ਵਾਸ਼ਿੰਗਟਨ: ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੁਝ ਅਜਿਹਾ ਹੋਣ ਜਾ ਰਿਹਾ ਹੈ, ਜੋ ਪਹਿਲਾਂ ਕਦੇ ਵੀ ਨਹੀਂ ਹੋਇਆ। ਦੇਸ਼ ਦੇ 100 ਅਖ਼ਬਾਰ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਇੱਕਜੁਟ ਹੋ ਗਏ ਹਨ ਤੇ ਆਉਣ ਵਾਲੀ 16 ਤਾਰੀਖ ਨੂੰ ਸਾਰੇ ਇਕੱਠੇ ਟਰੰਪ ਦੀ ਆਲੋਚਨਾ ਵਿੱਚ ਸੰਪਾਦਕੀ ਛਾਪਣ ਵਾਲੇ ਹਨ। 100 ਮੀਡੀਆ ਹਾਊਸਿਜ਼ ਟਰੰਪ ਨੂੰ ਉਸ ਦੇ ਮੀਡੀਆ ਵਿਰੋਧੀ ਰਵੱਈਏ ਦਾ ਸੰਦੇਸ਼ ਦੇਣ ਲਈ ਅਜਿਹਾ ਕਰ ਰਹੇ ਹਨ।


ਇਹ ਮੁਹਿੰਮ ਅਮਰੀਕੀ ਅਖ਼ਬਾਰ 'ਬੋਸਟਨ ਗਲੋਬ' ਨੇ ਸ਼ੁਰੂ ਕੀਤੀ ਹੈ, ਜਿਸ ਤਹਿਤ ਉਹ ਦੇਸ਼ ਦੇ ਸਾਰੇ ਮੀਡੀਆ ਘਰਾਣਿਆਂ ਕੋਲ ਪਹੁੰਚੇ ਤੇ ਉਨ੍ਹਾਂ ਨੂੰ ਅਪੀਲ ਕੀਤੀ। ਬਾਸਟਨ ਗਲੋਬ ਨੇ ਆਪਣੇ ਸੰਪਾਦਕੀ ਵਿੱਚ ਸਾਰੇ ਮੀਡੀਆ ਘਰਾਣਿਆਂ ਨੂੰ ਸੁਨੇਹਾ ਦਿੱਤਾ ਸੀ ਕਿ ਸਾਰੇ ਮਿਲ ਕੇ ਐਡੀਟੋਰੀਅਲ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਇਹ ਸੁਨੇਹਾ ਦੇਣ ਕਿ ਉਨ੍ਹਾਂ ਦਾ ਮੀਡੀਆ ਵਿਰੋਧੀ ਰਵੱਈਆ ਸਹੀ ਨਹੀਂ।

ਇਸ ਮੁਹਿੰਮ ਵਿੱਚ ਸ਼ਾਮਲ ਸਾਰੇ ਮੀਡੀਆ ਘਰਾਣਿਆਂ ਨੇ ਇੱਕਸੁਰ ਹੁੰਦਿਆਂ ਕਿਹਾ ਹੈ ਕਿ ਅਸੀਂ 16 ਅਗਸਤ ਨੂੰ 'ਦੇਸ਼ ਦੀ ਸਰਕਰਾਰ ਤੋਂ ਮੀਡੀਆ ਨੂੰ ਖ਼ਤਰਾ' ਵਿਸ਼ੇ 'ਤੇ ਆਪਣਾ ਸੰਪਾਦਕੀ ਛਾਪਾਂਗੇ। ਉਨ੍ਹਾਂ ਦੱਸਿਆ ਕਿ ਸਾਡੇ ਵਿਚਾਰਾਂ ਤੋਂ ਸਾਫ਼ ਹੋ ਜਾਵੇਗਾ ਕਿ ਟਰੰਪ ਮੀਡੀਆ 'ਤੇ ਜਿਸ ਤਰ੍ਹਾਂ ਹਮਲਾ ਕਰਦੇ ਹਨ, ਉਸ ਨਾਲ ਦੇਸ਼ ਦੇ ਲੋਕਤੰਤਰ ਨੂੰ ਕਿੰਨਾ ਤੇ ਕਿਵੇਂ ਖ਼ਤਰਾ ਹੁੰਦਾ ਹੈ।

ਮੁਹਿੰਮ ਵਿੱਚ ਸ਼ਾਮਲ ਮੀਡੀਆ ਮੁਤਾਬਕ ਟਰੰਪ ਨੂੰ ਜੋ ਅਖ਼ਬਾਰ, ਟੈਲੀਵਿਜ਼ਨ ਜਾਂ ਰਿਪੋਰਟ ਪਸੰਦ ਨਹੀਂ ਆਉਂਦੀ, ਉਸ ਵਿਰੁੱਧ ਉਹ ਜੰਮ ਕੇ ਭੜਾਸ ਕੱਢਦੇ ਹਨ। ਅਜਿਹੀ ਰਿਪੋਰਟ ਵਿਰੁੱਧ ਫੇਕ ਨਿਊਜ਼ ਵਰਗੇ ਜੁਮਲਿਆਂ ਦੀ ਬੇਹੱਦ ਵਰਤੋਂ ਕਰਕੇ ਰਿਪੋਰਟ ਨੂੰ ਖਾਰਜ ਕਰ ਦਿੰਦੇ ਹਨ। ਇੰਨਾ ਹੀ ਨਹੀਂ ਪੱਤਰਕਾਰਾਂ ਨਾਲ ਬਦਸਲੂਕੀ ਕਰਨ ਵਾਲਿਆਂ ਨੂੰ ਟਰੰਪ ਸਮਰਥਨ ਕਰਦੇ ਹਨ ਤੇ ਉਨ੍ਹਾਂ ਦੀਆਂ ਰੈਲੀਆਂ ਵੀ ਪੱਤਰਕਾਰ ਬਦਸਲੂਕੀ ਦਾ ਸ਼ਿਕਾਰ ਹੁੰਦੇ ਹਨ। ਪਰ ਹੁਣ ਦੇਖਣਾ ਇਹ ਹੋਵੇਗਾ ਕਿ 100 ਸੰਪਾਦਕੀਆਂ ਇਕੱਠੀਆਂ ਲਿਖੇ ਜਾਣ ਤੋਂ ਬਾਅਦ ਉਹ ਕਿਵੇਂ ਇਨ੍ਹਾਂ ਨੂੰ ਕਿਵੇਂ ਖਾਰਜ ਕਰਦੇ ਹਨ।