ਅੰਤਰਰਾਸ਼ਟਰੀ ਮਹਿਲਾ ਦਿਵਸ ਵਿਸ਼ਵ ਭਰ ਵਿੱਚ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਅੰਤਰ ਰਾਸ਼ਟਰੀ ਮਹਿਲਾ ਦਿਵਸ ਵੱਖ-ਵੱਖ ਖੇਤਰਾਂ ਆਰਥਿਕ, ਰਾਜਨੀਤਿਕ, ਸਮਾਜਿਕ ਅਤੇ ਅਧਿਕਾਰਾਂ ਪ੍ਰਤੀ ਔਰਤਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦੇ ਨਾਲ, ਇਸ ਦਿਨ ਨੂੰ ਮਨਾਉਣ ਪਿੱਛੇ ਇਕ ਕਾਰਨ ਵੱਖ ਵੱਖ ਖੇਤਰਾਂ 'ਚ ਸਰਗਰਮ ਔਰਤਾਂ ਦਾ ਸਨਮਾਨ ਕਰਨਾ ਹੈ। ਇਸ ਸਾਲ ਦਾ ਥੀਮ ਹੈ "ਵੁਮੈਨ ਇਨ ਲੀਡਰਸ਼ਿਪ: ਅਚੀਵਿੰਗ ਇਨ ਇਕੁਅਲ ਫਿਊਚਰ ਇਨ ਏ ਕੋਵਿਡ-19 ਵਰਲਡ" ਹੈ।


 


ਸਭ ਤੋਂ ਪਹਿਲਾਂ, ਇਹ ਦਿਨ 28 ਫਰਵਰੀ 1909 ਨੂੰ ਅਮਰੀਕਾ 'ਚ ਸੋਸ਼ਲਿਸਟ ਪਾਰਟੀ ਦੇ ਸੱਦੇ 'ਤੇ ਮਨਾਇਆ ਗਿਆ। ਬਾਅਦ 'ਚ 1910 'ਚ, ਇਸ ਨੂੰ ਸੋਸ਼ਲਿਸਟ ਇੰਟਰਨੈਸ਼ਨਲ ਦੀ ਕੋਪਨਹੇਗਨ ਕਾਨਫਰੰਸ 'ਚ ਅੰਤਰਰਾਸ਼ਟਰੀ ਦਰਜਾ ਦਿੱਤਾ ਗਿਆ। ਉਸ ਸਮੇਂ ਇਸ ਦਾ ਉਦੇਸ਼ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇਣਾ ਸੀ। ਕਿਉਂਕਿ ਉਸ ਸਮੇਂ ਬਹੁਤੇ ਦੇਸ਼ਾਂ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਇਸ ਤੋਂ ਬਾਅਦ, 1917 'ਚ, ਸੋਵੀਅਤ ਯੂਨੀਅਨ ਨੇ ਇਸ ਦਿਨ ਨੂੰ ਰਾਸ਼ਟਰੀ ਛੁੱਟੀ ਵਜੋਂ ਐਲਾਨ ਦਿੱਤਾ। ਹੌਲੀ ਹੌਲੀ, ਇਸ ਦਿਨ ਨੂੰ ਮਨਾਉਣ ਦੀ ਪਰੰਪਰਾ ਦੁਨੀਆਂ ਦੇ ਹੋਰ ਦੇਸ਼ਾਂ ਵਿੱਚ ਵੀ ਫੈਲ ਗਈ।


 


ਰੂਸ ਦੀਆਂ ਔਰਤਾਂ 1917 'ਚ ਰੋਟੀ ਅਤੇ ਸ਼ਾਂਤੀ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਚਲੀਆਂ ਗਈਆਂ।  ਹੜਤਾਲ ਫਰਵਰੀ ਦੇ ਆਖਰੀ ਐਤਵਾਰ ਤੋਂ ਸ਼ੁਰੂ ਹੋਈ ਸੀ। ਇਹ ਇਕ ਇਤਿਹਾਸਕ ਹੜਤਾਲ ਸੀ ਅਤੇ ਜਦੋਂ ਰੂਸ ਦੇ ਜਾਰ ਨੇ ਸੱਤਾ ਤੋਂ ਤਿਆਗ ਕਰ ਦਿੱਤਾ ਤਾਂ ਉਥੇ ਦੀ ਅੰਤ੍ਰਿਮ ਸਰਕਾਰ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ।


 


ਉਸ ਸਮੇਂ ਜਦੋਂ ਔਰਤਾਂ ਨੂੰ ਰੂਸ 'ਚ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ, ਰੂਸ 'ਚ ਜੂਲੀਅਨ ਕੈਲੰਡਰ ਚੱਲ ਰਿਹਾ ਸੀ ਅਤੇ ਬਾਕੀ ਵਿਸ਼ਵ 'ਚ ਗ੍ਰੇਗੋਰੀਅਨ ਕਲੰਡਰ। ਇਨ੍ਹਾਂ ਦੋਹਾਂ ਤਰੀਕਾਂ 'ਚ ਕੁਝ ਅੰਤਰ ਹੈ। ਜੂਲੀਅਨ ਕੈਲੰਡਰ ਦੇ ਅਨੁਸਾਰ 1917 ਦੇ ਫਰਵਰੀ ਦਾ ਆਖਰੀ ਐਤਵਾਰ 23 ਫਰਵਰੀ ਨੂੰ ਸੀ, ਜਦਕਿ ਗ੍ਰੇਗੋਰੀਅਨ ਕੈਲੰਡਰ ਦੇ ਅਨੁਸਾਰ ਉਸ ਦਿਨ ਇਹ 8 ਮਾਰਚ ਸੀ। ਇਸੇ ਕਰਕੇ 8 ਮਾਰਚ ਨੂੰ ਮਹਿਲਾ ਦਿਵਸ ਵਜੋਂ ਮਨਾਇਆ ਜਾਣ ਲੱਗਾ।


 


ਸੰਯੁਕਤ ਰਾਸ਼ਟਰ ਨੇ ਸਾਲ 1996 ਤੋਂ ਇਸ ਦਿਨ ਨੂੰ ਇਕ ਵਿਸ਼ੇਸ਼ ਥੀਮ ਨਾਲ ਮਨਾਉਣਾ ਅਰੰਭ ਕੀਤਾ। ਇਸ ਤੋਂ ਬਾਅਦ, ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ ਇੱਕ ਵੱਖਰੇ ਥੀਮ ਨਾਲ ਮਨਾਇਆ ਜਾਂਦਾ ਹੈ।