ਮਹਿਤਾਬ-ਉਦ-ਦੀਨ
ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਬਹੁਤ ਜ਼ਿਆਦਾ ਮਾਮਲਿਆਂ ਕਾਰਨ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਉੱਤੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੇ ਇਸ ਵੇਲੇ ਪਾਬੰਦੀਆਂ ਲਾਈਆਂ ਹੋਈਆਂ ਹਨ। ਆਸਟ੍ਰੇਲੀਆ, ਚੀਨ ਤੇ ਜਾਪਾਨ ਜਿਹੇ ਦੇਸ਼ਾਂ ਨੇ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਲੈਣੀਆਂ ਹੀ ਆਰਜ਼ੀ ਤੌਰ ’ਤੇ ਬੰਦ ਕਰ ਦਿੱਤੀਆਂ ਹਨ। ਅਜਿਹੀਆਂ ਖ਼ਬਰਾਂ ਹਨ ਕਿ ਭਾਰਤੀ ਵਿਦਿਆਰਥੀਆਂ ਲਈ ਕੈਨੇਡੀਅਨ ਸਟੂਡੈਂਟ ਵੀਜ਼ਾ ਛੇਤੀ ਹੀ ਖੁੱਲ੍ਹ ਸਕਦਾ ਹੈ ਪਰ ਕੋਰੋਨਾ ਮਹਾਮਾਰੀ ਦੀਆਂ ਪਾਬੰਦੀਆਂ ਦੇ ਬਾਵਜੂਦ ਦੁਨੀਆ ਦੇ ਪੰਜ ਦੇਸ਼ਾਂ ਨੇ ਭਾਰਤੀ ਵਿਦਿਆਰਥੀਆਂ ਨੂੰ ਵੀਜ਼ੇ ਦੇਣੇ ਜਾਰੀ ਰੱਖੇ ਹੋਏ ਹਨ।


 

ਜਰਮਨੀ
ਆਟੋਮੋਟਿਵ ਤੇ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਯੂਰੋਪੀਅਨ ਦੇਸ਼ਾਂ ਦਾ ਧੁਰਾ ਮੰਨਿਆ ਜਾਣ ਵਾਲਾ ਦੇਸ਼ ਜਰਮਨੀ ਇਸ ਵੇਲੇ ਭਾਰਤੀਆਂ ਨੂੰ ਹੀ ਨਹੀਂ, ਹੋਰਨਾਂ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਵੀ ਵੀਜ਼ੇ ਜਾਰੀ ਕਰ ਰਿਹਾ ਹੈ। ਖ਼ਾਸ ਤੌਰ ’ਤੇ D ਵੀਜ਼ਾ ਜਾਰੀ ਕੀਤਾ ਜਾ ਰਿਹਾ ਹੈ। ਸਟੱਡੀ ਇੰਟਰਨੈਸ਼ਨਲ ਡਾੱਟ ਕਾੱਮ ਦੀ ਰਿਪੋਰਟ ਮੁਤਾਬਕ ਇਸ ਕਿਸਮ ਦੇ ਵੀਜ਼ਾ ਵਿੱਚ ਪੋਸਟ ਗ੍ਰੈਜੂਏਸ਼ਨ ਤੇ ਡੌਕਟਰੇਟ ਦੇ ਵਿਦਿਆਰਥੀਆਂ ਨੂੰ ਕਿਸੇ ਜਰਮਨ ਯੂਨੀਵਰਸਿਟੀ ’ਚ ਪੜ੍ਹਦੇ ਸਮੇਂ ਪੂਰਾ ਵਜ਼ੀਫ਼ਾ ਵੀ ਮਿਲਦਾ ਹੈ।

 

ਇਟਲੀ
ਭਾਰਤੀ ਵਿਦਿਆਰਥੀਆਂ ਲਈ ਇਟਲੀ ਦਾ ਸਟੂਡੈਂਟ ਵੀਜ਼ਾ ਵੀ ਮਿਲ ਰਿਹਾ ਹੈ। ਇਸ ਵੀਜ਼ੇ ਨਾਲ ਉੱਥੋਂ ਦੀ ‘ਪਰਮਾਨੈਂਟ ਰੈਜ਼ੀਡੈਂਸੀ’ (ਪੀਆਰ – PR) ਮਿਲ ਜਾਂਦੀ ਹੈ। ਬਹੁਤੇ ਵਿਦਿਆਰਥੀ ਇਟਲੀ ਵਿੱਚ ਸਮੁੰਦਰੀ ਖੇਤਰ ਅਤੇ ਵਪਾਰ ਦੇ ਅਧਿਐਨ ਲਈ ਜਾਂਦੇ ਹਨ।

 

ਪੁਰਤਗਾਲ
ਪੁਰਤਗਾਲ ’ਚ, ਪਹਿਲਾਂ ਭਾਵੇਂ ਆਰਜ਼ੀ ਕਿਸਮ ਦਾ ਸਟੂਡੈਂਟ ਵੀਜ਼ਾ ਮਿਲਦਾ ਹੈ ਪਰ ਇਸ ਦੀ ਮਿਆਦ ਬਾਅਦ ’ਚ ਅੱਗੇ ਵਧਾ ਦਿੱਤੀ ਜਾਂਦੀ ਹੈ। ਇੰਝ ਹੀ ਉੱਥੋਂ ਦੇ ਰੈਜ਼ੀਡੈਂਸ ਪਰਮਿਟ ਦੀ ਮਿਆਦ ਦਾ ਵੀ ਵਿਸਥਾਰ ਕਰ ਦਿੱਤਾ ਜਾਂਦਾ ਹੈ।

 

ਲਾਤਵੀਆ
ਪੁਰਤਗਾਲ ਵਾਂਗ ਲਾਤਵੀਆ ਦਾ ਵੀਜ਼ਾ ਵੀ ਪਹਿਲਾਂ ਸਿਰਫ਼ ਤਿੰਨ ਮਹੀਨਿਆਂ ਲਈ ਵੈਧ ਹੁੰਦਾ ਹੈ। ਫਿਰ ਉੱਥੇ ਜਾ ਕੇ ਲਾਤਵੀਆ ਦੇ ‘ਸਿਟੀਜ਼ਨਸ਼ਿਪ ਐਂਡ ਮਾਈਗ੍ਰੇਸ਼ਨ ਅਫ਼ੇਅਰਜ਼’ ਦਫ਼ਤਰ ਨੂੰ ਰੈਜ਼ੀਡੈਂਸ ਪਰਮਿਟ ਲਈ ਅਰਜ਼ੀ ਦੇਣੀ ਹੁੰਦੀ ਹੈ। ਉਸ ਤੋਂ ਬਾਅਦ ਸਟੂਡੈਂਟ ਵੀਜ਼ਾ ਦੀ ਮਿਆਦ ਅੱਗੇ ਵਧਾ ਦਿੱਤੀ ਜਾਂਦੀ ਹੈ।

 

ਅਮਰੀਕਾ
ਅਮਰੀਕਾ ਨੇ ਬੀਤੀ 14 ਜੂਨ ਤੋਂ ਸਟੂਡੈਂਟ ਵੀਜ਼ਾ ਦੀਆਂ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਰ ਹਾਲੇ ਕੋਰੋਨਾ ਲੌਕਡਾਊਨ ਤੇ ਹੋਰ ਪਾਬੰਦੀਆਂ ਕਾਰਣ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਵਿੱਚ ਪਹਿਲਾਂ ਦੀਆਂ ਅਰਜ਼ੀਆਂ ਦਾ ਬੈਕਲੌਗ ਇਕੱਠਾ ਹੋ ਗਿਆ ਹੈ। ਇਸ ਲਈ ਹਾਲੇ ਉਨ੍ਹਾਂ ਅਰਜ਼ੀਆਂ ਦਾ ਨਿਬੇੜਾ ਕੀਤਾ ਜਾ ਰਿਹਾ ਹੈ।