Australia Temple: ਆਸਟਰੇਲੀਆ ਦੀ ਕੁਈਨਜ਼ਲੈਂਡ ਸਟੇਟ ਪੁਲਿਸ ਨੇ ਬ੍ਰਿਸਬੇਨ ਦੇ ਇੱਕ ਮੰਦਰ ਦੀ ਕੰਧ ਦੀ ਦਿੱਖ ਵਿਗਾੜੇ ਜਾਣ ਦੇ ਮਾਮਲੇ ਦੀ ਕੀਤੀ ਗਈ ਜਾਂਚ ਦੀ ਰਿਪੋਰਟ ਰਿਲੀਜ਼ ਕੀਤੀ ਹੈ। ਇਸ ਵਿੱਚ ਮੰਦਰ ਦੇ ਪ੍ਰਬੰਧਕਾਂ ਦੀ ਭੂਮਿਕਾ ’ਤੇ ਸੁਆਲ ਉਠਾਏ ਗਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਮੰਦਰ ਦੇ ਪ੍ਰਬੰਧਕਾਂ ਨੇ ਹੀ ਇਸ ਦੀ ਸ਼ਿਕਾਇਤ ਕੀਤੀ ਸੀ ਤੇ ਹੁਣ ਮੰਦਰ ਦੇ ਪ੍ਰਬੰਧਕ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ, ਜਿਸ ਕਾਰਨ ਉਨ੍ਹਾਂ ਨੂੰ ਜਾਂਚ ਦੀ ਕਾਰਵਾਈ ਬੰਦ ਕਰਨੀ ਪਈ। 



ਹਾਸਲ ਵੇਰਵਿਆਂ ਅਨੁਸਾਰ ਕੁਈਨਜ਼ਲੈਂਡ ਪੁਲਿਸ ਨੇ ਬ੍ਰਿਸਬੇਨ ਮੰਦਰ ਦੀ ਬਾਹਰੀ ਕੰਧ ਦੀ ਦਿੱਖ ਵਿਗਾੜਨ ਸਬੰਧੀ ਕੀਤੀ ਗਈ ਜਾਂਚ ਦੇ ਦਸਤਾਵੇਜ਼ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾਵਾਂ ਤੋਂ ਕੋਈ ਹੋਰ ਜਾਣਕਾਰੀ ਨਾ ਮਿਲਣ ਤੋਂ ਬਾਅਦ ਉਹ ਇਸ ਮਾਮਲੇ ਨੂੰ ਬੰਦ ਕਰਨ ਲਈ ਤਿਆਰ ਹਨ।ਦੱਸ ਦਈਏ ਕਿ 3 ਮਾਰਚ ਦੀ ਰਾਤ ਨੂੰ ਮੰਦਰ ਦੀ ਕੰਧ ’ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਰਾਜ਼ਯੋਗ ਗ੍ਰੈਫਿਟੀ ਬਣਾਈ ਗਈ ਸੀ। 


ਇਸ ਮਗਰੋਂ ਇਹ ਦੋਸ਼ ਖਾਲਿਸਤਾਨ ਪੱਖੀ ਕਾਰਕੁਨਾਂ ’ਤੇ ਲਾਇਆ ਗਿਆ ਸੀ ਪਰ ਪੁਲਿਸ ਨੂੰ ਜਾਂਚ ਵਿੱਚ ਅਜਿਹਾ ਕੁਝ ਨਹੀਂ ਮਿਲਿਆ। ਪੁਲਿਸ ਅਨੁਸਾਰ ਘਟਨਾ ਵੇਲੇ ਮੰਦਰ ਦੇ ਮੁੱਖ ਸੀਸੀਟੀਵੀ ਕੈਮਰੇ ਬੰਦ ਕਰ ਦਿੱਤੇ ਗਏ ਸਨ। ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਇਹ ਕੈਮਰੇ ਘਟਨਾ ਤੋਂ ਕੁਝ ਸਮਾਂ ਪਹਿਲਾਂ ਜਾਣਬੁੱਝ ਕੇ ਬੰਦ ਕੀਤੇ ਗਏ ਸਨ। ਜਾਂਚ ਦੌਰਾਨ ਮੰਦਰ ਨਾਲ ਜੁੜੇ ਇੱਕ ਅਜਿਹੇ ਸ਼ੱਕੀ ਵਿਅਕਤੀ ਦਾ ਵੀ ਪਤਾ ਲੱਗਾ ਜੋ ਘਟਨਾ ਤੋਂ ਬਾਅਦ 4 ਮਾਰਚ ਨੂੰ ਸਿੱਖਾਂ ਦੀ ਰੈਲੀ ਵਿੱਚ ਸ਼ਾਮਲ ਹੋ ਗਿਆ ਸੀ।


ਆਸਟਰੇਲੀਆ ਦੀ ਪੁਲਿਸ ਨੇ ਸਿੱਖ ਕਾਰਕੁਨ ਤੇ ਲੇਖਕ ਭਬੀਸ਼ਨ ਸਿੰਘ ਗੁਰਾਇਆ ਵੱਲੋਂ ਮੰਗੀ ਗਈ ਸੂਚਨਾ ਦੇ ਆਧਾਰ ’ਤੇ ਜਾਂਚ ਦਸਤਾਵੇਜ਼ ਜਾਰੀ ਕੀਤੇ ਹਨ। ਗੁਰਾਇਆ ਨੇ ਦੋਸ਼ ਲਾਇਆ ਸੀ ਕਿ ਸਿੱਖਾਂ ’ਤੇ ਬਿਨਾਂ ਕਿਸੇ ਜਾਂਚ ਤੋਂ ਹੀ ਭੰਨਤੋੜ ਦੇ ਦੋਸ਼ ਲਾਏ ਗਏ ਤੇ ਸਿੱਖ ਭਾਈਚਾਰੇ ਨੂੰ ਬਦਨਾਮ ਕੀਤਾ ਗਿਆ ਹੈ। ਇਸ ਨਾਲ ਸਿੱਖ ਭਾਈਚਾਰੇ ਦੀ ਸਾਖ਼ ਨੂੰ ਕੌਮਾਂਤਰੀ ਪੱਧਰ ’ਤੇ ਢਾਹ ਲੱਗੀ ਹੈ। 


ਇਹ ਵੀ ਦੱਸਣਯੋਗ ਹੈ ਕਿ ਆਸਟਰੇਲੀਅਨ ਸੌਲੀਸਿਟਰ ਦੇ ਦਫ਼ਤਰ ਦੀ ਰਿਪੋਰਟ ਵਿੱਚ ‘ਸਿੱਖਸ ਫਾਰ ਜਸਟਿਸ’ ਬਾਰੇ ਸੀਨੀਅਰ ਜਾਸੂਸ ਨਿਕੋਲ ਡੋਇਲ ਵੱਲੋਂ ਸੁਰੱਖਿਆ ਖੁਫੀਆ ਅਧਿਕਾਰੀਆਂ ਨੂੰ ਦਿੱਤੇ ਗਏ ਇੱਕ ਹਵਾਲੇ ਦਾ ਵੀ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਵਿੱਚ ਇੱਕ ਔਰਤ ਦਾ ਵੀ ਜ਼ਿਕਰ ਹੈ।



ਪੁਲਿਸ ਦੀ ਜਾਂਚ ਰਿਪੋਰਟ ਅਨੁਸਾਰ ਘਟਨਾ ਤੋਂ ਪਹਿਲਾਂ ਮੰਦਰ ਦੇ ਸਾਰੇ ਕੈਮਰੇ 3 ਮਾਰਚ ਨੂੰ ਸ਼ਾਮ 6.30 ਵਜੇ ਦੇ ਕਰੀਬ ਆਫਲਾਈਨ ਹੋ ਗਏ ਸਨ। ਅਜਿਹਾ ਤਕਨੀਕੀ ਨੁਕਸ ਕਾਰਨ ਹੋ ਸਕਦਾ ਹੈ ਜਾਂ ਘਟਨਾ ਨੂੰ ਅੰਜਾਮ ਦੇਣ ਲਈ ਅਜਿਹਾ ਕੀਤਾ ਗਿਆ ਹੋਵੇਗਾ। ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਿਸੇ ‘ਖਾਸ ਮਕਸਦ’ ਲਈ ਕੈਮਰੇ ਬੰਦ ਕੀਤੇ ਗਏ ਸਨ। ਮੰਦਰ ਪ੍ਰਬੰਧਕਾਂ ਅਨੁਸਾਰ ਜਦੋਂ ਇੱਕ ਸ਼ਰਧਾਲੂ 4 ਮਾਰਚ ਸਵੇਰੇ 8 ਵਜੇ ਮੱਥਾ ਟੇਕਣ ਆਇਆ ਤਾਂ ਉਸ ਨੇ ਘਟਨਾ ਬਾਰੇ ਜਾਣਕਾਰੀ ਦਿੱਤੀ। 


ਪੁਲਿਸ ਦੀ ਜਾਂਚ ਅਨੁਸਾਰ ਘਟਨਾ ਦੀ ਵੀਡੀਓ ਰਾਤ ਕਰੀਬ 10 ਵਜੇ ਸੋਸ਼ਲ ਮੀਡੀਆ ’ਤੇ ਪਾਈ ਗਈ। ਪੁਲਿਸ ਅਨੁਸਾਰ ਘਟਨਾ 3 ਮਾਰਚ ਨੂੰ ਰਾਤ ਕਰੀਬ 10 ਵਜੇ ਤੋਂ ਪਹਿਲਾਂ ਵਾਪਰੀ। ਅਗਲੇ ਦਿਨ ਸਵੇਰੇ ‘ਖਾਲਿਸਤਾਨ’ ਪੱਖੀ ਰੈਲੀ ਸੀ, ਜਿਸ ਵਿੱਚ ਰੁਕਾਵਟ ਪਾਉਣ ਤੇ ਹਿੰਦੂ-ਸਿੱਖ ਭਾਈਚਾਰੇ ਨੂੰ ਭੜਕਾਉਣ ਲਈ ਇਹ ਘਟਨਾ ਇੱਕ ਸਾਜ਼ਿਸ਼ ਵਜੋਂ ਪ੍ਰਤੀਤ ਹੁੰਦੀ ਹੈ।