ਜਲੰਧਰ: ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਵਗਣ ਵਾਲੀ ਬਿਆਸ ਦਰਿਆ ਨੂੰ ‘ਬੀ ਕਲਾਸ’ ਨਦੀ ਦਾ ਖਿਤਾਬ ਦਿੱਤਾ ਗਿਆ ਹੈ। ਏਬੀਪੀ ਨਿਊਜ਼ ਨੇ ਇਸ ਲਈ ਬਣੀ ਕਮੇਟੀ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਗੱਲਬਾਤ ਕੀਤੀ ਅਤੇ ਪੂਰੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ। ਬਿਆਸ ਦਰਿਆ 'ਚ ਸ਼ੂਗਰ ਮਿੱਲ 'ਚੋਂ ਜ਼ਹਿਰੀਲਾ ਪਦਾਰਥ ਮਿਲਣ ਤੋਂ ਬਾਅਦ ਮੱਛੀਆਂ ਦੀਆਂ ਮੌਤ ਦਾ ਮਾਮਲਾ ਗਰਮਾ ਗਿਆ ਸੀ। ਜਿਸ ਤੋਂ ਬਾਅਦ ਬਿਆਸ ਨਦੀ ਦਾ ਪਾਣੀ ਪੀਣ ਦੇ ਯੋਗ ਨਹੀਂ ਸੀ। 

 

ਹੁਣ ਨਦੀ ਵਿੱਚ ਬਹੁਤ ਸਾਰੇ ਪ੍ਰਾਜੈਕਟਾਂ 'ਤੇ ਕੰਮ ਕੀਤਾ ਗਿਆ, ਜਿਸ ਤੋਂ ਬਾਅਦ ਬਿਆਸ ਦਰਿਆ ਦਾ ਪਾਣੀ ਪੀਣ ਅਤੇ ਨਹਾਉਣ ਦੇ ਲਾਇਕ ਹੋ ਗਿਆ ਹੈ। ਐਨਜੀਟੀ (ਨੈਸ਼ਨਲ ਗ੍ਰੀਨ ਟ੍ਰਿਬਿਊਨਲ) ਨੇ ਜਨਵਰੀ 2019 ਤੋਂ ਨਦੀ ਦੇ ਪਾਣੀ ਨੂੰ ਸ਼ੁੱਧ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਉਥੇ ਹੀ ਜਦੋਂ ਭਾਖੜਾ ਬਿਆਸ ਮੈਨੇਜਮੈਂਟ ਦੇ ਮੈਂਬਰ ਹਰਮਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ। 

 

ਉਨ੍ਹਾਂ ਕਿਹਾ ਫੈਕਟਰੀ ਡਿਸਚਾਰਜ ਨੂੰ ਟਰੀਟ ਕਰਕੇ ਬਿਆਸ 'ਚ ਭੇਜਿਆ ਜਾ ਰਿਹਾ ਹੈ। ਬੀਬੀਐਮਬੀ ਦਾ ਪੰਡੋਹ ਡੈਮ 298 ਕਿਊਸਿਕ ਪਾਣੀ ਅਤੇ ਪੌਂਗ ਡੈਮ 405 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਜੋ ਉਸ ਨਦੀ ਦਾ ਪਾਣੀ ਸੁਰੱਖਿਅਤ ਰਹੇ। ਇਸ ਦੇ ਨਾਲ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸ਼ਹਿਰਾਂ ਦਾ ਪਾਣੀ ਅਤੇ ਸੀਵਰੇਜ ਦਾ ਪਾਣੀ ਟਰੀਟ ਕਰਨ ਤੋਂ ਬਾਅਦ ਹੀ ਬਿਆਸ ਵਿੱਚ ਛੱਡਿਆ ਜਾਵੇ ਤਾਂ ਜੋ ਅਸੀਂ ਇਸ ਕੁਦਰਤੀ ਦੇਣ ਨੂੰ ਸੰਭਾਲ ਸਕੀਏ।