ਅਫਗਾਨਿਸਤਾਨ ਦੀ ਸੱਤਾ 'ਤੇ ਕਬਜ਼ਾ ਕਰ ਸਰਕਾਰ ਬਣਾਉਣ ਵਾਲਾ ਤਾਲਿਬਾਨ ਦੋਫਾੜ ਹੋ ਰਿਹਾ ਹੈ। ਤਾਲਿਬਾਨ ਸਮੂਹ ਦੇ ਸਹਿ-ਸੰਸਥਾਪਕ ਮੁੱਲਾ ਅਬਦੁਲ ਗਨੀ ਬਰਾਦਰ ਅਤੇ ਇੱਕ ਕੈਬਨਿਟ ਮੈਂਬਰ ਵਿਚਾਲੇ ਰਾਸ਼ਟਰਪਤੀ ਭਵਨ 'ਚ ਤਲਖ ਬਹਿਸ ਹੋਈ। ਹਾਲ ਹੀ ਦੇ ਦਿਨਾਂ 'ਚ ਬਰਾਦਰ ਦੇ ਗਾਇਬ ਹੋਣ ਬਾਅਦ ਤੋਂ ਤਾਲਿਬਾਨ ਦੀ ਅਗਵਾਈ 'ਚ ਵਿਰੋਧ ਦੀਆਂ ਖਬਰਾਂ ਮਿਲ ਰਹੀਆਂ ਹਨ। ਬਰਾਦਰ ਅਤੇ ਖਲੀਲ ਉਰ ਰਹਿਮਾਨ ਹੱਕਾਨੀ ਦੇ ਵਿਚਾਲੇ ਤਿਖੀ ਬਹਿਸ ਹੋਈ। ਦੱਸਿਆ ਜਾ ਰਿਹਾ ਕਿ ਤਾਲਿਬਾਨ ਦੇ ਦੋ ਧੜਿਆਂ ਦੇ ਸਮਰਥਕਾਂ ਵਿਚਾਲੇ ਰਾਸ਼ਟਰਪਤੀ ਭਵਨ 'ਚ ਹੱਥੋਪਾਈ ਵੀ ਹੋਈ। 

 

ਇਸ ਸਭ ਤੋਂ ਬਾਅਦ ਮੁਲਾ ਬਰਾਦਰ ਦੀ ਮੌਤ ਹੋਣ ਦੀਆਂ ਖਬਰਾਂ ਨੇ ਅਟਕਲਾਂ ਦਾ ਬਾਜ਼ਾਰ ਗਰਮ ਰਖਿਆ। ਪਰ ਇਸ ਸਭ ਦੇ ਵਿਚਾਲੇ ਹੁਣ ਤਾਲਿਬਾਨ ਵਲੋਂ ਬਰਾਦਰ ਦੇ ਇੰਟਰਵਿਊ ਦਾ ਵੀਡੀਓ ਟਵੀਟ ਕੀਤਾ ਗਿਆ ਤੇ ਮੌਤ ਦੀਆਂ ਖਬਰਾਂ ਖਾਰਜ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਮੁੱਲਾ ਬਰਾਦਰ ਨੇ ਸੋਮਵਾਰ ਨੂੰ ਖੁਦ ਔਡੀਓ ਸੁਨੇਹੇ 'ਚ ਪੁਸ਼ਟੀ ਕੀਤੀ ਸੀ ਕਿ ਉਹ ਜ਼ਿੰਦਾ ਹੈ।  ਪਰ ਇਸ  ਔਡੀਓ ਸੰਦੇਸ਼ ਨੂੰ ਵੀ ਝੂਠਾ ਦੱਸਿਆ ਜਾ ਰਿਹਾ ਸੀ। ਹੁਣ ਬਰਾਦਰ ਦਾ ਵੀਡੀਓ ਜਾਰੀ ਕੀਤਾ ਗਿਆ ਜਿਥੇ ਤਾਲਿਬਾਨ ਦੋ ਹਿੱਸਿਆਂ 'ਚ ਟੁਟਦਾ ਨਜ਼ਰ ਆ ਰਿਹਾ ਹੈ। 

 

ਉਥੇ ਹੀ ਤਾਲਿਬਾਨ ਦਾ ਹਿਮਾਇਤੀ ਪਾਕਿਸਤਾਨ ਹੱਕਾਨੀ ਗਰੁਪ ਸਮੇਤ ਤਾਲਿਬਾਨ ਦੀ ਸਰਕਾਰ ਦਾ ਸਮਰਥਨਕ ਕਰ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੁਨੀਆ ਭਰ ਦੇ ਮੁਲਕਾਂ ਨੂੰ ਤਾਲਿਬਾਨ ਨਾਲ ਗੱਲਬਾਤ ਕਰਨ ਲਈ ਕਿਹਾ ਹੈ। ਇਮਰਾਨ ਖਾਨ ਨੇ ਕਿਹਾ ਕਿ ਤਾਲਿਬਾਨ ਨਾਲ ਗਲਬਾਤ ਜ਼ਰੀਏ ਸ਼ਾਂਤੀ ਕਾਇਮ ਹੋਵੇਗੀ। ਬੇਸ਼ਕ ਤਾਲਿਬਾਨ ਦੀ ਹਿਮਾਇਤ ਕਰਨ ਦੀ ਖੁਮਾਰੀ 'ਚ ਇਮਰਾਨ ਖਾਨ ਤਾਲਿਬਾਨੀ ਹਕੁਮਤ ਦਾ ਸਮਰਥਨ ਕਰ ਰਹੇ ਹਨ। ਪਰ ਦੇਸ਼ 'ਚ ਹਾਲ ਕੀ ਹਨ, ਇਸ ਦੀ ਗਵਾਹੀ ਤਸਵੀਰਾਂ ਭਰ ਰਹੀਆਂ ਹਨ। 

 

ਨਾ ਜੇਬ 'ਚ ਪੈਸਾ ਤੇ ਨਾ ਖਾਣ ਨੂੰ ਅਨਾਜ, ਇਹ ਹਾਲ ਅਫਗਾਨਿਸਤਾਨ ਦੇ ਲੋਕਾਂ ਦਾ ਹੈ। ਆਲਮ ਇਹ ਹੈ ਕਿ ਲੋਕ ਆਪਣੇ ਘਰ ਦਾ ਸਮਾਨ ਤੱਕ ਵੇਚਣ ਨੂੰ ਮਜਬੂਰ ਹਨ ਤਾਂ ਜੋ 2 ਵਕਤ ਦੀ ਰੋਟੀ ਮਿਲ ਸਕੇ। ਕਾਬੁਲ ਦੇ ਇੱਕ ਬਾਜ਼ਾਰ 'ਚ ਲੋਕਾਂ ਦੀ ਭੀੜ ਦੇਖੀ ਜਾ ਸਕਦੀ ਹੈ। ਜਿਥੇ ਘਰਾਂ 'ਚ ਰਖਿਆ ਸਮਾਨ ਵੇਚਿਆ ਜਾ ਰਿਹਾ ਹੈ। ਘਰਾਂ 'ਚ ਰੋਜ਼ਾਨਾ ਵਰਤਿਆਂ ਜਾਣ ਵਾਲਾ ਸਾਰਾ ਸਮਾਨ ਸ਼ਾਮਲ ਹੈ। ਲੋਕ ਬੇਰੁਜ਼ਗਾਰ ਹੋ ਚੁੱਕੇ ਹਨ। ਵਪਾਰ ਠੱਪ ਹਨ, ਬੈਂਕ ਬੰਦ ਹਨ, ਏਟੀਐਮ ਬੰਦ, ਕੈਸ਼ ਖਤਮ ਹੋ ਚੁੱਕਿਆ ਹੈ। ਅਜਿਹੇ 'ਚ ਲੋਕ ਪੈਸਾ ਲੈਣ ਲਈ ਸਮਾਨ ਵੇਚਣ ਲਈ ਮਜ਼ਬੂਰ ਹਨ।

 

ਅਫਗਾਨਿਸਤਾਨ ਦੇ ਵਿਗੜ ਰਹੇ ਹਾਲਾਤਾਂ 'ਤੇ ਸੰਯੁਕਤ ਰਾਸ਼ਟਰ ਨੇ ਵੀ ਫਿਕਰ ਜ਼ਾਹਿਰ ਕੀਤੀ ਹੈ। ਜਿਨ੍ਹਾਂ ਅਫਗਾਨਿਸਤਾਨ ਲਈ 2 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਤੇ ਦੁਨੀਆ ਭਰ ਦੇ ਮੁਲਕਾਂ ਨੂੰ ਅਫਗਾਨਿਸਤਾਨ ਦੇ ਲੋਕਾਂ ਦੀ ਮਦਦ ਕਰਨ ਲਈ ਕਿਹਾ ਹੈ। ਅਮਰੀਕਾ ਨੇ ਵੀ ਅਫਗਾਨਿਸਤਾਨ ਦੇ ਲੋਕਾਂ ਦੀ ਆਰਥਿਕ ਮਦਦ ਕਰਨ ਦਾ ਐਲਾਨ ਕੀਤਾ ਹੈ। 

 

ਸੰਯੁਕਤ ਰਾਸ਼ਟਰ 'ਚ ਅਮਰੀਕੀ ਰਾਜਦੂਤ ਨੇ ਕਿਹਾ ਕਿ ਅਫਗਾਨਿਸਤਾਨ ਦੀ ਜਨਤਾ ਲਈ 64 ਮਿਲੀਅਨ ਡਾਲਰ ਯਾਨੀ ਕਰੀਬ 470 ਕਰੋੜ ਰੁਪਏ ਦੀ ਮਨੁੱਖੀ ਸਹਾਇਤਾ ਦੇਣ ਲਈ ਤਿਆਰ ਹੈ। ਅਮਰੀਕਾ ਤੋਂ ਪਹਿਲਾਂ ਸਯੁੰਕਤ ਰਾਸ਼ਟਰ, ਨਿਊਜ਼ੀਲੈਂਡ, ਜਰਮਨੀ ਵੀ ਅਫਗਾਨਿਸਤਾਨ ਨੂੰ ਆਰਥਿਕ ਮਦਦ ਦੇਣ ਦਾ ਐਲਾਨ ਕਰ ਚੁੱਕੇ ਹਨ। ਚੀਨ ਨੇ ਪਹਿਲਾ ਹੀ 200 ਮਿਲੀਅਨ ਯੂਆਨ ਯਾਨੀ 31 ਮਿਲੀਅਨ ਡਾਲਰ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ।