US Utah Firing: ਅਮਰੀਕਾ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਅਮਰੀਕਾ ਦੇ ਉਟਾਹ ਸੂਬੇ ਵਿੱਚ ਹੋਈ ਗੋਲੀਬਾਰੀ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਘਰ 'ਚ ਹੋਈ ਗੋਲੀਬਾਰੀ 'ਚ ਮਾਰੇ ਗਏ 8 ਲੋਕਾਂ 'ਚ ਪੰਜ ਬੱਚੇ ਵੀ ਸ਼ਾਮਲ ਹਨ। ਹਾਲਾਂਕਿ ਅਧਿਕਾਰੀਆਂ ਨੇ ਗੋਲੀਬਾਰੀ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਹੈ। ਗੋਲੀਬਾਰੀ ਇੱਕ ਕਸਬੇ ਵਿੱਚ ਹੋਈ ਜਿਸਦੀ ਆਬਾਦੀ ਲਗਭਗ 8,000 ਹੈ। ਅਜਿਹੇ 'ਚ ਇਸ ਘਟਨਾ ਤੋਂ ਬਾਅਦ ਪੂਰੇ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਹੈ।


ਨਿਊਯਾਰਕ ਟਾਈਮਜ਼ ਮੁਤਾਬਕ ਗੋਲੀ ਕਿਸ ਨੇ ਚਲਾਈ ਅਤੇ ਕਿਉਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਹਿਰ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਕਿਹਾ ਹੈ ਕਿ ਡਰਨ ਦੀ ਕੋਈ ਗੱਲ ਨਹੀਂ ਹੈ। ਜਲਦ ਹੀ ਦੋਸ਼ੀ ਫੜੇ ਜਾਣਗੇ।


ਨੇੜਲੇ ਸਥਾਨ 'ਤੇ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਦ ਨਿਊਯਾਰਕ ਟਾਈਮਜ਼ ਨੂੰ ਘਟਨਾ ਬਾਰੇ ਦੱਸਿਆ ਕਿ ਉਹ ਪੀੜਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿਉਂਕਿ ਉਹ ਉਸੇ ਚਰਚ ਵਿੱਚ ਜਾਂਦੇ ਸਨ ਜਿਸ ਵਿੱਚ ਉਹ ਗਿਆ ਸੀ। ਉਸਨੇ ਕਿਹਾ, “ਅਸੀਂ ਸਾਰੇ ਹੈਰਾਨ ਹਾਂ। ਇੱਥੇ ਰਹਿਣ ਵਾਲੇ ਲੋਕ ਆਪਣੇ ਗੁਆਂਢੀਆਂ ਨੂੰ ਬਹੁਤ ਪਿਆਰ ਕਰਦੇ ਹਨ।"


ਤਿੰਨ ਦਿਨਾਂ ਦੇ ਅੰਦਰ ਗੋਲੀਬਾਰੀ ਵਿੱਚ 130 ਤੋਂ ਵੱਧ ਲੋਕ ਮਾਰੇ ਗਏ ਸਨ


ਅਮਰੀਕਾ ਵਿੱਚ ਨਵੇਂ ਸਾਲ (2023) ਦੇ ਪਹਿਲੇ ਤਿੰਨ ਦਿਨਾਂ ਵਿੱਚ ਹੀ ਗੋਲੀਬਾਰੀ ਵਿੱਚ 130 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 300 ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਗੈਰ ਸਰਕਾਰੀ ਸੰਗਠਨ 'ਗਨ ਵਾਇਲੈਂਸ ਆਰਕਾਈਵ' ਦੁਆਰਾ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ 'ਚ ਇਹ ਖੁਲਾਸਾ ਹੋਇਆ ਹੈ। ਅੰਕੜਿਆਂ ਮੁਤਾਬਕ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਮਰੀਕਾ 'ਚ 131 ਲੋਕ ਗਲਤੀ ਨਾਲ ਜਾਂ ਜਾਣਬੁੱਝ ਕੇ ਮਾਰੇ ਗਏ ਹਨ ਅਤੇ 313 ਜ਼ਖਮੀ ਹੋਏ ਹਨ।


ਕ੍ਰਿਸਮਸ ਤੋਂ ਪਹਿਲਾਂ ਗੋਲੀਬਾਰੀ


ਕ੍ਰਿਸਮਸ ਤੋਂ ਪਹਿਲਾਂ ਵੀ ਅਮਰੀਕਾ ਦੇ ਮਾਲ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਬਲੂਮਿੰਗਟਨ ਦੇ ਮੇਅਰ ਮੁਤਾਬਕ ਗੋਲੀਬਾਰੀ ਨੌਰਡਸਟ੍ਰੋਮ ਡਿਪਾਰਟਮੈਂਟ ਸਟੋਰ ਦੇ ਅੰਦਰ ਹੋਈ। ਗੋਲੀਬਾਰੀ ਤੋਂ ਬਾਅਦ ਕਰੀਬ 45 ਮਿੰਟ ਤੱਕ ਮਾਲ ਨੂੰ ਤਾਲਾ ਲੱਗਿਆ ਰਿਹਾ, ਜਿਸ ਤੋਂ ਬਾਅਦ ਦੁਕਾਨਦਾਰਾਂ ਨੂੰ ਘਰ ਜਾਣ ਲਈ ਕਿਹਾ ਗਿਆ। ਮਾਲ ਆਫ ਅਮਰੀਕਾ ਨੇ ਇਸ ਘਟਨਾ ਦੀ ਵੀਡੀਓ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ।