ਕਾਬੁਲ: ਕੋਰੋਨਾ ਮਹਾਮਾਰੀ ਕਾਰਣ ਲੋਕਾਂ ਦਾ ਹੋਰਨਾਂ ਦੇਸ਼ਾਂ ਵਿੱਚ ਆਉਣਾ-ਜਾਣਾ ਬੰਦ ਸੀ ਪਰ ਜਦ ਤੋਂ ਸਭ ਕੁਝ ਆਮ ਵਰਗਾ ਹੋਣਾ ਸ਼ੁਰੂ ਹੋਇਆ ਹੈ, ਤਦ ਤੋਂ ਲੋਕ ਹੋਰਨਾਂ ਦੇਸ਼ਾਂ ਵਿੱਚ ਜਾਣ ਦੀਆਂ ਯੋਜਨਾਵਾਂ ਉਲੀਕ ਰਹੇ ਹਨ। ਇਸ ਲਈ ਵੀਜ਼ਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕੁਝ ਦਿਨ ਪਹਿਲਾਂ ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਦੇ ਫ਼ੁਟਬਾਲ ਸਟੇਡੀਅਮ ਵਿੱਚ ਅਜਿਹਾ ਨਜ਼ਾਰਾ ਵੇਖਣ ਨੂੰ ਮਿਲਿਆ, ਜਿਸ ਨੂੰ ਵੇਖ ਕੇ ਇਹ ਅਨੁਮਾਨ ਲਾਇਆ ਗਿਆ ਕਿ ਲੋਕ ਗ਼ੈਰ ਮੁਲਕ ਜਾਣ ਲਈ ਕਿੰਨੇ ਬੇਤਾਬ ਹਨ ਤੇ ਉਹ ਉਸ ਲਈ ਕਿਸ ਹੱਦ ਤੱਕ ਜਾ ਸਕਦੇ ਹਨ। ਅਜਿਹਾ ਨਜ਼ਾਰਾ ਸ਼ਾਇਦ ਹੀ ਇਸ ਤੋਂ ਪਹਿਲਾਂ ਤੁਸੀਂ ਕਦੇ ਵੇਖਿਆ ਹੋਵੇ।

ਇਸਲਾਮਾਬਾਦ ਤੋਂ ਏਐਫ਼ਪੀ ਦੀ ਰਿਪੋਰਟ ਅਨੁਸਾਰ ਦੋ ਦਿਨ ਪਹਿਲਾਂ ਪੂਰਬੀ ਅਫ਼ਗ਼ਾਨਿਸਤਾਨ ’ਚ ਪਾਕਿਸਤਾਨ ਦੇ ਵਣਜ ਦੂਤਾਵਾਸ ਕੋਲ ਵੀਜ਼ਾ ਐਪਲਾਈ ਕਰਨ ਵਾਲਿਆਂ ਦੀ ਲੰਮੀ ਕਤਾਰ ਲੱਗੀ ਹੋਈ ਸੀ। ਇਸੇ ਦੌਰਾਨ ਕਿਸੇ ਕਾਰਣ ਕਰ ਕੇ ਭਗਦੜ ਮੱਚ ਗਈ। ਭੀੜ ਜ਼ਿਆਦਾ ਹੋਣ ਕਰਕੇ ਇਸ ਭਗਦੜ ਵਿੱਚ 15 ਵਿਅਕਤੀ ਮਾਰੇ ਗਏ। ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਵੀ ਹੋਏ ਹਨ। ਇਹ ਘਟਨਾ ਪਾਕਿਸਤਾਨੀ ਵਣਜ ਦੂਤਾਵਾਸ ਦੇ ਬਾਹਰ ਇੱਕ ਖੁੱਲ੍ਹੇ ਮੈਦਾਨ ’ਚ ਵਾਪਰੀ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਅਫ਼ਗ਼ਾਨ ਨਾਗਰਿਕ ਵੀਜ਼ਾ ਲਈ ਇਕੱਠੇ ਹੋਏ ਸਨ।


ਪੂਰਬੀ ਜਲਾਲਾਬਾਦ ਸ਼ਹਿਰ ਦੀ ਸੂਬਾਈ ਕੌਂਸਲ ਦੇ ਮੈਂਬਰ ਸੋਹਰਾਬ ਕਾਦਰੀ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ 11 ਔਰਤਾਂ ਸ਼ਾਮਲ ਹਨ ਤੇ ਕਈ ਬਜ਼ੁਰਗ ਵੀ ਜ਼ਖ਼ਮੀ ਹੋਏ ਹਨ। ਪਾਕਿਸਤਾਨ ਦਾ ਵੀਜ਼ਾ ਲੈਣ ਲਈ 3,000 ਤੋਂ ਵੱਧ ਅਫ਼ਗ਼ਾਨ ਨਾਗਰਿਕ ਇੱਥੇ ਜਮ੍ਹਾ ਹੋਏ ਸਨ। ਇਨ੍ਹਾਂ ਲੋਕਾਂ ਨੂੰ ਵੀਜ਼ਾ ਅਰਜ਼ੀ ਦੇਣ ਲਈ ਟੋਕਨ ਇਕੱਠਾ ਦਿੱਤਾ ਜਾਣਾ ਸੀ।

ਕੋਰੋਨਾ ਮਹਾਮਾਰੀ ਕਾਰਣ ਪਾਕਿਸਤਾਨੀ ਦੂਤਾਵਾਸ ਵਿੱਚ ਪਿਛਲੇ 7 ਮਹੀਨਿਆਂ ਤੋਂ ਵੀਜ਼ਾ ਐਪਲਾਈ ਕਰਨ ਦੀ ਪ੍ਰਕਿਰਿਆ ਬੰਦ ਪਈ ਸੀ। ਇਸੇ ਲਈ ਵੀਜ਼ਾ ਲੈਣ ਦੇ ਚੱਕਰ ਵਿੱਚ ਉੱਥੇ ਹਜ਼ਾਰਾਂ ਲੋਕ ਇਕੱਠੇ ਹੋ ਗਏ। ਲੋਕਾਂ ’ਚ ਛੇਤੀ ਟੋਕਨ ਲੈਣ ਦੀ ਕਾਹਲੀ ਵਿੱਚ ਮਾਰੋ–ਮਾਰ ਸ਼ੁਰੂ ਹੋ ਗਈ। ਕਈ ਲੋਕ ਕੰਧਾਂ ਟੱਪ ਕੇ ਸਟੇਡੀਅਮ ’ਚ ਆਉਂਦੇ ਵੇਖੇ ਗਏ।

ਭੀੜ ’ਚ ਮੌਜੂਦ ਬੱਚਿਆਂ ਤੇ ਔਰਤਾਂ ਦਾ ਬਹੁਤ ਬੁਰਾ ਹਾਲ ਹੋ ਗਿਆ। ਬਜ਼ੁਰਗ ਵੀ ਆਪਣਾ ਪਾਸਪੋਰਟ ਜਮ੍ਹਾ ਨਹੀਂ ਕਰਵਾ ਸਕੇ। ਸਿਰਫ਼ ਨੌਜਵਾਨਾਂ ਨੇ ਹੀ ਹੋਰਨਾਂ ਸਭਨਾਂ ਨੂੰ ਪਛਾੜ ਕੇ ਆਪਣੇ ਪਾਸਪੋਰਟ ਦਿੱਤੇ। ਕਈਆਂ ਨੇ ਦੂਰ ਤੋਂ ਹੀ ਆਪਣਾ ਪਾਸਪੋਰਟ ਅਧਿਕਾਰੀਆਂ ਵੱਲ ਵਗਾਹ ਕੇ ਮਾਰਿਆ। ਇੰਝ ਅਧਿਕਾਰੀਆਂ ਕੋਲ ਪਾਸਪੋਰਟਾਂ ਦਾ ਢੇਰ ਲੱਗ ਗਿਆ ਤੇ ਉਨ੍ਹਾਂ ਨੂੰ ਇਹ ਸਭ ਸੰਭਾਲਣ ਵਿੱਚ ਕਾਫ਼ੀ ਮੁਸ਼ੱਕਤ ਕਰਨੀ ਪਈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904