Xi Jinping Power: 2012 'ਚ ਚੀਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਚੀਨ ਦੀ ਸੱਤਾ 'ਤੇ ਸ਼ੀ ਜਿਨਪਿੰਗ ਦੀ ਪਕੜ ਮਜ਼ਬੂਤ ਹੁੰਦੀ ਜਾ ਰਹੀ ਹੈ। ਉਨ੍ਹਾਂ ਨੂੰ ਤੀਜੀ ਵਾਰ ਚੀਨ ਦੇ ਰਾਸ਼ਟਰਪਤੀ ਵਜੋਂ ਤਾਜ ਪਹਿਨਾਇਆ ਗਿਆ ਹੈ। ਜਿਨਪਿੰਗ ਦਾ ਨਾਂਅ ਪਾਰਟੀ ਸੰਵਿਧਾਨ 'ਚ ਸ਼ਾਮਲ ਕੀਤਾ ਗਿਆ ਹੈ, ਜਿਸ ਤੋਂ ਬਾਅਦ ਕੋਈ ਵੀ ਉਨ੍ਹਾਂ ਨੂੰ ਚੁਣੌਤੀ ਨਹੀਂ ਦੇ ਸਕੇਗਾ। ਆਬਜ਼ਰਵਰਾਂ ਦਾ ਕਹਿਣਾ ਹੈ ਕਿ ਜਿਨਪਿੰਗ ਮਾਓ ਵਾਂਗ ਸਾਰੀ ਉਮਰ ਸੱਤਾ 'ਚ ਰਹਿ ਸਕਦੇ ਹਨ।


ਸ਼ੀ ਦਾ ਜਨਮ 15 ਜੂਨ 1953 ਨੂੰ ਕ੍ਰਾਂਤੀਕਾਰੀ ਸ਼ੀ ਝੋਂਗਕਸਨ ਦੇ ਘਰ ਹੋਇਆ ਸੀ, ਜਿਨ੍ਹਾਂ ਨੇ ਪਾਰਟੀ ਦੇ ਪ੍ਰਚਾਰ ਮੁਖੀ ਵਜੋਂ ਸੇਵਾ ਕੀਤੀ ਸੀ। ਸ਼ੀ ਦਾ ਪਾਲਣ ਪੋਸ਼ਣ ਕਮਿਊਨਿਸਟ ਪਾਰਟੀ ਦੇ ਚੋਟੀ ਦੇ ਨੇਤਾਵਾਂ ਵਿਚਕਾਰ ਹੋਇਆ ਸੀ। ਸ਼ੀ ਦੀ ਜ਼ਿੰਦਗੀ 'ਚ ਇੱਕ ਨਵਾਂ ਮੋੜ 1960 'ਚ ਆਇਆ ਜਦੋਂ ਉਨ੍ਹਾਂ ਦੇ ਪਿਤਾ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਜਦੋਂ ਸ਼ੀ ਸਿਰਫ਼ 7 ਸਾਲ ਦੇ ਸਨ, ਉਨ੍ਹਾਂ ਦੇ ਪਿਤਾ ਨੂੰ ਹੇਨਾਨ ਸੂਬੇ 'ਚ ਇੱਕ ਫੈਕਟਰੀ 'ਚ ਕੰਮ ਕਰਨ ਲਈ ਭੇਜਿਆ ਗਿਆ। ਇਸ ਤੋਂ ਬਾਅਦ ਸਥਿਤੀ ਹੋਰ ਵਿਗੜ ਗਈ, ਜਦੋਂ ਉਸ ਦੇ ਪਿਤਾ ਨੂੰ ਇਨਕਲਾਬ ਦੇ ਦੁਸ਼ਮਣ ਵਜੋਂ ਜੇਲ੍ਹ ਭੇਜ ਦਿੱਤਾ ਗਿਆ।


ਮਾਓ ਨੇ ਅਗਲੇਰੀ ਪੜ੍ਹਾਈ ਲਈ ਭੇਜਿਆ ਸੀ ਪਿੰਡ


ਇਹ ਉਹ ਸਮਾਂ ਸੀ ਜਦੋਂ ਸ਼ੀ ਜਿਨਪਿੰਗ ਦੀ ਸੈਕੰਡਰੀ ਸਿੱਖਿਆ ਖ਼ਤਮ ਹੋਣ ਦਾ ਸਮਾਂ ਆ ਗਿਆ ਸੀ। ਭਵਿੱਖ ਦੇ ਨੇਤਾ ਨੂੰ ਮਾਓ ਦੀ ਯੋਜਨਾ ਦੇ ਤਹਿਤ ਅਗਲੇਰੀ ਪੜ੍ਹਾਈ ਲਈ ਇੱਕ ਪਿੰਡ ਭੇਜਿਆ ਗਿਆ ਸੀ। ਇੱਕ ਗੁਫਾ ਘਰ 'ਚ ਰਹਿਣ ਅਤੇ 7 ਸਾਲਾਂ ਤੱਕ ਇੱਕ ਕਿਸਾਨ ਵਜੋਂ ਕੰਮ ਕਰਨ ਤੋਂ ਬਾਅਦ ਸ਼ੀ ਨੇ ਪੇਂਡੂ ਗਰੀਬਾਂ ਵਿਚਕਾਰ ਭਰੋਸੇਯੋਗਤਾ ਪੈਦਾ ਕੀਤੀ। ਪੇਂਡੂ ਚੀਨ 'ਚ ਉਨ੍ਹਾਂ ਦੇ ਕਾਰਜਕਾਲ ਹੀ ਉਨ੍ਹਾਂ ਦੀ ਭਵਿੱਖੀ ਰਾਜਨੀਤੀ ਨੂੰ ਇੰਨਾ ਮਜ਼ਬੂਤ ਬਣਾਇਆ।


ਜਿਨਪਿੰਗ ਲਈ ਸੀਸੀਪੀ 'ਚ ਸ਼ਾਮਲ ਹੋਣਾ ਨਹੀਂ ਸੀ ਆਸਾਨ


ਜਿਨਪਿੰਗ ਲਈ ਕਮਿਊਨਿਸਟ ਪਾਰਟੀ 'ਚ ਸ਼ਾਮਲ ਹੋਣਾ ਆਸਾਨ ਨਹੀਂ ਸੀ। ਉਨ੍ਹਾਂ ਨੇ ਕਰੀਬ 10 ਵਾਰ ਪਾਰਟੀ 'ਚ ਸ਼ਾਮਲ ਹੋਣ ਲਈ ਅਰਜ਼ੀ ਦਿੱਤੀ ਸੀ। ਕਈ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ 'ਚ ਥਾਂ ਮਿਲੀ। 1970 ਦੇ ਦਹਾਕੇ ਦੇ ਅਖੀਰ 'ਚ ਸ਼ੀ ਨੇ ਬੀਜਿੰਗ ਦੀ ਸਿੰਹੁਆ ਯੂਨੀਵਰਸਿਟੀ ਵਿੱਚ ਰਸਾਇਣਕ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਫਿਰ 1998-2002 ਦਰਮਿਆਨ ਉਨ੍ਹਾਂ ਨੇ ਮਾਰਕਸਵਾਦੀ ਸਿਧਾਂਤ ਬਾਰੇ ਵੀ ਅਧਿਐਨ ਕੀਤਾ। ਉਨ੍ਹਾਂ ਨੇ ਸਿੰਹੁਆ ਤੋਂ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ।


ਸ਼ੀ ਜਿਨਪਿੰਗ ਦੀ ਸਿਆਸੀ ਯਾਤਰਾ


1979 'ਚ ਸ਼ੀ ਗੇਂਗ ਬਿਆਓ ਦੇ ਸਕੱਤਰ ਬਣੇ, ਜੋ ਕਿ ਕੇਂਦਰੀ ਮਿਲਟਰੀ ਕਮਿਸ਼ਨ ਦੇ ਉਸ ਸਮੇਂ ਦੇ ਚੇਅਰਮੈਨ ਸਨ। ਇਹ ਚੀਨ ਦੀਆਂ ਚੋਟੀ ਦੀਆਂ ਰੱਖਿਆ ਸੰਸਥਾਵਾਂ ਵਿੱਚੋਂ ਇੱਕ ਸੀ। ਉਨ੍ਹਾਂ ਦੀ ਅਸਲ ਸਫਲਤਾ 1983 'ਚ ਆਈ, ਜਦੋਂ ਉਹ ਜ਼ੇਂਗਡਿੰਗ ਕਾਉਂਟੀ ਦੇ ਪਾਰਟੀ ਸਕੱਤਰ ਬਣੇ। ਇਸ ਤੋਂ ਬਾਅਦ ਉਨ੍ਹਾਂ ਦਾ ਸਫਰ ਨਹੀਂ ਰੁਕਿਆ। ਅਗਲੇ 24 ਸਾਲਾਂ 'ਚ ਸ਼ੀ ਨੇ ਚਾਰ ਵੱਖ-ਵੱਖ ਸੂਬਿਆਂ ਹੇਬੇਈ, ਫੁਜਿਆਨ, ਝੇਜਿਆਂਗ ਅਤੇ ਸ਼ੰਘਾਈ ਵਿੱਚ ਸੇਵਾ ਕੀਤੀ। 1997 'ਚ ਉਹ ਚੀਨ ਦੀ ਕਮਿਊਨਿਸਟ ਪਾਰਟੀ ਦੀ 15ਵੀਂ ਕੇਂਦਰੀ ਕਮੇਟੀ ਦੇ 'ਵਿਕਲਪਕ ਮੈਂਬਰ' ਬਣੇ। ਫਿਰ ਉਹ 2002 'ਚ ਝੇਜਿਆਂਗ ਪ੍ਰਾਂਤ ਚਲੇ ਗਏ ਅਤੇ 16ਵੀਂ ਕੇਂਦਰੀ ਕਮੇਟੀ ਦੇ ਪੂਰਨ ਮੈਂਬਰ ਵਜੋਂ ਵੀ ਚੁਣੇ ਗਏ।


ਮਾਓ ਤੋਂ ਬਾਅਦ ਜਿਨਪਿੰਗ ਸਭ ਤੋਂ ਸ਼ਕਤੀਸ਼ਾਲੀ ਨੇਤਾ


ਨਵੰਬਰ 2012 'ਚ ਅਖੀਰ ਉਹ ਸਮਾਂ ਆਇਆ, ਜਦੋਂ ਸ਼ੀ ਨੇ ਪਾਰਟੀ ਦੇ ਜਨਰਲ ਸਕੱਤਰ ਵਜੋਂ ਹੂ ਜਿਨਤਾਓ ਦੀ ਥਾਂ ਲਈ ਅਤੇ ਚਾਰ ਮਹੀਨਿਆਂ ਬਾਅਦ ਮਾਰਚ 2013 'ਚ ਉਨ੍ਹਾਂ ਦੀ ਚੀਨ ਦੇ ਰਾਸ਼ਟਰਪਤੀ ਵਜੋਂ ਤਾਜਪੋਸ਼ੀ ਕੀਤਾ ਗਿਆ। ਸ਼ੀ ਨੂੰ ਮਾਓ ਜ਼ੇ-ਤੁੰਗ ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਚੀਨੀ ਸੁਪਰੀਮ ਲੀਡਰ ਕਿਹਾ ਜਾਂਦਾ ਹੈ। ਸੱਤਾ 'ਚ ਆਉਣ ਤੋਂ ਬਾਅਦ ਸ਼ੀ ਨੇ ਇੱਕ ਵਿਸ਼ਾਲ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਹੈ। ਇੰਟਰਨੈੱਟ ਦੀ ਆਜ਼ਾਦੀ ਨੂੰ ਸਖਤ ਕੀਤਾ, ਨਿਗਰਾਨੀ ਦਾ ਵਿਸਥਾਰ ਕੀਤਾ, ਫੌਜੀ ਖਰਚੇ ਵਧਾਏ ਅਤੇ ਵਧੇਰੇ ਜ਼ੋਰਦਾਰ ਵਿਦੇਸ਼ ਨੀਤੀ ਅਪਣਾਈ। ਹਾਲਾਂਕਿ ਕਈ ਦੇਸ਼ ਉਨ੍ਹਾਂ ਦੇ ਸ਼ਾਸਨ ਦੀ ਆਲੋਚਨਾ ਕਰਦੇ ਰਹੇ ਹਨ।