ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕਿਸਾਨਾਂ ਦੇ ਟ੍ਰੈਕਟਰ ਮਾਰਚ ਦੌਰਾਨ ਹੋਈ ਹਿੰਸਾ ਦੀ ਜਾਂਚ ਪੁਲਿਸ ਇਸ ਵੇਲੇ ਕਰ ਰਹੀ ਹੈ। ਦਿੱਲੀ ਪੁਲਿਸ ਦੇ ਕਮਿਸ਼ਨਰ ਐਸਐਨ ਸ਼੍ਰੀਵਾਸਤਵ ਨੇ ਪੁਲਿਸ ਕਰਮਚਾਰੀਆਂ ਨੂੰ ਇੱਕ ਤਾਜ਼ਾ ਚਿੱਠੀ ਲਿਖੀ ਹੈ ਕਿ ਆਉਣ ਵਾਲੇ ਕੁਝ ਦਿਨ ਸਾਡੇ ਲਈ ਕਾਫ਼ੀ ਚੁਣੌਤੀ ਭਰੇ ਹੋ ਸਕਦੇ ਹਨ; ਇਸ ਲਈ ਸਾਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ।
ਸ਼੍ਰੀਵਾਸਤਵ ਨੇ ਕਿਹਾ ਕਿ 26 ਜਨਵਰੀ ਨੂੰ ਕਿਸਾਨ ਅੰਦੋਲਨ ਦੇ ਹਿੰਸਕ ਹੋ ਜਾਣ ਦੇ ਬਾਵਜੂਦ ਆਪਣੇ ਬੇਹੱਦ ਸੰਜਮ ਤੇ ਸੂਝਬੂਝ ਦਾ ਸਬੂਤ ਦਿੱਤਾ ਹੈ। ਭਾਵੇਂ ਸਾਡੇ ਕੋਲ ਤਾਕਤ ਵਰਤਣ ਦਾ ਵਿਕਲਪ ਮੌਜੂਦ ਸੀ ਪਰ ਅਸੀਂ ਇਸ ਚੁਣੌਤੀਪੂਰਨ ਅੰਦੋਲਨ ਦਾ ਸਾਹਮਣਾ ਵਧੀਆ ਤਰੀਕੇ ਨਾਲ ਕੀਤਾ। ਅਸੀਂ ਸਭ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਆਏ ਹਾਂ।
ਪੁਲਿਸ ਅਧਿਕਾਰੀ ਨੇ ਕਰਮਚਾਰੀਆਂ ਨੂੰ ਸੰਬੋਧਨ ਹੁੰਦਿਆਂ ਅੱਗੇ ਕਿਹਾ ਹੈ ਕਿ ਤੁਹਾਡੀ ਮਿਹਨਤ ਤੇ ਕਾਰਜਕੁਸ਼ਲਤਾ ਨਾਲ ਹੀ ਕਿਸਾਨ ਅੰਦੋਲਨ ਦੀ ਚੁਣੌਤੀ ਦਾ ਅਸੀਂ ਡਟ ਕੇ ਮੁਕਾਬਲਾ ਕਰ ਸਕੇ ਹਾਂ। ਕਿਸਾਨ ਅੰਦੋਲਨ ’ਚ ਵਾਪਰੀ ਹਿੰਸਾ ਵਿੱਚ ਸਾਡੇ 394 ਸਾਥੀ ਜ਼ਖ਼ਮੀ ਹੋਏ ਹਨ। ਉਨ੍ਹਾਂ ਅੱਗੇ ਲਿਖਿਆ ਹੈ ਕਿ ਆਉਣ ਵਾਲੇ ਚੁਣੌਤੀ ਭਰਪੂਰ ਦਿਨਾਂ ਵਿੱਚ ਧੀਰਜ ਤੇ ਅਨੁਸ਼ਾਸਨ ਨੂੰ ਕਾਇਮ ਰੱਖਣਾ ਹੋਵੇਗਾ। ਤੁਹਾਡੇ ਸੰਜਮ ਤੇ ਧੀਰਜ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।
ਦੱਸ ਦੇਈਏ ਕਿ ਪੁਲਿਸ ਨੇ ਦਰਸ਼ਨ ਪਾਲ, ਰਾਕੇਸ਼ ਟਿਕੈਤ, ਯੋਗੇਂਦਰ ਯਾਦਵ, ਮੇਧਾ ਪਾਟਕਰ, ਗੁਰਨਾਮ ਸਿੰਘ ਚੜ੍ਹੂਨੀ, ਕੁਲਵੰਤ ਸਿੰਘ ਸੰਧੂ, ਸਤਨਾਮ ਸਿੰਘ ਪਨੂੰ, ਜੋਗਿੰਦਰ ਸਿੰਘ ਉਗਰਾਹਾਂ, ਸੁਰਜੀਤ ਸਿੰਘ ਫੁੱਲ, ਜਗਜੀਤ ਸਿੰਘ ਦਾਲੇਵਾਲ, ਬਲਬੀਰ ਸਿੰਘ ਰਾਜੇਵਾਲ ਤੇ ਹਰਿੰਦਰ ਸਿੰਘ ਲਖੋਵਾਲ ਸਮੇਤ 37 ਆਗੂਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਐਫ਼ਆਈਆਰ ਵਿੱਚ ਕਤਲ ਦੀ ਕੋਸ਼ਿਸ਼, ਦੰਗਾ ਤੇ ਅਪਰਾਧਕ ਸਾਜ਼ਿਸ਼ ਦੇ ਦੋਸ਼ ਲਾਏ ਗਏ ਹਨ।