Montreal Summit Marred: ਇੱਕ ਕਾਨਫਰੰਸ 'ਚ ਸ਼ਾਮਲ ਹੋਣ ਕੈਨੇਡਾ ਆਏ 250 ਤੋਂ ਵੱਧ ਮਹਿਮਾਨ ਵਾਪਸ ਨਹੀਂ ਗਏ ਅਤੇ ਪਨਾਹ ਦਾ ਦਾਅਵਾ ਦਾਇਰ ਕਰ ਦਿੱਤਾ। ਇੱਕ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਵਿਭਾਗ ਵੱਲੋਂ ਮੌਂਟਰੀਅਲ ਵਿਖੇ ਪਿਛਲੇ ਸਾਲ ਹੋਈ ਏਡਜ਼ ਕਾਨਫਰੰਸ ਵਾਸਤੇ 1,538 ਵੀਜ਼ੇ ਦਿੱਤੇ ਗਏ ਸਨ ਅਤੇ ਇਨ੍ਹਾਂ ਵਿਚੋਂ 15 ਫੀਸਦੀ ਡੈਲੀਗੇਟਾਂ ਨੇ ਇੱਥੇ ਹੀ ਡੇਰੇ ਲਾ ਲਏ। ਟੋਰਾਂਟੋ ਦੇ ਇੰਮੀਗ੍ਰੇਸ਼ਨ ਵਕੀਲ ਰੋਬਰਟ ਬਲੈਨਸ਼ੇਅ ਨੇ ਕਿਹਾ ਕਿ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਅਕਸਰ ਹੀ ਅਜਿਹਾ ਹੁੰਦਾ ਹੈ ਜਦੋਂ ਕੁਝ ਖਾਸ ਮੁਲਕਾਂ ਤੋਂ ਵਿਜ਼ਟਰ ਵੀਜ਼ਾ 'ਤੇ ਕੈਨੇਡਾ ਆਉਣ ਵਾਲੇ ਲੋਕ ਵਾਪਸੀ ਦਾ ਇਰਾਦਾ ਛੱਡ ਦਿੰਦੇ ਹਨ। ਜੇ ਉਨ੍ਹਾਂ ਕੋਲ ਕੈਨੇਡਾ ਵਿੱਚ ਵਸਣ ਦਾ ਕੋਈ ਹੋਰ ਰਾਹ ਮੌਜੂਦ ਨਹੀਂ ਤਾਂ ਪਨਾਹ ਦਾ ਦਾਅਵਾ ਹੀ ਬਾਕੀ ਰਹਿ ਜਾਂਦਾ ਹੈ ਪਰ ਕੈਨੇਡਾ ਵੱਲੋਂ ਅਸਾਇਲਮ ਦੇ ਮਾਮਲੇ ਵਿੱਚ ਪਹਿਲਾਂ ਹੀ ਨਿਯਮ ਸਖਤ ਕੀਤੇ ਜਾ ਚੁੱਕੇ ਹਨ।
ਇਥੇ ਦੱਸਣਾ ਬਣਦਾ ਹੈ ਕਿ ਨੇਪਾਲ, ਪਾਕਿਸਤਾਨ, ਕਾਂਗ, ਕੈਮਰੂਨ, ਇਥੀਓਪੀਆ ਅਤੇ ਘਾਨਾ ਦੇ ਨਾਗਰਿਕਾਂ ਵੱਲੋਂ ਕਾਨਫਰੰਸਾਂ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਦਾ ਵੀਜ਼ਾ ਮੰਗੇ ਜਾਣ 'ਤੇ ਜ਼ਿਆਦਾਤਰ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ। ਨੇਪਾਲ ਦੇ ਮਾਮਲੇ ਵਿਚ 55 ਵੀਂ ਸਦੀ ਤੋਂ ਵੱਧ ਅਤੇ ਪਾਕਿਸਤਾਨ ਦੇ ਮਾਮਲੇ ਵਿਚ 53 ਫ਼ੀ ਸਦੀ ਤੋਂ ਵੱਧ ਵੀਜ਼ਾ ਅਰਜ਼ੀਆਂ ਰੋਦ ਹੁੰਦੀਆਂ ਹਨ। ਪਿਛਲੇ ਸਾਲ ਮੌਂਟਰੀਅਲ ਵਿਖੇ ਹੋਏ ਏਡਜ਼ ਕਾਨਫਰੰਸ ਵੀ ਵੀਜ਼ਿਆਂ ਕਾਰਨ ਵਿਵਾਦਾਂ ਵਿਚ ਰਹੀ। ਕਾਨਫ਼ਰੰਸ ਤੋਂ ਛੇ ਹਫਤੇ ਪਹਿਲਾਂ ਪ੍ਰਬੰਧਕਾਂ ਵੱਲੋਂ 6 ਹਜ਼ਾਰ ਤੋਂ ਵੱਧ ਡੈਲੀਗੇਟਸ ਦੀ ਸੂਚੀ ਇਮੀਗ੍ਰੇਸ਼ਨ ਵਿਭਾਗ ਨੂੰ ਸੌਂਪੀ ਗਈ ਪਰ ਵੀਜ਼ਾ ਅਰਜ਼ੀਆਂ ਦੀ ਸ਼ਨਾਖਤ ਵਾਸਤੇ ਸਬੰਧਤ ਜਾਣਕਾਰੀ ਨਾਂ ਦਿੱਤੀ ਗਈ।
ਇਸ ਮਗਰੋਂ ਤਰਜੀਹੀ ਡੈਲੀਗੇਟਸ ਦੀ ਸੂਚੀ ਮੰਗੀ ਗਈ ਤਾਂ ਪ੍ਰਬੰਧਕਾਂ ਨੇ 4,200 ਨਾਂਵਾਂ ਵਾਲੀ ਸੂਚੀ ਦੇ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਵੱਡੇ ਪੱਧਰ 'ਤੇ ਵੀਜ਼ਾ ਅਰਜ਼ੀਆਂ ਰੱਦ ਹੋ ਗਈਆਂ ਅਤੇ ਕਾਨਫਰੰਸ ਦੇ ਪ੍ਰਬੰਧਕਾਂ ਨੇ ਕੈਨੇਡਾ ਸਰਕਾਰ 'ਤੇ ਨਸਲੀ ਵਿਤਕਰੇ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਇਹ ਵਿਵਾਦ ਪਿਛਲੇ ਕੁਝ ਵਰ੍ਹਿਆਂ ਦੌਰਾਨ ਕੈਨੇਡਾ ਵਿੱਚ ਹੋਈਆਂ ਹੋਰਨਾਂ ਕਾਨਫਰੰਸਾਂ ਵੇਲੇ ਵੀ ਉਭਰਿਆ। ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਸਾਲ ਹੋਈ ਏਡਜ਼ ਕਾਨਫਰੰਸ ਵਾਸਤੇ ਆਈਆਂ ਇਕ ਹਜ਼ਾਰ ਤੋਂ ਵੱਧ ਵੀਜ਼ਾ ਅਰਜ਼ੀਆਂ ਰੱਦ ਹੋਈਆਂ ਜਦਕਿ 10 ਫ਼ੀ ਸਦੀ ਅਰਜ਼ੀਆਂ ਦੀ ਪ੍ਰੋਸੈਸਿੰਗ ਹੀ ਨਾਂ ਕੀਤੀ ਗਈ। ਆਮ ਤੌਰ 'ਤੇ ਵੀਜ਼ਾ ਅਰਜ਼ੀ ਉਸ ਵੇਲੇ ਰੱਦ ਹੁੰਦੀ ਹੈ ਜਦੋਂ ਬਿਨੈਕਾਰ ਇਹ ਸਾਬਤ ਕਰਨ ਵਿੱਚ ਅਸਫਲ ਰਹੇ ਕਿ ਉਹ ਆਪਣੇ ਮੁਲਕ ਵਿੱਚ ਚੰਗੀ ਨੌਕਰੀ ਜਾਂ ਕਾਰੋਬਾਰ ਕਰ ਰਿਹਾ ਹੈ।