Pakistan Monkey Smugglers: ਪਾਕਿਸਤਾਨ ਦੇ ਕਰਾਚੀ ਦੇ ਬਾਹਰ ਦੋ ਲੋਕਾਂ ਨੂੰ ਬੀਤੇ ਵੀਰਵਾਰ (20 ਜੁਲਾਈ) ਨੂੰ ਜਾਨਵਰਾਂ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਉਹ ਦੋਵੇਂ ਅੰਬਾਂ ਦੀ ਢੋਆ-ਢੁਆਈ ਲਈ ਇਸਤੇਮਾਲ ਕੀਤੇ ਜਾਣ ਵਾਲੇ ਬਕਸਿਆਂ ਵਿੱਚ 14 ਬਾਂਦਰਾਂ ਦੇ ਬੱਚਿਆਂ ਦੀ ਤਸਕਰੀ ਕਰ ਰਹੇ ਸੀ। ਬਾਂਦਰਾਂ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਫੜੇ ਜਾਣ ਤੋਂ ਬਾਅਦ ਉਹਨਾਂ ਨੂੰ ਬਾਂਦਰ ਸਮੇਤ ਕੋਰਟ ਵਿੱਚ ਪੇਸ਼ ਕੀਤਾ ਗਿਆ। 


ਪਾਕਿਸਤਾਨ ਦੀ ਕਰਾਚੀ ਅਦਾਲਤ ਵਿੱਚ ਜਦੋਂ ਮੁਲਜ਼ਮਾਂ ਦੇ ਨਾਲ 14 ਬਾਂਦਰਾਂ ਨੂੰ ਲਿਆਂਦਾ ਗਿਆ ਤਾਂ ਉਨ੍ਹਾਂ ਵਿੱਚੋਂ ਇੱਕ ਭੱਜ ਗਿਆ। ਇਸ ਤੋਂ ਬਾਅਦ ਕੋਰਟ ਕੰਪਲੈਕਸ 'ਚ ਹਫੜਾ-ਦਫੜੀ ਮਚ ਗਈ। ਅਦਾਲਤ ਵਿੱਚ ਮੌਜੂਦ ਮੁਲਾਜ਼ਮਾਂ ਨੇ ਭਗੌੜੇ ਬਾਂਦਰ ਨੂੰ ਦਰੱਖਤ ਤੋਂ ਹੇਠਾਂ ਉਤਾਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ।


ਬਾਂਦਰਾਂ ਨੂੰ ਚੋਰੀ ਕਰਨ ਦੀ ਸਿਖਲਾਈ


ਪਾਕਿਸਤਾਨ ਸਿੰਧ ਦੇ ਜੰਗਲੀ ਜੀਵ ਵਿਭਾਗ ਦੇ ਮੁਖੀ ਜਾਵੇਦ ਮਹਾਰ ਨੇ ਕਿਹਾ, "ਬਾਂਦਰਾਂ ਨੂੰ ਬੁਰੀ ਹਾਲਤ ਵਿੱਚ ਬਕਸਿਆਂ ਵਿੱਚ ਰੱਖਿਆ ਗਿਆ ਸੀ। ਉਹ ਮੁਸ਼ਕਿਲ ਨਾਲ ਸਾਹ ਲੈ ਸਕਦੇ ਸਨ।" ਪਾਕਿਸਤਾਨ ਵਿੱਚ ਜੰਗਲੀ ਜਾਨਵਰਾਂ ਦਾ ਵਪਾਰ ਕਰਨਾ ਜਾਂ ਰੱਖਣਾ ਗੈਰ-ਕਾਨੂੰਨੀ ਹੈ। ਫਿਰ ਵੀ ਕਾਨੂੰਨਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।


ਪਾਕਿਸਤਾਨ ਵਿੱਚ ਵਿਦੇਸ਼ੀ ਪਾਲਤੂ ਜਾਨਵਰਾਂ ਦਾ ਬਹੁਤ ਵੱਡਾ ਬਾਜ਼ਾਰ ਹੈ। ਇੱਥੇ, ਗਾਹਕਾਂ ਨੂੰ ਆਕਰਸ਼ਿਤ ਕਰਨ ਲਈ, ਉਹ ਅਕਸਰ ਆਪਣੇ ਨਾਲ ਸਟ੍ਰੀਟ ਐਂਟਰਟੇਨਰਾਂ ਨੂੰ ਰੱਖਦੇ ਹਨ, ਜਿਸ ਨੂੰ ਮਾਦਰੀ ਦਾ ਖੇਲ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਬਾਂਦਰਾਂ ਨੂੰ ਚੋਰੀ ਕਰਨ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ।


100,000 ਰੁਪਏ ਦਾ ਲਗਾਇਆ ਜ਼ੁਰਮਾਨਾ 


ਪਾਕਿਸਤਾਨ ਦੀ ਅਦਾਲਤ ਨੇ ਦੋਸ਼ੀ 'ਤੇ 100,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਬਾਂਦਰਾਂ ਨੂੰ ਕਰਾਚੀ ਚਿੜੀਆਘਰ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਜੰਗਲੀ ਜੀਵ ਅਧਿਕਾਰੀਆਂ ਨੇ ਮੁਲਜ਼ਮਾਂ ਵੱਲੋਂ ਬਾਂਦਰਾਂ ਨਾਲ ਕੀਤੇ ਕੰਮ ਦੀ ਆਲੋਚਨਾ ਕੀਤੀ। ਜੰਗਲੀ ਜੀਵ ਅਧਿਕਾਰੀ ਮਹਾਰ ਨੇ ਕਿਹਾ, "ਬਾਂਦਰਾਂ ਨੂੰ ਉਨ੍ਹਾਂ ਦੇ ਕੁਦਰਤੀ ਨਿਵਾਸ ਸਥਾਨ 'ਤੇ ਵਾਪਸ ਜਾਣਾ ਚਾਹੀਦਾ ਸੀ ਜਿੱਥੋਂ ਉਹ ਫੜੇ ਗਏ ਸਨ।"


ਸਾਲ 2020 'ਚ ਦੇਸ਼ ਦੀ ਇਕ ਅਦਾਲਤ ਨੇ ਦੇਸ਼ ਦੀ ਰਾਜਧਾਨੀ ਦੇ ਇਕਲੌਤੇ ਚਿੜੀਆਘਰ ਨੂੰ ਇਸ ਦੀ ਮਾੜੀ ਹਾਲਤ ਕਾਰਨ ਬੰਦ ਕਰਨ ਦਾ ਹੁਕਮ ਦਿੱਤਾ ਸੀ। ਪਾਕਿਸਤਾਨ ਦੇ ਚਿੜੀਆਘਰ ਆਪਣੀਆਂ ਮਾੜੀਆਂ ਸਹੂਲਤਾਂ ਲਈ ਬਦਨਾਮ ਹਨ। ਜੰਗਲੀ ਜੀਵ ਅਧਿਕਾਰੀ ਇਸ ਲਈ ਚਿੜੀਆਘਰ ਦੀ ਆਲੋਚਨਾ ਕਰਦੇ ਹਨ।