂ ਦੋਸਤਾਂ ਨੂੰ ਜਾਂਦਾ ਹੈ।
ਕਿਸਾਨ ਦੇ ਪੁੱਤ ਨੇ ਕਾਗ਼ਜ਼ 'ਤੇ ਉੱਕਰੀਆਂ ਭਾਵਨਾਵਾਂ, ਮਿਲਿਆ ਸਾਹਿਤ ਅਕਾਦਮੀ ਪੁਰਸਕਾਰ
ਏਬੀਪੀ ਸਾਂਝਾ
Updated at:
17 Jun 2019 02:49 PM (IST)
ਪਿੰਡ ਕੋਟਫ਼ੱਤਾ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਯਾਦਵਿੰਦਰ ਸਿੰਘ ਨੇ ਸਾਹਿਤ ਦੇ ਖੇਤਰ ਵਿੱਚ ਵੱਡੀ ਮੱਲ ਮਾਰੀ ਹੈ। ਉਸ ਦੇ ਨਾਵਲ 'ਵਕਤ ਬੀਤਿਆ ਨਹੀਂ' ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਦਿਲਚਸਪ ਗੱਲ ਹੈ ਕਿ ਯਾਦਵਿੰਦਰ ਦਾ ਇਹ ਪਹਿਲਾ ਨਾਵਲ ਸੀ। ਇਸ ਨਾਵਲ ਵਿੱਚ ਪੰਜਾਬ ਦੀ ਕਿਸਾਨੀ, ਬੇਰੁਜ਼ਗਾਰੀ ਤੇ ਔਨਰ ਕਿਲਿੰਗ ਨੂੰ ਬਾਖੂਬ ਚਿੱਤਰਿਆ ਹੈ।
- - - - - - - - - Advertisement - - - - - - - - -