ਲਾਹੌਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਰਕਾਰ ਵੱਡਾ ਤੋਹਫਾ ਲੈ ਕੇ ਆਈ ਹੈ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਨੇ ਕਿਹਾ ਕਿ ਨਨਕਾਣਾ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਸਥਾਪਨਾ ਲਈ 70 ਏਕੜ ਜ਼ਮੀਨ ਅਲਾਟ ਕਰ ਲਈ ਗਈ ਹੈ। ਇਹ ਯੋਜਨਾ ਅਗਲੇ ਵਿੱਤੀ ਵਰ੍ਹੇ ਦੇ ਵਿਕਾਸ ਪ੍ਰੋਗਰਾਮ ਵਿੱਚ ਸ਼ਾਮਲ ਕੀਤੀ ਜਾਵੇਗੀ ਤੇ ਲੋੜੀਂਦੇ ਫੰਡ ਵੀ ਜਾਰੀ ਕੀਤੇ ਜਾਣਗੇ।


ਦਰਅਸਲ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਵਾਰਬਰਟਨ ਖੇਤਰ ਵਿੱਚ ਮਜ਼ਦੂਰ ਕਲੋਨੀ ਦਾ ਉਦਘਾਟਨ ਕਰਨ ਪੁੱਜੇ ਸਨ। ਬੁੱਧਵਾਰ ਨੂੰ ਉਨ੍ਹਾਂ ਉਦਯੋਗਿਕ ਕਾਮਿਆਂ ਨੂੰ 208 ਫਲੈਟਾਂ ਦੇ ਅਲਾਟਮੈਂਟ ਪੱਤਰ ਵੰਡੇ। ਉਨ੍ਹਾਂ ਉੱਥੇ ਮੁਹੱਈਆ ਕਰਵਾਈਆਂ ਗਈਆਂ ਸਹੂਲਤਾਂ ਦਾ ਮੁਆਇਨਾ ਕਰਨ ਲਈ ਕਲੋਨੀ ਦਾ ਦੌਰਾ ਵੀ ਕੀਤਾ।

ਬੁਜ਼ਦਾਰ ਨੇ ਦੱਸਿਆ ਕਿ ਹਰ ਜ਼ਿਲ੍ਹੇ ਵਿੱਚ ਮਜ਼ਦੂਰ ਕਾਲੋਨੀਆਂ ਦਾ ਨਿਰਮਾਣ ਕੀਤਾ ਜਾਵੇਗਾ। ਲਾਹੌਰ ਤੇ ਮੁਲਤਾਨ ਦੀਆਂ 1189 ਫਲੈਟਾਂ ਦੀ ਅਲਾਟਮੈਂਟ ਵੀ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਰਗੋਧਾ, ਡੀਜੀ ਖਾਨ ਤੇ ਰਹੀਮ ਯਾਰ ਖ਼ਾਨ ਜ਼ਿਲ੍ਹਿਆਂ ਵਿੱਚ 50 ਬਿਸਤਰਿਆਂ ਦੇ ਸੋਸ਼ਲ ਸਕਿਉਰਟੀ ਹਸਪਤਾਲਾਂ ਦੇ ਨਿਰਮਾਣ ਦੇ ਨਾਲ-ਨਾਲ ਵਾਰਬਰਟਨ ਦੇ ਲੇਬਰ ਫਲੈਟਾਂ ਦਾ ਦੂਜਾ ਪੜਾਅ ਵੀ ਸ਼ੁਰੂ ਕੀਤਾ ਜਾਏਗਾ।

ਇਸ ਮੌਕੇ ਮੁੱਖ ਮੰਤਰੀ ਨੇ ਦੱਸਿਆ ਕਿ ਨਿਰਪੱਖ ਤੇ ਸਿਖਿਅਤ ਕਾਮਿਆਂ ਦੀ ਘੱਟੋ-ਘੱਟ ਤਨਖਾਹ ਕ੍ਰਮਵਾਰ 16,500 ਰੁਪਏ ਤੇ 17,000 ਰੁਪਏ ਤੋਂ ਵਧਾ ਕੇ 19,000 ਰੁਪਏ ਪ੍ਰਤੀ ਮਹੀਨਾ ਨਿਰਧਾਰਤ ਕੀਤੀ ਜਾ ਰਹੀ ਹੈ।