ਪਾਣੀਪਤ: ਪਾਣੀਪਤ ਵਿੱਚ ਬਬੇਲ ਰੋਡ ’ਤੇ ਖੁਦਾਈ ਦੌਰਾਨ ਮਿਲੇ 3 ਮਨੁੱਖੀ ਕੰਕਾਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਪਾਣੀਪਤ ਵਿੱਚ, ਘਰ ਦੀ ਮੁਰੰਮਤ ਦੇ ਦੌਰਾਨ 3 ਮਨੁੱਖੀ ਕੰਕਾਲ ਮਿਲਣ ਦੇ ਰਾਜ਼ ਤੋਂ 24 ਘੰਟੇ ਦੇ ਅੰਦਰ ਪਰਦਾ ਉੱਠ ਗਿਆ ਹੈ। ਉਹ ਉਸ ਆਦਮੀ ਦੀ ਪਤਨੀ ਅਤੇ ਬੱਚੇ ਸੀ ਜਿਸ ਨੇ ਢਾਈ ਸਾਲ ਪਹਿਲਾਂ ਘਰ ਵੇਚਿਆ ਸੀ। ਉਸ ਨੇ ਤਿੰਨਾਂ ਨੂੰ ਮਾਰ ਕੇ ਇਥੇ ਦਫ਼ਨਾ ਦਿੱਤਾ ਸੀ। ਪੁਲਿਸ ਮੁਲਜ਼ਮ ਨੂੰ ਉੱਤਰ ਪ੍ਰਦੇਸ਼ ਦੇ ਭਦੋਹੀ ਤੋਂ ਗ੍ਰਿਫਤਾਰ ਕਰਕੇ ਪਾਣੀਪਤ ਲਿਆ ਰਹੀ ਹੈ। ਪੁਲਿਸ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਅਹਿਸਾਨ ਸੇਫੀ ਨੇ 32 ਸਾਲਾ ਨਜਨਿਨ ਨਾਲ 3 ਸਾਲ ਪਹਿਲਾਂ ਮੈਟਰੀਮੋਨੀਅਲ ਸਾਈਟ ਰਾਹੀਂ ਵਿਆਹ ਕੀਤਾ ਸੀ।

 

ਵਿਆਹ ਤੋਂ ਬਾਅਦ ਦੋਸ਼ੀ ਬੰਬੇ ਤੋਂ ਰਹਿਣ ਲਈ ਪਾਨੀਪਤ ਆ ਗਿਆ ਅਤੇ ਇਥੇ ਕਾਰਪੇਂਟਰ ਦਾ ਕੰਮ ਕਰਨ ਲੱਗਾ। ਪਰ ਉਹ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਸੀ। ਪਹਿਲੀ ਪਤਨੀ ਨਾਲ ਕਈ ਵਾਰ ਝਗੜਾ ਹੋਇਆ, ਤਾਂ ਦੋਸ਼ੀ ਨੇ ਉਨ੍ਹਾਂ ਨੂੰ ਰਾਹ ਤੋਂ ਹਟਾਉਣ ਲਈ ਮਾਰ ਕੇ ਜ਼ਮੀਨ'ਚ ਦਫਨਾ ਦਿੱਤਾ ਅਤੇ ਫਿਰ ਘਰ ਵੇਚ ਕੇ ਭਦੌਈ ਫਰਾਰ ਹੋ ਗਿਆ। ਪੁਲਿਸ ਜਾਂਚ ਵਿੱਚ ਕੰਕਾਲਾਂ ਦੀ ਪਛਾਣ ਪਤਨੀ ਨਜਨਿਨ ਅਤੇ ਬੇਟੇ ਸ਼ਾਹੀਲ ਤੇ ਸਾਬਿਰ ਵਜੋਂ ਹੋਈ ਹੈ।

 

ਪਾਣੀਪਤ ਦੇ ਸਨੋਲੀ ਰੋਡ ਖੇਤਰ ਵਿੱਚ ਸਥਿਤ ਸ਼ਿਵ ਨਗਰ ਵਿੱਚ ਮੰਗਲਵਾਰ ਨੂੰ ਇੱਕ ਘਰ ਦੀ ਮੁਰੰਮਤ ਦੌਰਾਨ 3 ਪਿੰਜਰ ਮਿਲੇ ਸਨ। ਮਕਾਨ ਦੀ ਮਾਲਕਣ ਸਰੋਜ ਨੇ ਇਸ ਬਾਰੇ ਦੱਸਿਆ ਸੀ ਕਿ ਉਸ ਨੇ ਇਹ ਘਰ ਕਰੀਬ ਦੋ ਸਾਲ ਪਹਿਲਾਂ ਪਵਨ ਨਾਮ ਦੇ ਵਿਅਕਤੀ ਤੋਂ ਖਰੀਦਿਆ ਸੀ, ਜੋ ਇੱਕ ਸ਼ੂਗਰ ਮਿੱਲ ਵਿੱਚ ਕੰਮ ਕਰਦਾ ਸੀ। ਜਦੋਂ ਪਵਨ ਤੋਂ ਪੁੱਛਗਿੱਛ ਕੀਤੀ ਗਈ, ਤਾਂ ਪਵਨ ਨੇ ਕਿਹਾ ਕਿ ਉਸ ਨੇ ਇਹ ਘਰ ਅਗਸਤ 2018 ਵਿੱਚ ਪੂਰੇ ਭੁਗਤਾਨ ਸਮਝੌਤੇ 'ਤੇ ਖਰੀਦਿਆ ਸੀ। ਸੌਦੇ ਦੇ ਦੌਰਾਨ, ਜਦੋਂ ਉਸ ਨੇ ਘਰ ਵੇਚਣ ਵਾਲੇ ਅਹਿਸਨ ਨੂੰ ਉਸ ਦੀ ਪਤਨੀ ਅਤੇ ਬੱਚਿਆਂ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਜਗਦੀਸ਼ ਨਗਰ ਵਿੱਚ ਰਹਿ ਰਹੇ ਹਨ। 

 

ਅਗਲੇ ਦਿਨ ਉਸ ਨੇ ਇਕ ਐਗਰੀਮੈਂਟ ਕਰਾ ਦਿੱਤਾ। ਕੁਝ ਦਿਨ ਬਾਅਦ, ਪਵਨ ਨੇ ਸਰੋਜ ਨੂੰ ਘਰ ਵੇਚ ਦਿੱਤਾ। ਪੁਲਿਸ ਨੇ ਜਾਂਚ ਦੌਰਾਨ ਉਸ ਨੂੰ ਕਾਬੂ ਕਰ ਲਿਆ ਹੈ। ਸਾਰੀ ਪੜਤਾਲ ਤੋਂ ਬਾਅਦ ਪਤਾ ਲੱਗਿਆ ਕਿ ਅਹਿਸਾਨ ਅਤੇ ਉਸ ਦਾ ਪਰਿਵਾਰ ਗੁਆਂਢ 'ਚ ਕਿਸੇ ਨਾਲ ਵੀ ਕੋਈ ਵਾਸਤਾ ਨਹੀ ਰੱਖਦਾ ਸੀ। ਸ਼ੱਕ ਦੇ ਭਰੋਸੇ 'ਚ ਬਦਲਣ ਤੋਂ ਬਾਅਦ ਸ਼ਾਮ ਨੂੰ ਪੁਲਿਸ ਭਦੋਹੀ ਵੱਲ ਰਵਾਨਾ ਹੋ ਗਈ।

 

ਉਥੇ ਪੁੱਛਗਿੱਛ ਕਰਦਿਆਂ, ਅਹਿਸਨ ਨੇ ਕਬੂਲ ਕੀਤਾ ਕਿ ਉਹ ਉਹੀ ਵਿਅਕਤੀ ਸੀ ਜਿਸ ਨੇ ਕਤਲ ਕਰਕੇ ਤਿੰਨ ਲਾਸ਼ਾਂ ਨੂੰ ਦਫਨਾਇਆ ਸੀ। ਭਦੋਹੀ ਤੋਂ ਪਾਨੀਪਤ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਲਿਆ ਰਹੀ ਹੈ। ਅੱਜ ਪਾਣੀਪਤ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਉਸ ਦਾ ਦਸ ਦਿਨਾਂ ਦਾ ਰਿਮਾਂਡ ਹਾਸਿਲ ਕਰੇਗੀ। ਪੁਲਿਸ ਉਸ ਨੂੰ ਕਤਲ ਦੇ ਅਸਲ ਕਾਰਨਾਂ, ਕਤਲ 'ਚ ਹੋਰ ਕੌਣ ਸ਼ਾਮਿਲ ਹੈ ਬਾਰੇ ਜਾਣਕਾਰੀ ਇਕੱਠੀ ਕਰੇਗੀ। ਮੁਲਜ਼ਮ ਅਜੇ ਵੀ ਮੈਟਰੀਮੋਨੀਅਲ ਸਾਈਟ ਦੇ ਜ਼ਰੀਏ ਭਦੌਈ ਵਿੱਚ ਤੀਸਰਾ ਵਿਆਹ ਕਰਵਾਉਣ ਵਾਲਾ ਸੀ। ਪੁਲਿਸ ਜਾਂਚ 'ਚ ਉਸ ਔਰਤ ਨੂੰ ਵੀ ਸ਼ਾਮਲ ਕਰੇਗੀ।