ਚੰਡੀਗੜ੍ਹ: ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਪਿੰਡ ਸਰਾਏਨਾਗਾ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ ਆਈ ਹੈ। ਇੱਥੇ ਵਿਆਹ ਕਰਾਉਣ ਦੀ ਜ਼ਿੱਦ ’ਚ ਲੜਕੇ ਨੇ ਆਪਣੇ ਹੀ ਪਿੰਡ ਦੀ ਕੁੜੀ ਦੇ ਦੋਵੇਂ ਹੱਥ ਵੱਢ ਦਿੱਤੇ। ਕੁੜੀ ਦਾ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਚੱਲ਼ ਰਿਹਾ ਹੈ।

ਹਾਸਲ ਜਾਣਕਾਰੀ ਅਨੁਸਾਰ ਮੁਕਤਸਰ-ਕੋਟਕਪੂਰਾ ਰੋਡ ਉੱਪਰ ਸਥਿਤ ਪਿੰਡ ਸਰਾਏਨਾਗਾ ’ਚ ਸੋਮਵਾਰ ਦੁਪਹਿਰੇ ਕਰੀਬ 11 ਵਜੇ ਪਿੰਡ ਦੇ ਹੀ ਲੜਕੇ ਜਸਵਿੰਦਰ ਸਿੰਘ ਉਰਫ ਜੁਗਿੰਦਰ ਨੇ ਆਪਣੇ ਗੁਆਂਢ ’ਚ ਰਹਿੰਦੀ ਲੜਕੀ ਦੇ ਘਰ ਦੀ ਕੰਧ ਟੱਪ ਕੇ ਕਾਪੇ ਨਾਲ ਉਸ ਦੇ ਦੋਵੇਂ ਹੱਥ ਵੱਢ ਦਿੱਤੇ। ਉਸ ਨੇ ਗਰਦਨ ਸਣੇ ਸਰੀਰ ਦੇ ਹੋਰ ਅੰਗਾਂ ’ਤੇ ਵੀ ਗੰਭੀਰ ਸੱਟਾਂ ਮਾਰੀਆਂ ਤੇ ਲਲਕਾਰੇ ਮਾਰਦਾ ਵਾਪਸ ਚਲਾ ਗਿਆ।

ਕੁੜੀ ਦੀਆਂ ਚੀਕਾਂ ਸੁਣ ਕੇ ਗੁਆਂਢੀਆਂ ਨੇ ਬੂਹਾ ਤੋੜ ਕੇ ਜਦੋਂ ਕੁੜੀ ਨੂੰ ਸਾਂਭਿਆ ਤਾਂ ਕਮਰੇ ਵਿੱਚ ਖੂਨ ਦਾ ਛੱਪੜ ਲੱਗ ਚੁੱਕਿਆ ਸੀ। ਪੀੜਤ ਲੜਕੀ ਨੂੰ ਮੁਕਤਸਰ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ। ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੀੜਤ ਲੜਕੀ ਦੇ ਪਿਤਾ ਮਲਕੀਤ ਸਿੰਘ ਨੇ ਦੱਸਿਆ ਕਿ ਘਟਨਾ ਵੇਲੇ ਲੜਕੀ ਇਕੱਲੀ ਸੀ। ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਉਨ੍ਹਾਂ ਦੇ ਗੁਆਂਢ ’ਚ ਰਹਿੰਦਾ ਹੈ ਤੇ ਉਨ੍ਹਾਂ ਦੀ ਹੀ ਬਰਾਦਰੀ ਦਾ ਹੈ।

ਗੁਆਂਢੀਆਂ ਨੇ ਦੱਸਿਆ ਕਿ ਜਸਵਿੰਦਰ ਸਿੰਘ ਕਾਫੀ ਸਮੇਂ ਤੋਂ ਕੁੜੀ ਨਾਲ ਵਿਆਹ ਕਰਾਉਣ ਦੀ ਜ਼ਿੱਦ ਕਰ ਰਿਹਾ ਸੀ ਪਰ ਕੁੜੀ ਤੇ ਉਸ ਦੇ ਮਾਪੇ ਇਸ ਲਈ ਤਿਆਰ ਨਹੀਂ ਸੀ। ਡੀਐੱਸਪੀ (ਜਾਂਚ) ਜਸਮੀਤ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।