Bangladesh Army Rule: ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਸਤੀਫਾ ਦੇਣ ਮਗਰੋਂ ਦੇਸ਼ ਛੱਡ ਦਿੱਤਾ। ਕਿਆਸ ਲਾਏ ਜਾ ਰਹੇ ਹਨ ਕਿ ਸ਼ੇਖ ਹਸੀਨਾ ਭਾਰਤ ਆ ਸਕਦੀ ਹੈ। ਹਾਲਾਂਕਿ ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਭਾਰਤ ਦੇ ਰਸਤੇ ਲੰਡਨ ਜਾ ਸਕਦੀ ਹੈ। ਦੱਸ ਦੇਈਏ ਕਿ ਹੁਣ ਬੰਗਲਾਦੇਸ਼ ਦੀ ਕਮਾਨ ਫੌਜ ਦੇ ਹੱਥਾਂ ਵਿੱਚ ਹੈ। ਅਜਿਹੇ 'ਚ ਲੋਕ ਸੋਸ਼ਲ ਮੀਡੀਆ 'ਤੇ ਸਵਾਲ ਉਠਾ ਰਹੇ ਹਨ ਕਿ ਪ੍ਰਧਾਨ ਮੰਤਰੀ ਦੀ ਜਗ੍ਹਾ ਕਿਹੜਾ ਫੌਜੀ ਅਧਿਕਾਰੀ ਦੇਸ਼ ਦੇ ਅਹਿਮ ਫੈਸਲੇ ਲਵੇਗਾ।



ਹੁਣ ਕੌਣ ਲਏਗਾ ਫੈਸਲੇ
ਬੰਗਲਾਦੇਸ਼ 'ਚ ਇਹ ਪਹਿਲੀ ਵਾਰ ਨਹੀਂ ਜਦੋਂ ਦੇਸ਼ ਦੀ ਕਮਾਨ ਫੌਜ ਦੇ ਹੱਥਾਂ 'ਚ ਆਈ ਹੋਵੇ। ਅਜਿਹਾ ਪਹਿਲਾਂ ਵੀ ਹੋ ਚੁੱਕਾ ਹੈ। ਦੱਸ ਦਈਏ ਕਿ ਜਦੋਂ ਦੇਸ਼ 'ਚ ਫੌਜੀ ਰਾਜ ਹੁੰਦਾ ਹੈ ਤਾਂ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਲੈ ਕੇ ਸਾਰੇ ਫੈਸਲੇ ਫੌਜ ਮੁਖੀ ਹੀ ਲੈਂਦੇ ਹਨ। ਇਸ ਸਮੇਂ ਬੰਗਲਾਦੇਸ਼ ਦੇ ਥਲ ਸੈਨਾ ਮੁਖੀ ਵਕਾਰੂਜ਼ਮਾਨ ਹਨ। ਇਸ ਦਾ ਮਤਲਬ ਹੈ ਕਿ ਜਦੋਂ ਤੱਕ ਬੰਗਲਾਦੇਸ਼ 'ਤੇ ਫੌਜ ਦਾ ਰਾਜ ਹੈ, ਦੇਸ਼ ਦੇ ਸਾਰੇ ਮਹੱਤਵਪੂਰਨ ਫੈਸਲੇ ਫੌਜ ਮੁਖੀ ਵਕਾਰੂਜ਼ਮਾਨ ਹੀ ਲੈਣਗੇ।


ਇਸ ਤੋਂ ਪਹਿਲਾਂ ਵੀ ਫ਼ੌਜ ਨੇ ਸੱਤਾ ਦਾ ਤਖ਼ਤਾ ਪਲਟਿਆ
ਬੰਗਲਾਦੇਸ਼ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਨਹੀਂ ਕਿ ਫੌਜ ਤੇ ਸਰਕਾਰ ਵਿਚਾਲੇ ਇਸ ਤਰ੍ਹਾਂ ਦੀ ਖੇਡ ਹੋਈ ਹੋਵੇ। ਇਸ ਤੋਂ ਪਹਿਲਾਂ 1975 'ਚ ਵੀ ਫੌਜ ਨੇ ਉੱਥੇ ਦੀ ਸੱਤਾ 'ਤੇ ਕਬਜ਼ਾ ਕੀਤਾ ਸੀ। ਅਜਿਹਾ ਪਹਿਲੀ ਵਾਰ 1975 ਵਿੱਚ ਹੋਇਆ ਸੀ। ਉਸ ਸਮੇਂ ਦੇਸ਼ ਵਿੱਚ ਸ਼ੇਖ ਮੁਜੀਬੁਰ ਰਹਿਮਾਨ ਦੀ ਸਰਕਾਰ ਸੀ। ਦੱਸ ਦੇਈਏ ਕਿ ਸ਼ੇਖ ਮੁਜੀਬੁਰ ਰਹਿਮਾਨ ਸ਼ੇਖ ਹਸੀਨਾ ਦੇ ਪਿਤਾ ਸਨ। ਉਸ ਸਮੇਂ ਦੌਰਾਨ ਜਦੋਂ ਫੌਜ ਨੇ ਦੇਸ਼ ਦੀ ਸੱਤਾ 'ਤੇ ਕਬਜ਼ਾ ਕੀਤਾ ਤਾਂ ਲਗਪਗ 15 ਸਾਲ ਬੰਗਲਾਦੇਸ਼ 'ਤੇ ਰਾਜ ਕੀਤਾ।


ਫੌਜ ਨੇ ਕਿਉਂ ਕੀਤਾ ਕਬਜ਼ਾ 
ਦੱਸਿਆ ਜਾ ਰਿਹਾ ਹੈ ਕਿ ਬੰਗਲਾਦੇਸ਼ 'ਚ ਸੁਪਰੀਮ ਕੋਰਟ ਨੇ ਰਿਜ਼ਰਵੇਸ਼ਨ ਨੂੰ ਖਤਮ ਕਰ ਦਿੱਤਾ, ਜਿਸ ਤੋਂ ਬਾਅਦ ਉੱਥੋਂ ਦੇ ਲੋਕ ਸੜਕਾਂ 'ਤੇ ਆ ਗਏ। ਰਾਖਵਾਂਕਰਨ ਵਾਪਸ ਲਿਆਉਣ ਲਈ ਸਰਕਾਰ 'ਤੇ ਦਬਾਅ ਪਾਇਆ ਗਿਆ ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ। ਇਸ ਤੋਂ ਬਾਅਦ ਬੰਗਲਾਦੇਸ਼ ਵਿੱਚ ਚੋਣਾਂ ਹੋਈਆਂ ਤੇ ਵਿਰੋਧੀ ਪਾਰਟੀਆਂ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ। ਉਦੋਂ ਤੋਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਬੰਗਲਾਦੇਸ਼ ਵਿੱਚ ਫੌਜ ਸੱਤਾ ਆਪਣੇ ਹੱਥਾਂ ਵਿੱਚ ਲੈ ਸਕਦੀ ਹੈ।