ਮਨਵੀਰ ਕੌਰ ਰੰਧਾਵਾ

ਚੰਡੀਗੜ੍ਹ: ਪਿਛਲੇ 24 ਘੰਟਿਆਂ ਦੌਰਾਨ ਤੇਜ਼ ਰਫਤਾਰ ਹਵਾ ਤੇ ਬਾਰਸ਼ ਨੇ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਖੜ੍ਹੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਇਆ। ਵੀਰਵਾਰ ਤੋਂ ਦੋਵਾਂ ਰਾਜਾਂ ਦੇ ਕਈ ਹਿੱਸਿਆਂ 'ਚ ਤੇਜ਼ ਹਵਾਵਾਂ ਚੱਲ ਰਹੀਆਂ ਹਨ।

ਕਿਸਾਨਾਂ ਮੁਤਾਬਕ ਆਮ ਤੌਰ 'ਤੇ ਅਪ੍ਰੈਲ ਦੇ ਅੱਧ ਵਿੱਚ ਕਣਕ ਦੀ ਫਸਲ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ, ਪਰ ਬਾਰਸ਼ ਤੇ ਤੇਜ਼ ਹਵਾਵਾਂ ਨੇ ਫਸਲਾਂ ਵਿਛਾ ਦਿੱਤੀਆਂ। ਮੌਸਮ ਵਿਭਾਗ ਦੀ ਆਉਣ ਵਾਲੇ ਦਿਨਾਂ ਵਿੱਚ ਹੋਰ ਬਾਰਸ਼ ਹੋਣ ਦੀ ਭਵਿੱਖਬਾਣੀ ਨਾਲ ਨੁਕਸਾਨ ਹੋਰ ਵਧ ਸਕਦਾ ਹੈ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ‘ਗਿਰਦਾਵਰੀ’ (ਮਾਲ ਸਰਵੇ) ਦਾ ਆਦੇਸ਼ ਦੇਣਾ ਚਾਹੀਦਾ ਹੈ ਤੇ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ।

ਕੈਪਟਨ ਸਰਕਾਰ ਨਹੀਂ ਦੇਵੇਗੀ ਕਣਕ ਦੇ ਖਰਾਬੇ ਦਾ ਮੁਆਵਜ਼ਾ

ਪੰਜਾਬ ਇਸ ਸੀਜ਼ਨ 'ਚ ਮੰਡੀਆਂ ਵਿੱਚ 180 ਲੱਖ ਟਨ ਕਣਕ ਦੀ ਆਮਦ ਦੀ ਉਮੀਦ ਕਰ ਰਿਹਾ ਹੈ। ਇਸ ਵਿੱਚੋਂ ਸਰਕਾਰੀ ਏਜੰਸੀਆਂ ਵੱਲੋਂ 130 ਲੱਖ ਟਨ ਦੀ ਖਰੀਦ ਹੋਣ ਦੀ ਸੰਭਾਵਨਾ ਹੈ। ਹਰਿਆਣਾ ਸਰਕਾਰ ਦੇ ਅਧਿਕਾਰੀ ਨੇ ਕਿਹਾ, “ਹਾਲ ਹੀ ਵਿੱਚ ਹੋਈ ਬਾਰਸ਼ ਤੋਂ ਬਾਅਦ ਮੁੱਖ ਮੰਤਰੀ ਪਹਿਲਾਂ ਹੀ ਗਿਰਦਾਵਰੀ ਦਾ ਆਦੇਸ਼ ਦੇ ਚੁੱਕੇ ਹਨ। ਫਸਲਾਂ ਨੂੰ ਹੋਏ ਨਵੇਂ ਨੁਕਸਾਨ ਨੂੰ ਵੀ ਪੂਰਾ ਕੀਤਾ ਜਾਏਗਾ।” ਹਿਸਾਰ, ਭਿਵਾਨੀ, ਕੈਥਲ ਤੇ ਕਰਨਾਲ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਤੋਂ ਫਸਲਾਂ ਦੇ ਨੁਕਸਾਨ ਦੀ ਖ਼ਬਰ ਮਿਲੀ ਹੈ।

ਕਿਸਾਨ ਯੂਨੀਅਨਾਂ ਦਾ ਕਹਿਣਾ ਹੈ ਕਿ ਹਰਿਆਣਾ ਵਿੱਚ ਕੁਝ ਥਾਂਵਾਂ ’ਤੇ ਸਰ੍ਹੋਂ ਦੀ ਫਸਲ ਦੇ 80% ਤੋਂ ਵੱਧ ਦੇ ਨੁਕਸਾਨ ਦੀ ਖ਼ਬਰ ਹੈ। ਉਨ੍ਹਾਂ ਪ੍ਰਭਾਵਤ ਕਿਸਾਨਾਂ ਨੂੰ ਪ੍ਰਤੀ ਏਕੜ 50,000 ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।