Illegal Indian immigrants in the US: ਅਮਰੀਕਾ ਵਿੱਚ ਤਕਰੀਬਨ 725,000 ਭਾਰਤੀ ਗੈਰ-ਕਾਨੂੰਨੀ ਪ੍ਰਵਾਸੀ ਰਹਿ ਰਹੇ ਹਨ। ਇਹ ਵਾਧਾ 2017 ਮਗਰੋਂ ਵੱਡੇ ਪੱਧਰ 'ਤੇ ਹੋਇਆ ਹੈ। ਇਸ ਤਰ੍ਹਾਂ ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 10.5 ਮਿਲੀਅਨ ਤੱਕ ਪਹੁੰਚ ਗਈ ਹੈ। ਅਮਰੀਕਾ ਵਿੱਚ ਸਭ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀ ਮੈਕਸੀਕੋ ਤੇ ਅਲ ਸਲਵਾਡੋਰ ਦੇ ਹਨ।
ਪੇਵ ਰਿਸਰਚ ਸੈਂਟਰ ਦੇ ਅਨੁਮਾਨਾਂ ਅਨੁਸਾਰ ਅਮਰੀਕਾ ਵਿੱਚ ਤਕਰੀਬਨ 725,000 ਭਾਰਤੀ ਗੈਰ-ਕਾਨੂੰਨੀ ਪ੍ਰਵਾਸੀ ਹਨ। ਮੈਕਸੀਕੋ ਤੇ ਅਲ ਸਲਵਾਡੋਰ ਤੋਂ ਬਾਅਦ ਇਹ ਅਣਅਧਿਕਾਰਤ ਪ੍ਰਵਾਸੀਆਂ ਦੀ ਤੀਜੀ ਸਭ ਤੋਂ ਵੱਡੀ ਆਬਾਦੀ ਹੈ। ਵਾਸ਼ਿੰਗਟਨ-ਅਧਾਰਤ ਥਿੰਕ ਟੈਂਕ ਨੇ ਕਿਹਾ ਹੈ ਕਿ 2021 ਅਨੁਸਾਰ ਦੇਸ਼ ਦੇ 10.5 ਮਿਲੀਅਨ ਅਣਅਧਿਕਾਰਤ ਪ੍ਰਵਾਸੀ ਕੁੱਲ ਅਮਰੀਕੀ ਆਬਾਦੀ ਦਾ ਲਗਪਗ 3 ਪ੍ਰਤੀਸ਼ਤ ਹਨ ਤੇ ਵਿਦੇਸ਼ 'ਚ ਜਨਮੀ ਆਬਾਦੀ ਦਾ 22 ਪ੍ਰਤੀਸ਼ਤ ਹਨ।
ਰਿਪੋਰਟ ਅਨੁਸਾਰ ਸਾਲ 2007 ਤੋਂ 2021 ਤੱਕ ਦੁਨੀਆ ਦੇ ਲਗਪਗ ਹਰ ਖੇਤਰ ਦੇ ਅਣਅਧਿਕਾਰਤ ਪ੍ਰਵਾਸੀਆਂ ਦੀ ਅਮਰੀਕਾ ਵਿੱਚ ਗਿਣਤੀ ਵਧੀ ਹੈ। ਇਸ ਵਿੱਚ ਮੱਧ ਅਮਰੀਕਾ (240,000) ਤੇ ਦੱਖਣੀ ਤੇ ਪੂਰਬੀ ਏਸ਼ੀਆ (180,000) ਸਭ ਤੋਂ ਵੱਧ ਹਨ। ਮੈਕਸੀਕੋ ਤੋਂ ਅਮਰੀਕਾ ਵਿੱਚ ਰਹਿ ਰਹੇ ਅਣਅਧਿਕਾਰਤ ਪ੍ਰਵਾਸੀਆਂ ਦੀ ਗਿਣਤੀ 2021 ਵਿੱਚ 4.1 ਮਿਲੀਅਨ ਸੀ ਜੋ 1990 ਦੇ ਦਹਾਕੇ ਵਿੱਚ ਸਭ ਤੋਂ ਘੱਟ ਸੀ। ਇਸੇ ਤਰ੍ਹਾਂ ਐਲ ਸੈਲਵਾਡੋਰ ਦੇ 800,000 ਤੇ ਭਾਰਤ ਦੇ 7,25,000 ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਵਿੱਚ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਅਣਅਧਿਕਾਰਤ ਪ੍ਰਵਾਸੀਆਂ ਦੀ ਸਭ ਤੋਂ ਵੱਡੀ ਸੰਖਿਆ ਵਾਲੇ ਦੇਸ਼ਾਂ ਵਿੱਚ ਭਾਰਤ, ਬ੍ਰਾਜ਼ੀਲ, ਕੈਨੇਡਾ ਤੇ ਸਾਬਕਾ ਸੋਵੀਅਤ ਸੰਘ ਸ਼ਾਮਲ ਹਨ। ਇਨ੍ਹਾਂ ਸਾਰੇ ਦੇਸ਼ਾਂ ਦੇ ਅਣਅਧਿਕਾਰਤ ਪ੍ਰਵਾਸੀਆਂ ਦਾ 2017 ਤੋਂ 2021 ਤੱਕ ਕਾਫੀ ਵਾਧਾ ਹੋਇਆ ਹੈ। 2021 ਵਿੱਚ ਸਭ ਤੋਂ ਵੱਧ ਅਣਅਧਿਕਾਰਤ ਪ੍ਰਵਾਸੀ ਆਬਾਦੀ ਵਾਲੇ ਛੇ ਰਾਜ ਕੈਲੀਫੋਰਨੀਆ (1.9 ਮਿਲੀਅਨ), ਟੈਕਸਾਸ (1.6 ਮਿਲੀਅਨ), ਫਲੋਰੀਡਾ (900,000), ਨਿਊਯਾਰਕ (600,000), ਨਿਊ ਜਰਸੀ (450,000) ਤੇ ਇਲੀਨੋਇਸ (400,000) ਸਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2021 ਵਿੱਚ ਦੂਜੇ ਦੇਸ਼ਾਂ ਤੋਂ ਅਣਅਧਿਕਾਰਤ ਪ੍ਰਵਾਸੀਆਂ ਦੀ ਆਬਾਦੀ 6.4 ਮਿਲੀਅਨ ਸੀ, ਜੋ ਕਿ 2017 ਤੋਂ 900,000 ਵੱਧ ਹੈ। ਦੂਜੇ ਦੇਸ਼ ਜਿਨ੍ਹਾਂ ਵਿੱਚ ਸਭ ਤੋਂ ਵੱਧ ਅਣਅਧਿਕਾਰਤ ਪ੍ਰਵਾਸੀਆਂ ਦਾ ਲੇਖਾ-ਜੋਖਾ ਕੀਤਾ ਗਿਆ ਸੀ, ਉਹ ਗੁਆਟੇਮਾਲਾ (700,000) ਤੇ ਹੌਂਡੁਰਸ (525,000) ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ, ਗੁਆਟੇਮਾਲਾ ਤੇ ਹੋਂਡੂਰਸ ਦੇ ਅਣਅਧਿਕਾਰਤ ਪ੍ਰਵਾਸੀਆਂ ਵਿੱਚ 2017 ਤੋਂ ਵਾਧਾ ਦੇਖਿਆ ਗਿਆ। ਇਸ ਨਾਲ ਅਮਰੀਕਾ ਵਿੱਚ ਅਣਅਧਿਕਾਰਤ ਪ੍ਰਵਾਸੀ ਆਬਾਦੀ 2021 ਵਿੱਚ 10.5 ਮਿਲੀਅਨ ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ: Israel-Hamas War: ਇਜ਼ਰਾਈਲ 300 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰਨ ਲਈ ਤਿਆਰ, ਜਾਰੀ ਕੀਤੀ ਸੂਚੀ