ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਨਤੀਜੇ ਸਾਹਮਣੇ ਆ ਗਏ ਹਨ। ਇਸ ਵਾਰ ਮੁੜ ਸ਼੍ਰੋਮਣੀ ਅਕਾਲੀ ਦਲ (ਬਾਦਲ) ਜਿੱਤ ਵੱਲ ਵਧ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਵਾਰਡਾਂ ਵਿੱਚੋਂ 27 ਸੀਟਾਂ ਉੱਪਰ ਅਕਾਲੀ ਦਲ ਦੀ ਤੜ੍ਹਤ ਹੈ। ਇਸ ਲਈ ਅਕਾਲੀ ਦਲ ਦੀ ਜਿੱਤ ਤੈਅ ਹੈ।  



ਹਾਸਲ ਜਾਣਕਾਰੀ ਮੁਤਾਬਕ ਜਾਗੋ ਪਾਰਟੀ ਦੇ ਮਨਜੀਤ ਸਿੰਘ ਜੀਕੇ ਜਿੱਤ ਗਏ ਹਨ। ਉਨ੍ਹਾਂ ਨੇ 661 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਗੀਤਾ ਕਾਲੋਨੀ ਤੋਂ ਬਾਦਲ ਧੜੇ ਦੇ ਸੁਖਵਿੰਦਰ ਸਿੰਘ ਬੱਬਰ ਜਿੱਤ ਗਏ ਹਨ। ਚੰਦਰ ਵਿਹਾਰ ਤੋਂ ਸਰਨਾ ਧੜੇ ਦੇ ਅਨੂਪ ਸਿੰਘ ਘੁੰਮਣ ਅੱਗੇ ਹਨ।

ਵਿਕਾਸ ਪੁਰੀ ਤੋਂ ਸਰਨਾ ਧੜੇ ਦੇ ਅਮਰੀਕ ਸਿੰਘ, ਜਦਕਿ ਪੰਜਾਬੀ ਹਲਕੇ ਤੋਂ ਹਰਵਿੰਦਰ ਸਿੰਘ ਸਰਨਾ, ਮਨਜਿੰਦਰ ਸਿੰਘ ਸਿਰਸਾ ਤੋਂ 100 ਵੋਟਾਂ ਤੋਂ ਅੱਗੇ ਹਨ। ਪ੍ਰੀਤ ਵਿਹਾਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਭੁਪਿੰਦਰ ਸਿੰਘ ਭੁੱਲਰ, ਵਿਵੇਕ ਵਿਹਾਰ ਤੋਂ ਜਸਵੀਰ ਸਿੰਘ ਨੋਨੀ, ਨਵੀਨ ਸ਼ਾਹਦਰਾ ਪਰਵਿੰਦਰ ਸਿੰਘ, ਸਰਿਤਾ ਵਿਹਾਰ ਤੋਂ ਗੁਰਪ੍ਰੀਤ ਸਿੰਘ ਜੱਸਾ, ਉੱਤਮ ਨਗਰ ਤੋਂ ਰਮਨਜੋਤ ਸਿੰਘ ਮੀਤਾ ਜਿੱਤ ਚੁੱਕੇ ਹਨ।

 

ਦੱਸ ਦਈਏ ਕਿ 22 ਅਗਸਤ ਨੂੰ 46 ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਅੱਜ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋਈ ਤੇ ਦੁਪਹਿਰ ਤੱਕ ਨਤੀਜੇ ਸਪਸ਼ਟ ਹੋ ਗਏ। ਮੌਜੂਦਾ ਕਮੇਟੀ ਦਾ ਕਾਰਜਕਾਲ ਮਾਰਚ 2021 ਨੂੰ ਖ਼ਤਮ ਹੋ ਗਿਆ ਸੀ ਪਰ ਕਰੋਨਾ ਕਾਰਨ ਇਹ ਚੋਣਾਂ ਪ੍ਰਚਾਰ ਦੌਰਾਨ ਹੀ ਮੁਲਤਵੀ ਕਰਨੀਆਂ ਪਈਆਂ ਤੇ 22 ਅਗਸਤ ਨੂੰ ਵੋਟਾਂ ਪਈਆਂ।

ਅਧਿਕਾਰੀਆਂ ਮੁਤਾਬਕ ਦਿੱਲੀ ਸਰਕਾਰ ਦੇ ਦਿੱਲੀ ਗੁਰਦੁਆਰਾ ਚੋਣ ਬੋਰਡ ਵੱਲੋਂ ਕੁੱਲ ਪੋਲ ਹੋਈਆਂ 1,27,472 ਵੋਟਾਂ ਦੀ ਗਿਣਤੀ ਲਈ ਆਈਟੀਆਈ-ਤਿਲਕ ਨਗਰ, ਆਈਟੀਆਈ-ਖਿਚੜੀਪੁਰ, ਆਈਆਈਟੀ-ਪੂਸਾ, ਆਰੀਆ ਭੱਟ ਪੋਲੀਟੈਕਨਿਕ, ਆਈਟੀਆਈ ਵਿਮੈਨ-ਵਿਵੇਕ ਵਿਹਾਰ ਵਿੱਚ ਗਿਣਤੀ ਕੇਂਦਰ ਬਣਾਏ ਗਏ।

ਕੁੱਲ 37.27 ਫ਼ੀਸਦੀ ਵੋਟਾਂ ਪਈਆਂ ਸਨ ਜਿਨ੍ਹਾਂ ਵਿੱਚੋਂ 68194 ਮਰਦਾਂ (39.95 ਫ਼ੀਸਦ) ਨੇ ਤੇ 59278 ਔਰਤਾਂ (34.95 ਫ਼ੀਸਦ) ਨੇ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕੀਤੀ ਸੀ। 2017 ਵਿੱਚ 45 ਫ਼ੀਸਦੀ ਤੋਂ ਵੱਧ ਵੋਟਾਂ ਪਈਆਂ ਸਨ। ਦਿੱਲੀ ਪੁਲੀਸ ਵੱਲੋਂ 3 ਪੜਾਵੀ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ। ਇਸ ਵਾਰ ਵੋਟਾਂ ਬੈਲਟ ਪੇਪਰ ਨਾਲ ਹੋਈਆਂ ਸਨ ਤੇ ਬੈਲਟ ਬਕਸਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਉਪਰ ਹੈ।

ਸੂਤਰਾਂ ਮੁਤਾਬਕ ਗਿਣਤੀ ਕੇਂਦਰਾਂ ਵਿੱਚ ਸੀਸੀਟੀਵੀ ਕੈਮਰੇ ਲਾਏ ਗਏ ਹਨ। ਗਿਣਤੀ ਵੇਲੇ ਸਿਰਫ਼ ਅਧਿਕਾਰਤ ਉਮੀਦਵਾਰ, ਪੋਲਿੰਗ ਏਜੰਟ ਹੀ ਕੇਂਦਰਾਂ ਵਿੱਚ ਜਾ ਸਕੇ। ਕੋਵਿਡ-19 ਨੇਮਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਵੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ। ਨਤੀਜੇ ਐਲਾਨੇ ਜਾਣ ਤੋਂ ਮਗਰੋਂ 31 ਅਗਸਤ ਤੱਕ ਸਾਰਾ ਚੋਣ ਅਮਲ ਨੇਪਰੇ ਚਾੜ੍ਹਨ ਦੀ ਗੁਰਦੁਆਰਾ ਚੋਣ ਬੋਰਡ ਦੀ ਜ਼ਿੰਮੇਵਾਰੀ ਹੋਵੇਗੀ।