ਪਟਿਆਲਾ: ਰਜਿੰਦਰਾ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਕੱਲ੍ਹ ਰਾਤ ਇੱਕ ਨੌਜਵਾਨ ਲਵਦੀਪ ਸਿੰਘ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਪ੍ਰਸ਼ਾਸਨ 'ਤੇ ਅਣਗਹਿਲੀ ਦੇ ਇਲਜ਼ਾਮ ਲਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਰਹਿੰਦਿਆਂ ਲੜਕੇ ਨੇ ਫਾਹਾ ਕਿਵੇਂ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵਿੱਚ ਲੱਗੇ CCTV ਕੈਮਰੇ ਵੀ ਖ਼ਰਾਬ ਪਏ ਹਨ। ਮ੍ਰਿਤਕ ਲਵਦੀਪ ਪਟਿਆਲਾ ਦਾ ਹੀ ਰਹਿਣ ਵਾਲਾ ਸੀ।

ਜਾਣਕਾਰੀ ਮੁਤਾਬਕ ਲਵਦੀਪ ਨੇ ਕੱਲ੍ਹ ਰਾਤ ਬਾਥਰੂਮ ਵਿੱਚ ਜਾ ਕੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਫਾਹਾ ਲਾਉਣ ਲਈ ਉਸ ਨੇ ਇੱਕ ਮੇਜ਼ ਦਾ ਇਸਤੇਮਾਲ ਕੀਤਾ। ਹੈਰਾਨੀ ਵਾਲੀ ਗੱਲ ਇਹ ਸੀ ਕਿ ਉਹ ਮੇਜ਼ ਨੂੰ ਬਾਥਰੂਮ ਤਕ ਲੈ ਕੇ ਗਿਆ ਪਰ ਉੱਥੇ ਬੈਠੇ ਕਿਸੇ ਵੀ ਡਾਕਟਰ ਜਾਂ ਅਧਿਕਾਰੀ ਨੂੰ ਇਸ ਦੀ ਜਾਣਕਾਰੀ ਨਹੀਂ ਲੱਗੀ। ਇਸੇ ਲਈ ਲਵਦੀਪ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਹੈ ਕਿ ਉੱਥੇ ਸਟਾਫ ਹੋਣ ਦੇ ਬਾਵਜੂਦ ਉਨ੍ਹਾਂ ਦੇ ਲੜਕੇ ਨੇ ਖ਼ੁਦਕੁਸ਼ੀ ਕਿਵੇਂ ਕਰ ਲਈ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਅਧਿਕਾਰੀਆਂ ਮੁਤਾਬਕ ਹਸਪਤਾਲ ਵਿੱਚ ਕੈਮਰੇ ਵੀ ਲੱਗੇ ਹੋਏ ਹਨ ਪਰ ਪਿਛਲੇ ਕਾਫੀ ਸਮੇਂ ਤੋਂ ਕੰਮ ਨਹੀਂ ਕਰ ਰਹੇ। ਪੁਲਿਸ ਨੇ ਕਿਹਾ ਕਿ ਉਹ ਸਟਾਫ ਤੋਂ ਪੁੱਛ-ਗਿੱਛ ਕਰ ਰਹੇ ਹਨ। ਪਰਿਵਾਰ ਨੇ ਜ਼ਿੰਮੇਵਾਰ ਅਧਿਕਾਰੀਆਂ ਤੇ ਡਾਕਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।