ਚੰਡੀਗੜ੍ਹ: ਹਰਿਆਣਾ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੌਰਾਨ 10 ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਉਦੋਂ ਵਾਪਰੀ, ਜਦੋਂ ਕਿਸਾਨ ਕਰਨਾਲ ’ਚ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਸਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਇਸ ਪ੍ਰੋਗਰਾਮ ਤੋਂ ਪਹਿਲਾਂ ਉੱਥੋਂ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ-SDM) ਨੇ ਆਦੇਸ਼ ਦਿੱਤਾ ਸੀ ਕਿ ਜੇ ਕੋਈ ਉਨ੍ਹਾਂ ਦੇ ਨੇੜੇ ਆਉਂਦਾ ਹੈ ਤਾਂ ਉਸ ਦਾ ਸਿਰ ਪਾੜ ਦਿੱਤਾ ਜਾਵੇ। ਪੁਲਿਸ ਨੇ ਕਿਸਾਨਾਂ ਨੂੰ ਫਿਰ ਬੇਰਹਿਮੀ ਨਾਲ ਮਾਰਿਆ, ਵਹਿਸ਼ੀਆਨਾ ਢੰਗ ਨਾਲ ਲਾਠੀਆਂ ਚਲਾਈਆਂ। ਬਾਅਦ ਵਿੱਚ, ਜਦੋਂ ਮਾਮਲਾ ਭਖ ਗਿਆ, ਤਾਂ ਆਈਏਐਸ ਅਧਿਕਾਰੀ ਨੂੰ ਸਪਸ਼ਟੀਕਰਨ ਦੇਣਾ ਪਿਆ। ਜਾਣਕਾਰੀ ਅਨੁਸਾਰ ਰਾਜ ਸਰਕਾਰ ਫਿਲਹਾਲ ਉਨ੍ਹਾਂ ਦੀ ਵਿਆਖਿਆ ਤੋਂ ਸੰਤੁਸ਼ਟ ਹੈ।



 

2018 ਬੈਚ ਦੇ ਆਈਏਐਸ ਅਧਿਕਾਰੀ ਸਿਨ੍ਹਾ ਨੇ ਕੈਮਰੇ ਸਾਹਮਣੇ ਪੁਲਿਸ ਵਾਲਿਆਂ ਨੂੰ ਇਹ ਗੱਲਾਂ ਕਹੀਆਂ ਸੀ। ਪੁਲਿਸ ਕਰਮਚਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਵੀਡੀਓ ਵੀ ਸਾਹਮਣੇ ਆਇਆ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ। ਉਸ ਨੂੰ ਇਸ ਵਿੱਚ ਇਹ ਕਹਿੰਦੇ ਹੋਏ ਵੇਖਿਆ ਗਿਆ ਸੀ, "ਚੁੱਕ-ਚੁੱਕ ਕੇ ਮਾਰਿਓ ਪਿੱਛੇ ਸਾਰਿਆਂ ਦੇ। ਅਸੀਂ ਉਨ੍ਹਾਂ ਨੂੰ ਸੁਰੱਖਿਆ ਘੇਰਾ ਪਾਰ ਨਹੀਂ ਕਰਨ ਦੇਵਾਂਗੇ। ਸਾਡੇ ਕੋਲ ਲੋੜੀਂਦੀ ਸੁਰੱਖਿਆ ਫੋਰਸ ਹੈ। ਅਸੀਂ ਦੋ ਦਿਨਾਂ ਤੋਂ ਨਹੀਂ ਸੁੱਤੇ ਪਰ ਤੁਸੀਂ ਲੋਕ ਇੱਥੇ ਕੁਝ ਨੀਂਦਰ ਲੈ ਕੇ ਆਏ ਹੋ... ਇੱਕ ਵੀ ਬੰਦਾ ਨਿੱਕਲ ਕੇ ਨਾ ਜਾਵੇ। ਜੇ ਕੋਈ ਆਵੇ, ਤਾਂ ਉਸ ਦਾ ਸਿਰ ਪਾਟਣਾ ਚਾਹੀਦਾ ਹੈ। ਕੀ ਤੁਹਾਨੂੰ ਸਮਝ ਆ ਗਿਆ?’’

 


 

ਉੱਧਰ ਸੰਯੁਕਤ ਕਿਸਾਨ ਮੋਰਚਾ ਨੇ ਸਿਨ੍ਹਾ ਦੀ ਮੁਅੱਤਲੀ ਦੀ ਮੰਗ ਕੀਤੀ ਹੈ। ਜਦੋਂਕਿ ਭਾਜਪਾ ਸ਼ਾਸਤ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨੇ ਆਈਏਐਸ ਅਧਿਕਾਰੀ ਦੀ ਟਿੱਪਣੀ 'ਤੇ ਕੋਈ ਬਿਆਨ ਦੇਣ ਤੋਂ ਗੁਰੇਜ਼ ਕੀਤਾ। ਕੁਝ ਨੇ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ "ਅਧਿਕਾਰੀ ਨੇ ਕੁਝ ਵੀ ਗਲਤ ਨਹੀਂ ਕਿਹਾ। ਉਹ ਅਜਿਹੇ ਦਬਾਅ ਦੇ ਸਮੇਂ ਵਿੱਚ ਆਪਣੀ ਡਿਊਟੀ ਕਰ ਰਿਹਾ ਸੀ।”

 
ਸਿਨ੍ਹਾ ਨੇ “ਦ ਸੰਡੇ ਐਕਸਪ੍ਰੈਸ” ਨੂੰ ਇਸ ਬਾਰੇ ਦੱਸਿਆ, “ਪ੍ਰਦਰਸ਼ਨ ਵਾਲੇ ਸਥਾਨ ਤੇ ਮੀਟਿੰਗ ਸਥਾਨ ਦੇ ਵਿਚਕਾਰ ਤਿੰਨ ਚੈੱਕ ਪੁਆਇੰਟ ਸਨ। ਮੈਨੂੰ ਤੀਜੀ ਤੇ ਆਖਰੀ ਚੈੱਕਪੋਸਟ ਤੇ ਤਾਇਨਾਤ ਕੀਤਾ ਗਿਆ ਸੀ, ਜੋ ਮੀਟਿੰਗ ਤੋਂ ਪਹਿਲਾਂ ਸੀ। ਭਾਵ ਜਿਸ ਨੇ ਵੀ ਪਹੁੰਚਣਾ ਸੀ, ਉਸ ਨੇ ਪਹਿਲੇ ਦੋ ਸੁਰੱਖਿਆ ਘੇਰਿਆਂ ਨੂੰ ਤੋੜ ਕੇ ਅੱਗੇ ਆਉਣਾ ਸੀ। ਤੀਜਾ ਨਾਕਾ ਮੀਟਿੰਗ ਸਥਾਨ ਦੇ ਬਹੁਤ ਨੇੜੇ ਸੀ। ਬਹੁਤ ਜ਼ਿਆਦਾ ਖਦਸ਼ਾ ਸੀ ਕਿ ਤੀਜੇ ਨਾਕੇ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨਾਲ ਤੋੜ-ਭੰਨ ਹੋ ਸਕਦੀ ਸੀ ਤੇ ਕੁਝ ਸ਼ਰਾਰਤੀ ਅਨਸਰ ਵੀ ਇਨ੍ਹਾਂ ਵਿਰੋਧ ਕਰਨ ਵਾਲੇ ਸਮੂਹਾਂ ਦਾ ਹਿੱਸਾ ਸਨ। ਇਹ ਸੁਰੱਖਿਆ ਲਈ ਖਤਰਾ ਹੋ ਸਕਦਾ ਸੀ।”

 

ਸਿਨ੍ਹਾ ਨੇ ਕਿਹਾ, “ਇਸ ਲਈ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਂ ਆਪਣੇ ਟਿਕਾਣੇ ਉੱਤੇ ਪੁਲਿਸ ਕਰਮਚਾਰੀਆਂ ਨੂੰ ਜਾਣਕਾਰੀ ਦੇ ਰਿਹਾ ਸੀ। ਮੈਂ ਉਨ੍ਹਾਂ ਨੂੰ ਪ੍ਰਕਿਰਿਆ ਬਾਰੇ ਦੱਸ ਰਿਹਾ ਸੀ। ਮੈਂ ਉਨ੍ਹਾਂ ਨੂੰ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਦੇਣ ਲਈ ਕਿਹਾ, ਜਿਸ ਤੋਂ ਬਾਅਦ ਉਨ੍ਹਾਂ 'ਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕਰੋ। ਫਿਰ ਅੱਥਰੂ ਗੈਸ ਛੱਡੋ ਤੇ ਫਿਰ ਲੋੜ ਪੈਣ 'ਤੇ ਲਾਠੀਚਾਰਜ ਕਰੋ।"

 

ਆਈਏਐਸ ਨੇ ਦਾਅਵਾ ਕੀਤਾ ਕਿ ਜੋ ਵੀਡੀਓ ਵਾਇਰਲ ਹੋਇਆ ਹੈ, ਉਸ ਨਾਲ ਛੇੜਛਾੜ ਕੀਤੀ ਗਈ ਹੈ ਕਿਉਂਕਿ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋ ਰਹੇ ਵੀਡੀਓ ਵਿੱਚ ਮੇਰੇ ਬਿਆਨ ਦਾ ਸਿਰਫ ਕੁਝ ਹਿੱਸਾ ਹੈ। ਲਾਠੀਚਾਰਜ ਬਸਤਾਰਾ ਟੋਲ ਪਲਾਜ਼ਾ ਵਿਖੇ ਹੋਇਆ। ਉਥੇ ਇੱਕ ਹੋਰ ਐਸਡੀਐਮ ਤਾਇਨਾਤ ਸੀ। ਮੈਨੂੰ ਉਥੋਂ 10-15 ਕਿਲੋਮੀਟਰ ਦੂਰ ਤਾਇਨਾਤ ਕੀਤਾ ਗਿਆ ਸੀ। ਮੇਰੇ ਬਲਾਕ ਤੇ ਕੁਝ ਨਹੀਂ ਹੋਇਆ। ਜਿਨ੍ਹਾਂ ਪੁਲਿਸ ਵਾਲਿਆਂ ਨੂੰ ਮੈਂ ਜਾਣਕਾਰੀ ਦਿੱਤੀ ਉਨ੍ਹਾਂ ਨੇ ਕੁਝ ਨਹੀਂ ਕੀਤਾ। ਕੋਈ ਵੀ ਪ੍ਰਦਰਸ਼ਨਕਾਰੀ ਮੇਰੇ ਬਲਾਕ ਵਿੱਚ ਨਹੀਂ ਆਇਆ ਤੇ ਉੱਥੇ ਕੁਝ ਨਹੀਂ ਹੋਇਆ।

 

ਸੂਤਰਾਂ ਨੇ ਦੱਸਿਆ ਕਿ ਸਿਨ੍ਹਾ ਨਾਲ ਮੁੱਖ ਮੰਤਰੀ ਦਫਤਰ ਨੇ ਵੀ ਸੰਪਰਕ ਕੀਤਾ ਤੇ ਫਿਲਹਾਲ ਉਨ੍ਹਾਂ ਦਾ ਸਪੱਸ਼ਟੀਕਰਨ “ਤਸੱਲੀਬਖਸ਼” ਪਾਇਆ। ਹਰਿਆਣਾ ਭਾਰਤੀ ਕਿਸਾਨ ਯੂਨੀਅਨ (ਚੜ੍ਹੂਨੀ) ਦੇ ਮੁਖੀ ਗੁਰਨਾਮ ਸਿੰਘ ਚੜ੍ਹੂਨੀ ਨੇ ਦੋਸ਼ ਲਾਇਆ ਕਿ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ। ਸੀਨੀਅਰ ਕਾਂਗਰਸੀ ਆਗੂ ਕਿਰਨ ਚੌਧਰੀ ਨੇ ਸਨਿੱਚਰਵਾਰ ਨੂੰ ਕਰਨਾਲ ਵਿੱਚ ਕਿਸਾਨਾਂ 'ਤੇ ਹੋਏ ਲਾਠੀਚਾਰਜ ਦੀ ਸਖਤ ਨਿੰਦਾ ਕੀਤੀ ਤੇ ਇਸ ਨੂੰ ਸਰਕਾਰ ਦਾ ਹੰਕਾਰ ਕਰਾਰ ਦਿੱਤਾ।

 

ਇਸ ਦੌਰਾਨ, ਕਾਂਗਰਸ ਨੇ ਸਨਿੱਚਰਵਾਰ ਨੂੰ ਹਰਿਆਣਾ ਵਿੱਚ ਕਿਸਾਨਾਂ 'ਤੇ ਲਾਠੀਚਾਰਜ ਦੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਨੂੰ ਜਨਰਲ ਡਾਇਰ 'ਦੀ ਯਾਦ ਦਿਵਾਉਂਦਾ ਹੈ ਤੇ ਕਿਸਾਨਾਂ 'ਤੇ ਕੀਤਾ ਗਿਆ ਇਹ ਲਾਠੀਚਾਰਜ ਭਾਜਪਾ ਸਰਕਾਰ ਦੇ ਤਾਬੂਤ ਵਿੱਚ ਕਿੱਲ ਸਿੱਧ ਹੋਵੇਗਾ। ਕਿਸਾਨ ਹਰਿਆਣਾ ਵਿੱਚ ਭਾਜਪਾ-ਜੇਜੇਪੀ ਗਠਜੋੜ ਦੇ ਕਈ ਜਨਤਕ ਪ੍ਰੋਗਰਾਮਾਂ ਦਾ ਵਿਰੋਧ ਕਰ ਰਹੇ ਹਨ। ਬੀਕੇਯੂ ਦੇ ਸੱਦੇ 'ਤੇ, ਬਹੁਤ ਸਾਰੇ ਕਿਸਾਨ ਕਰਨਾਲ ਨੇੜੇ ਬਸਤਾਰਾ ਟੋਲ ਪਲਾਜ਼ਾ 'ਤੇ ਇਕੱਠੇ ਹੋਏ ਸਨ।