ਬੀਜਿੰਗ: ਪਾਕਿਸਤਾਨ ਦੀ ਅਗਵਾਈ 'ਚ ਅਫ਼ਗਾਨਿਸਤਾਨ ਦੇ ਗਵਾਂਢੀ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਚੀਨ ਨੇ ਨਵੀਂ ਅਫ਼ਗਾਨ, ਤਾਲਿਬਾਨ ਸਰਕਾਰ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਅਫ਼ਗਾਨਿਸਤਾਨ ਨੂੰ 30 ਲੱਖ ਕੋਰੋਨਾ ਵੈਕਸੀਨ ਡੋਜ਼ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ 30 ਡਾਲਰ ਮੁੱਲ ਦੀ ਖਾਧ ਸਹਾਇਤਾ, ਸਰਦੀਆਂ ਲਈ ਜ਼ਰੂਰੀ ਸਮਾਨ ਤੇ ਦਵਾਈਆਂ ਦੀ ਖੇਪ ਵੀ ਭੇਜੀ ਜਾਵੇਗੀ।


ਤਾਲਿਬਾਨੀ ਸਰਕਾਰ 'ਚ ਚੀਨ ਦੀ ਹਿੱਸੇਦਾਰੀ


ਚੀਨ ਨੇ ਹੋਰ ਵੀ ਕਈ ਤਰ੍ਹਾਂ ਦੀ ਮਦਦ ਦਾ ਐਲਾਨ ਕੀਤਾ। ਜਿਸ ਦਾ ਸਿੱਧਾ ਮਤਲਬ ਸੱਤਾ 'ਚ ਉਸ ਦੀ ਬੈਕਡੋਰ ਤੋਂ ਭਾਗੀਦਾਰੀ ਹੈ। ਵਾਂਗ ਯੀ ਨੇ ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ਲਈ ਅਮਰੀਕਾ ਨੂੰ ਦੋਸ਼ੀ ਕਰਾਰ ਦਿੰਦਿਆਂ ਤਾਲਿਬਾਨ ਸਰਕਾਰ ਦੀ ਸਥਿਰਤਾ ਲਈ ਆਪਣੇ ਸਮਰਥਨ ਦਾ ਐਲਾਨ ਕੀਤਾ ਹੈ। ਚੀਨ ਨੇ ਤਾਲਿਬਾਨ ਨੂੰ ਸਾਰੇ ਅੱਤਵਾਦੀ ਸੰਗਠਨਾਂ ਨੂੰ ਅਫ਼ਗਾਨਿਸਤਾਨ 'ਚੋਂ ਖ਼ਤਮ ਕਰਨ ਦੀ ਅਪੀਲ ਕੀਤੀ ਹੈ।


ਕੀ ਕੁਝ ਦੇਵੇਗਾ ਚੀਨ


ਇਸ ਤੋਂ ਇਲਾਵਾ ਚੀਨ ਨੇ ਅਫ਼ਗਾਨਿਸਤਾਨ ਦੀ ਮਦਦ ਲਈ ਪੋਰਟ ਸੁਵਿਧਾਵਾਂ ਮਜਬੂਤ ਕਰਨ, ਵਿਸ਼ੇਸ਼ ਮਾਲਗੱਡੀਆਂ ਨੂੰ ਚਲਾਉਣ, ਅਫ਼ਗਾਨਿਸਤਾਨ ਨੂੰ ਆਰਥਿਕ ਵਿਕਾਸ ਲਈ ਯੋਜਨਾ ਸਹਾਇਤਾ ਦੇਣ ਜਿਹੇ ਐਲਾਨ ਕੀਤੇ। ਇਸ ਦੇ ਨਾਲ ਗਵਾਂਢੀ ਦੇਸ਼ਾਂ ਨੂੰ ਅਫ਼ਗਾਨਿਸਤਾਨ ਨੂੰ ਇੰਟੈਲੀਜੈਂਸ ਸ਼ੇਅਰਿੰਗ ਤੇ ਸੀਮਾ ਸੁਰੱਖਿਆ 'ਚ ਮਦਦ ਦੇਣ ਦੀ ਅਪੀਲ ਕੀਤੀ ਤਾਂ ਕਿ ਅੱਤਵਾਦੀਆਂ ਖਿਲਾਫ ਪ੍ਰਭਾਵੀ ਕਦਮ ਚੁੱਕੇ ਜਾ ਸਕਣ।


ਤਾਲਿਬਾਨ ਨੇ ਕੀਤਾ ਨਵੀਂ ਸਰਕਾਰ ਦਾ ਐਲਾਨ


ਤਾਲਿਬਾਨ ਨੇ ਅਫ਼ਗਾਨਿਸਤਾਨ 'ਚ ਆਪਣੀ ਸਰਕਾਰ ਦਾ ਐਲਾਨ ਕਰ ਦਿੱਤਾ ਹੈ। ਮੁੱਲਾ ਮੋਹੰਮਦ ਹਸਨ ਅਖੁੰਦ ਨੂੰ ਨਵੀਂ ਸਰਕਾਰ ਦਾ ਲੀਡਰ ਬਣਾਇਆ ਗਿਆ ਹੈ। ਉੱਥੇ ਹੀ ਤਾਲਿਬਾਨ ਦੇ ਸਹਿ-ਸੰਸਥਾਪਕ ਅਬਦੁਲ ਗਨੀ ਬਰਾਦਰ ਨੂੰ ਉਪ ਲੀਡਰ ਤੇ ਅਮਰੀਕਾ ਵੱਲੋਂ ਅੱਤਵਾਦੀ ਸੰਗਠਨ ਦੇ ਰੂਪ 'ਚ ਨਾਮਜ਼ਦ ਹੱਕਾਨੀ ਨੈੱਟਵਰਕ ਦੇ ਸੰਸਥਾਪਕ ਦੇ ਬੇਟੇ ਸਿਰਾਜੁਦੀਨ ਹੱਕਾਨੀ ਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਹੈ। 


ਅਖੁੰਦ ਇਸ ਸਮੇਂ ਤਾਲਿਬਾਨ ਦੇ ਫੈਸਲੇ ਲੈਣ ਵਾਲੇ ਸ਼ਕਤੀਸ਼ਾਲੀ ਰਹਬਰੀ ਸ਼ੂਰਾ ਜਾਂ ਆਗਵਾਈ ਪਰਿਸ਼ਦ ਦਾ ਮੁਖੀ ਹੈ। ਉਹ ਤਾਲਿਬਾਨ ਦੇ ਜਨਮਸਥਾਨ ਕੰਧਾਰ ਨਾਲ ਤਾਲੁਕ ਰੱਖਦਾ ਹੈ ਤੇ ਹਥਿਆਰੰਬਦ ਅੰਦੋਲਨ ਦੇ ਸੰਸਥਾਪਕਾਂ ਚੋਂ ਇਕ ਹੈ।