ਨਵੀਂ ਦਿੱਲੀ: ਅੱਜ ਯਾਨੀ 26 ਦਸੰਬਰ ਨੂੰ ਸਾਲ ਦਾ ਆਖਰੀ ਸੂਰਜ ਗ੍ਰਹਿਣ ਹੈ। ਇਹ ਪੂਰਾ ਸੂਰਜ ਗ੍ਰਹਿਣ ਨਹੀਂ ਕਿਉਂਕਿ ਇਸ ਵਾਰ ਚੰਨ ਪੂਰੀ ਤਰ੍ਹਾਂ ਸੂਰਜ ਨੂੰ ਢੱਕ ਨਹੀਂ ਸਕੇਗਾ ਤੇ ਚਾਰੇ ਪਾਸੇ ਵੱਖਰਾ ਹੀ ਨਜ਼ਾਰਾ ਦਿਖਾਈ ਦੇਵੇਗਾ। ਇਸ ਨੂੰ ਰਿੰਗ ਆਫ਼ ਫਾਇਰ ਦਾ ਨਾਂ ਦਿੱਤਾ ਗਿਆ ਹੈ। ਇਹ ਗ੍ਰਹਿਣ ਧਨੂ ਰਾਸ਼ੀ ਤੇ ਮੂਲ ਨਕਸ਼ਤਰ ‘ਚ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਗ੍ਰਹਿਣ ਕਰਕੇ ਵਿਸ਼ੇਸ਼ ਯੋਗ ਬਣ ਰਿਹਾ ਹੈ। ਇਸ ਤੋਂ ਪਹਿਲਾਂ ਸਾਲ ਦੇ ਸ਼ੁਰੂ '6 ਜਨਵਰੀ ਤੇ 2 ਜੁਲਾਈ ਨੂੰ ਸੂਰਜ ਗ੍ਰਹਿਣ ਨਜ਼ਰ ਆਇਆ ਸੀ।


ਜਾਣਕਾਰੀ ਮੁਤਾਬਕ 5 ਘੰਟੇ 36 ਮਿੰਟ ਤਕ ਦੁਨੀਆ ਭਰ ‘ਚ ਸੂਰਜ ਗ੍ਰਹਿਣ ਵੇਖਿਆ ਜਾ ਸਕੇਗਾ। ਇਸ ਤੋਂ ਪਹਿਲਾਂ ਗ੍ਰਹਿਣ ਦੀ ਸ਼ੁਰੂਆਤ ਭਾਰਤੀ ਸਮੇਂ ਮੁਤਾਬਕ ਸਵੇਰੇ ਸੱਤ ਵਜਕੇ 59 ਮਿੰਟ ‘ਤੇ ਹੋਈ ਪਰ ਇਹ ਗ੍ਰਹਿਣ ਅਰਬ ਸਾਗਰ ‘ਚ ਨਜ਼ਰ ਆਵੇਗਾ। ਧਰਤੀ ‘ਤੇ ਗ੍ਰਹਿਣ ਦੀ ਸ਼ੁਰੂਆਤ ਸਊਦੀ ਅਰਬ ‘ਚ ਹੋਫੂਕ ਕੋਲ ਹੋਈ ਪਰ ਇਸ ਸਮੇਂ ਉੱਥੇ ਸੂਰਜ ਨਿਕਲਿਆ ਨਹੀਂ ਹੋਵੇਗਾ।

ਦੁਨੀਆ ‘ਚ ਇਹ ਸੂਰਜ ਗ੍ਰਹਿਣ ਪਹਿਲਾਂ ਭਾਰਤ ਦੀ ਧਰਤੀ ‘ਤੇ ਦਿਖਣਾ ਸ਼ੁਰੂ ਹੋਇਆ। ਭਾਰਤੀ ਸਮੇਂ ਮੁਤਾਬਕ ਦੁਪਹਿਰ 1;35 ਵਜੇ ਤਕ ਗ੍ਰਹਿਣ ਖ਼ਤਮ ਹੋ ਜਾਵੇਗਾ। ਇਸ ਸਮੇਂ ਗ੍ਰਹਿਣ ਉੱਤਰੀ ਪ੍ਰਸ਼ਾਂਤ ਮਹਾਸਾਗਰ ‘ਚ ਨਜ਼ਰ ਆਵੇਗਾ। ਭਾਰਤ ਤੋਂ ਇਲਾਵਾ ਇਹ ਪੂਰਬੀ ਯੂਰਪ, ਉੱਤਰੀ-ਪੱਛਮੀ ਆਸਟ੍ਰੇਲੀਆ ਤੇ ਪੂਰਬੀ ਅਪਰੀਕਾ ‘ਚ ਵੀ ਨਜ਼ਰ ਆ ਸਕਦਾ ਹੈ।

ਇਸ ਤਰ੍ਹਾਂ ਵਰਤੋ ਸਾਵਧਾਨੀਆਂ: ਸੂਰਜ ਗ੍ਰਹਿਣ ਦੇਖ ਰਹੇ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਸੁਰੱਖਿਅਤ ਉਪਕਰਣਾਂ ਤੇ ਸਹੀ ਤਕਨੀਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਸੂਰਜ ਦੀਆਂ ਕਿਰਨਾਂ ਅੱਖਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਸਕਦੀਆਂ ਹਨ।

ਸੂਰਜ ਗ੍ਰਹਿਣ ਦੇ ਪ੍ਰਭਾਵ: 26 ਦਸੰਬਰ ਨੂੰ ਸੂਰਜ ਗ੍ਰਹਿਣ ਧਨੂ 'ਚ ਆ ਰਿਹਾ ਹੈ। ਇਸ ਗ੍ਰਹਿਣ ਦਾ ਪ੍ਰਭਾਵ ਸਾਰੇ 12 ਰਾਸ਼ਣਾਂ 'ਤੇ ਦਿਖਾਈ ਦੇਵੇਗਾ ਪਰ ਜਿਨ੍ਹਾਂ ਲੋਕਾਂ ਲਈ ਇਹ ਗ੍ਰਹਿਣ ਬੁਰੇ ਪ੍ਰਭਾਵ ਲਿਆ ਰਿਹਾ ਹੈ, ਉਨ੍ਹਾਂ ਨੂੰ ਘਬਰਾਉਣ ਦੀ ਵੀ ਲੋੜ ਨਹੀਂ। ਸੂਰਜ ਗ੍ਰਹਿਣ ਦਾ ਪ੍ਰਭਾਵ ਸਿਰਫ ਸੱਤ ਦਿਨਾਂ ਤੱਕ ਰਹਿੰਦਾ ਹੈ। ਇਸ ਦੇ ਬਾਅਦ ਇਸਦੇ ਪ੍ਰਭਾਵ ਖ਼ਤਮ ਹੋ ਜਾਂਦੇ ਹਨ।

ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋ:

ਸੂਰਜ ਗ੍ਰਹਿਣ ਸਮੇਂ ਗਾਇਤਰੀ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ।

ਗਰਭਵਤੀ ਔਰਤਾਂ ਨੂੰ ਘਰ ਤੋਂ ਬਾਹਰ ਨਹੀਂ ਆਉਣਾ ਚਾਹੀਦਾ।

ਸੂਰਜ ਗ੍ਰਹਿਣ ਨੂੰ ਨੰਗੀਆਂ ਅੱਖਾਂ ਨਾਲ ਨਹੀਂ ਵੇਖਣਾ ਚਾਹੀਦਾ।

ਗ੍ਰਹਿਣ ਤੋਂ ਬਾਅਦ ਕਿਸੇ ਨੂੰ ਨਕਾਰਾਤਮਕ ਕਿਰਨਾਂ ਦੇ ਪ੍ਰਭਾਵ ਤੋਂ ਬਚਣ ਲਈ ਨਹਾਉਣਾ ਚਾਹੀਦਾ ਹੈ।

ਜੋ ਲੋਕ ਸੂਰਜ ਗ੍ਰਹਿਣ ਤੋਂ ਬਾਅਦ ਦਾਨ ਕਰ ਸਕਦੇ ਹਨ ਉਨ੍ਹਾਂ ਨੂੰ ਦਾਨ ਕਰਨਾ ਚਾਹੀਦਾ ਹੈ।

ਘਰ ਅਤੇ ਮੰਦਰ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ।

ਸਬਜ਼ੀਆਂ ਅਤੇ ਫਲ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ।

ਭੋਜਨ ਖੁੱਲ੍ਹੇ 'ਚ ਨਹੀਂ ਰੱਖਣਾ ਚਾਹੀਦਾ।