ਅੰਬਾਲਾ: ਗਣਤੰਤਰ ਦਿਵਸ 'ਤੇ ਦਿੱਲੀ 'ਚ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਵਾਪਰੀ ਘਟਨਾ ਮਗਰੋਂ ਟੋਲ ਪਲਾਜ਼ਾ 'ਤੇ ਬੈਠੇ ਕਿਸਾਨਾਂ 'ਤੇ ਹਰਿਆਣਾ ਪੁਲਿਸ ਸਖਤ ਹੋ ਗਈ ਹੈ। ਪੁਲਿਸ ਨੇ ਕਈ ਥਾਵਾਂ 'ਤੇ ਕਿਸਾਨਾਂ ਨੂੰ ਟੋਲ ਪਲਾਜ਼ਾ ਤੋਂ ਹਟਾ ਦਿੱਤਾ। ਅੰਬਾਲਾ ਦੇ ਸ਼ੰਭੂ ਟੋਲ ਪਲਾਜ਼ਾ 'ਤੇ ਕਿਸਾਨ ਅਜੇ ਵੀ ਡਟੇ ਹੋਏ ਹਨ। ਸ਼ੰਭੂ ਟੋਲ ਪਲਾਜ਼ਾ 'ਤੇ 1 ਮਹੀਨੇ ਤੋਂ ਵੱਧ ਸਮੇਂ ਤੋਂ ਕਿਸਾਨ ਟੋਲ ਪਲਾਜ਼ਾ 'ਤੇ ਬੈਠੇ ਹਨ। ਉਥੇ ਲੰਗਰ ਲਾਏ ਜਾ ਰਹੇ ਹਨ ਤੇ ਕਿਸਾਨ ਅਜੇ ਵੀ ਇਸ ਟੋਲ ਪਲਾਜ਼ਾ ‘ਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇੱਥੇ ਹੀ ਰਹਿਣਗੇ।


ਸ਼ੰਭੂ ਟੋਲ ਪਲਾਜ਼ਾ 'ਤੇ ਬੈਠੇ ਕਿਸਾਨ ਆਗੂ ਜੈ ਸਿੰਘ ਨੇ ਕਿਹਾ ਕਿ ਸਰਕਾਰ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ, ਅਸੀਂ ਇਸ ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਚਲਾ ਰਹੇ ਹਾਂ। ਅਸੀਂ ਇਸ ਦੀ ਨਿਖੇਧੀ ਕਰਦੇ ਹਾਂ। ਇਸ ਟੋਲ ਪਲਾਜ਼ਾ 'ਤੇ ਟੋਲ ਲਾਉਣ ਦੀ ਆਗਿਆ ਉਦੋਂ ਤੱਕ ਨਹੀਂ ਦਿੱਤੀ ਜਾਵੇਗੀ, ਜਦ ਤਕ ਸਰਕਾਰ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ।

ਕਿਸਾਨਾਂ ਨਾਲ ਇੱਕਜੁੱਟਤਾ ਦਿਖਾਉਂਦਿਆਂ 'ਆਪ' ਤੇ 16 ਵਿਰੋਧੀ ਧਿਰਾਂ ਦਾ ਵੱਡਾ ਐਲਾਨ

ਕਿਸਾਨਾਂ ਨੇ ਕਿਹਾ ਕਿ ਸਾਰੇ ਕਿਸਾਨ ਭਰਾਵਾਂ ਤੇ ਭੈਣਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੀ ਇੱਕ ਆਵਾਜ਼ 'ਤੇ ਦਿੱਲੀ ਪਹੁੰਚੇ ਤੇ ਟਰੈਕਟਰ ਪਰੇਡ 'ਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ 10 ਲੱਖ ਕਿਸਾਨ ਦਿੱਲੀ ਦੀਆਂ ਸੜਕਾਂ ‘ਤੇ ਆ ਚੁੱਕੇ ਹਨ ਪਰ ਕੋਈ ਲੁੱਟ ਨਹੀਂ ਹੋਈ। ਲਾਲ ਕਿਲ੍ਹੇ 'ਤੇ ਵਾਪਰੀ ਇਹ ਘਟਨਾ ਕੇਂਦਰ ਸਰਕਾਰ ਦੀ ਚਾਲ ਸੀ ਤਾਂ ਜੋ ਅੰਦੋਲਨ ਦਾ ਦਮ ਨਿਕਲ ਜਾਵੇ।

ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਉਦੋਂ ਤਕ ਸਾਡੀ ਲਹਿਰ ਇਸੇ ਤਰ੍ਹਾਂ ਜਾਰੀ ਰਹੇਗੀ। ਲਾਲ ਕਿਲ੍ਹਾ ਇੱਕ ਉੱਚ ਸੁਰੱਖਿਆ ਬਿੰਦੂ ਹੈ ਜਿੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਫਿਰ ਕੁਝ ਲੋਕ ਉਥੇ ਕਿਵੇਂ ਦਾਖਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਪੁਲਿਸ ਨੇ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਕਿਸਾਨਾਂ ਨੇ ਸਾਂਝੇ ਤੌਰ 'ਤੇ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਉਹ ਇਸ ਟੋਲ ਪਲਾਜ਼ਾ 'ਤੇ ਰਹਿਣਗੇ ਤੇ ਲੰਗਰ ਕਿਸਾਨਾਂ ਲਈ ਜਾਰੀ ਰਹੇਗਾ।